
ਫਾਜ਼ਿਲਕਾ, 01 ਮਾਰਚ (ਹਿੰ.ਸ.)। ਜ਼ਿਲ੍ਹਾ ਫਾਜ਼ਿਲਕਾ ਵਿੱਚ ਰਾਸ਼ਟਰੀ ਖਾਧ ਤੇਲ ਬੀਜ ਮਿਸ਼ਨ ਅਧੀਨ ਸਰੋਂ ਦੀ ਕਾਸ਼ਤ ਸਬੰਧੀ ਵਿਸਥਾਰਪੂਰਵਕ ਖੇਤ ਦਿਵਸ ਮਨਾਇਆ ਗਿਆ, ਜਿਸ ਵਿੱਚ ਇਲਾਕੇ ਦੇ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਭਾਗ ਲਿਆ। ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਪ੍ਰੀਤਪਾਲ ਕੌਰ ਅਤੇ ਬਲਾਕ ਖੇਤੀਬਾੜੀ ਅਫ਼ਸਰ ਡਾ. ਬਲਦੇਵ ਸਿੰਘ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ। ਉਨ੍ਹਾਂ ਨੇ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਤੇਲਬੀਜ ਫ਼ਸਲਾਂ ਜਿਵੇਂ ਸਰੋਂ ਦੇਸ਼ ਦੀ ਖਾਧ ਤੇਲ ਦੀ ਲੋੜ ਪੂਰੀ ਕਰਨ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਦੇਸ਼ ਵਿੱਚ ਖਾਧ ਤੇਲ ਦੀ ਮੰਗ ਲਗਾਤਾਰ ਵੱਧ ਰਹੀ ਹੈ, ਇਸ ਲਈ ਤੇਲਬੀਜ ਫਸਲਾਂ ਦੀ ਕਾਸ਼ਤ ਵਧਾ ਕੇ ਅਸੀਂ ਵਿਦੇਸ਼ੀ ਆਯਾਤ ‘ਤੇ ਨਿਰਭਰਤਾ ਘਟਾ ਸਕਦੇ ਹਾਂ ਅਤੇ ਦੇਸ਼ ਨੂੰ ਆਤਮਨਿਰਭਰ ਬਣਾਉਣ ਵੱਲ ਕਦਮ ਵਧਾ ਸਕਦੇ ਹਾਂ।
ਉਨ੍ਹਾਂ ਨੇ ਦੱਸਿਆ ਕਿ ਸਰੋਂ ਇੱਕ ਲਾਭਦਾਇਕ ਨਕਦੀ ਫਸਲ ਹੈ ਜੋ ਘੱਟ ਪਾਣੀ ਵਿੱਚ ਵੀ ਸਫਲਤਾਪੂਰਵਕ ਉਗਾਈ ਜਾ ਸਕਦੀ ਹੈ ਅਤੇ ਇਸ ਫਸਲ ਨਾਲ ਫਸਲੀ ਵਿਭਿੰਨਤਾ ਨੂੰ ਵੀ ਪ੍ਰੋਤਸਾਹਨ ਮਿਲਦਾ ਹੈ। ਸਰੋਂ ਦੀ ਕਾਸ਼ਤ ਨਾਲ ਮਿੱਟੀ ਦੀ ਸਿਹਤ ਵਿੱਚ ਸੁਧਾਰ ਹੁੰਦਾ ਹੈ ਅਤੇ ਕੀੜੇ-ਰੋਗਾਂ ਦਾ ਦਬਾਅ ਵੀ ਘਟਦਾ ਹੈ। ਇਸ ਨਾਲ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੁੰਦਾ ਹੈ ਅਤੇ ਖੇਤੀ ਖਰਚ ਵਿੱਚ ਸੰਤੁਲਨ ਬਣਿਆ ਰਹਿੰਦਾ ਹੈ।
ਕਿਸਾਨਾਂ ਨੂੰ ਜ਼ਿਲ੍ਹਾ ਫਾਜ਼ਿਲਕਾ ਦੇ ਮੌਸਮ ਅਤੇ ਮਿੱਟੀ ਦੇ ਹਾਲਾਤਾਂ ਅਨੁਸਾਰ ਉਚਿਤ ਸਰੋਂ ਦੀਆਂ ਕਿਸਮਾਂ ਜਿਵੇਂ ਗਿਰੀਰਾਜ, ਆਰਐਲਸੀ-3 ਅਤੇ ਪੀਬੀਆਰ-97 ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਬੀਜਾਈ ਦਾ ਠੀਕ ਸਮਾਂ, ਪ੍ਰਤੀ ਏਕੜ ਬੀਜ ਦੀ ਸਿਫਾਰਸ਼ੀ ਮਾਤਰਾ, ਖਾਦਾਂ ਦੀ ਸੰਤੁਲਿਤ ਵਰਤੋਂ ਅਤੇ ਕੀੜੇ-ਰੋਗਾਂ ਤੋਂ ਬਚਾਅ ਲਈ ਅਪਣਾਏ ਜਾਣ ਵਾਲੇ ਸੌਖੇ ਅਤੇ ਵਿਗਿਆਨਕ ਤਰੀਕਿਆਂ ਬਾਰੇ ਵੀ ਸਮਝਾਇਆ ਗਿਆ। ਖੇਤ ਵਿੱਚ ਤਿਆਰ ਕੀਤੇ ਗਏ ਪ੍ਰਦਰਸ਼ਨੀ ਪਲਾਟ ਦਾ ਦੌਰਾ ਕਰਵਾ ਕੇ ਕਿਸਾਨਾਂ ਨੂੰ ਫਸਲ ਦੀ ਵਾਧੀ ਅਵਸਥਾ ਅਤੇ ਸੰਭਾਲ ਬਾਰੇ ਮੌਕੇ ‘ਤੇ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਕਿਸਾਨਾਂ ਨੂੰ ਉੱਚ ਗੁਣਵੱਤਾ ਵਾਲੀਆਂ ਸਰੋਂ ਦੇ ਬੀਜਾਂ ਦੀਆਂ ਕਿਟਾਂ ਮੁਫ਼ਤ ਵੰਡੀਆਂ ਗਈਆਂ। ਅਧਿਕਾਰੀਆਂ ਨੇ ਦੱਸਿਆ ਕਿ ਪ੍ਰਮਾਣਿਤ ਅਤੇ ਸੁਧਰੇ ਬੀਜਾਂ ਦੀ ਵਰਤੋਂ ਨਾਲ ਫਸਲ ਸਿਹਤਮੰਦ ਬਣਦੀ ਹੈ ਅਤੇ ਉਪਜ ਵਿੱਚ ਵਾਧਾ ਹੁੰਦਾ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਰਾਸ਼ਟਰੀ ਖਾਧ ਤੇਲ ਬੀਜ ਮਿਸ਼ਨ ਦੀਆਂ ਯੋਜਨਾਵਾਂ ਦਾ ਪੂਰਾ ਲਾਭ ਲੈਣ, ਸਰੋਂ ਅਤੇ ਹੋਰ ਤੇਲਬੀਜ ਫਸਲਾਂ ਦੀ ਕਾਸ਼ਤ ਵਧਾਉਣ ਅਤੇ ਆਪਣੀ ਆਮਦਨ ਵਿੱਚ ਵਾਧਾ ਕਰਨ ਦੇ ਨਾਲ ਨਾਲ ਦੇਸ਼ ਨੂੰ ਖਾਧ ਤੇਲ ਵਿੱਚ ਆਤਮਨਿਰਭਰ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ