
ਖੰਨਾ, 01 ਮਾਰਚ (ਹਿੰ.ਸ.)। ਪੰਜਾਬ ਦੀਆਂ ਸਰਕਾਰੀ ਆਈ. ਟੀ. ਆਈਜ਼ ਵਿਚ ਕੰਮ ਕਰਦੇ 700 ਕੱਚੇ ਇੰਸਟ੍ਰਕਟਰਾਂ ਨੇ ਮੁੱਖ ਮੰਤਰੀ ਦੀ ਕੋਠੀ ਅਤੇ ਬਾਕੀ ਕੈਬਨਿਟ ਮੰਤਰੀਆਂ ਦੀਆਂ ਕੋਠੀਆਂ ਦਾ ਘਿਰਾਓ ਕਰਨ ਲਈ ਰੋਡ ਮੈਪ ਤਿਆਰ ਕਰ ਲਿਆ ਹੈ। ਇਨ੍ਹਾਂ ਸ਼ਬਦਾਂ ਪ੍ਰਗਟਾਵਾ ਜੱਥੇਬੰਦੀ ਦੇ ਆਗੂ ਸੇਵਾ ਸਿੰਘ ਅਤੇ ਸੁਖਰਾਜ ਸਿੰਘ ਨੇ ਕੀਤਾ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਉਨ੍ਹਾਂ ਨੇ ਤਰਨਤਾਰਨ ਪੱਕਾ ਮੋਰਚਾ ਲਗਾਇਆ ਸੀ, ਫਿਰ ਸੁਨਾਮ ਧਰਨਾ ਦਿੱਤਾ ਅਤੇ ਹੁਣ ਤਕਨੀਕੀ ਸਿੱਖਿਆ ਵਿਭਾਗ ਸੈਕਟਰ 36 ਏ ਚੰਡੀਗੜ੍ਹ ਵਿਖੇ ਮਿਤੀ 22-12-2025 ਤੋਂ ਪੱਕਾ ਮੋਰਚਾ ਚੱਲ ਰਿਹਾ ਹੈ ਅਤੇ 37 ਦਿਨਾਂ ਤੋਂ ਭੁੱਖ ਹੜ੍ਹਤਾਲ ਚੱਲ ਰਹੀ ਹੈ। ਪ੍ਰੰਤੂ ਅਫਸੋਸ ਦੀ ਗੱਲ ਕਿ ਪੰਜਾਬ ਸਰਕਾਰ 3 ਵਾਰ ਗੱਲਬਾਤ ਤੋਂ ਭੱਜ ਗਈ ਹੈ। ਜਿਸ ਤੋਂ ਜਾਪਦਾ ਹੈ ਕਿ ਸਰਕਾਰ ਮੁਲਾਜ਼ਮਾਂ ਦੀ ਮੰਗਾਂ ਪ੍ਰਤੀ ਬਿਲਕੁੱਲ ਵੀ ਸੀਰੀਅਸ ਨਹੀਂ ਹੈ, ਜਿਸਦੇ ਰੋਸ ਵਜੋਂ ਸੰਘਰਸ਼ ਨੂੰ ਹੋਰ ਤਿੱਖਾ ਕਰਦੇ ਜੱਥੇਬੰਦੀ ਦੀ ਸੂਬਾ ਕਮੇਟੀ ਨੇ ਫ਼ੈਸਲਾ ਕੀਤਾ ਕਿ ਉਹ ਹੁਣ ਪੰਜਾਬ ਸਰਕਾਰ ਵਿਰੁੱਧ ਖੁੱਲ੍ਹ ਕੇ ਲੜਾਈ ਲੜਨਗੇ।
ਜੱਥੇਬੰਦੀ ਦੇ ਰੋਡ ਮੈਪ ਅਨੁਸਾਰ ਜੇਕਰ ਪੰਜਾਬ ਸਰਕਾਰ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਕਰਦੀ ਤਾਂ ਉਹ ਮਿਤੀ 16 ਮਾਰਚ ਤੋਂ 19 ਮਾਰਚ ਤੱਕ ਸੰਸਥਾਵਾਂ ਵਿਚ ਹਰ ਰੋਜ਼ ਗੇਟ ਰੈਲੀਆਂ ਕੀਤੀਆਂ ਜਾਣਗੀਆਂ, 20 ਮਾਰਚ ਨੂੰ ਸੰਸਥਾਵਾਂ ਦੇ ਗੇਟ ਅੱਗੇ ਪੰਜਾਬ ਸਰਕਾਰ ਦੀਆਂ ਅਰਥੀਆਂ ਸਾੜੀਆਂ ਜਾਣਗੀਆਂ। ਜੇਕਰ ਫਿਰ ਵੀ ਪੰਜਾਬ ਸਰਕਾਰ ਹੱਲ ਨਹੀਂ ਕਰਦੀ ਤਾਂ 23 ਮਾਰਚ ਤੋਂ 27 ਮਾਰਚ ਤੱਕ ਸੰਗਰੂਰ ਧਰਨੇ ਦੀਆਂ ਤਿਆਰੀਆਂ ਸਬੰਧੀ ਜ਼ਿਲਾ ਵਾਈਜ਼ ਮੀਟਿੰਗਾਂ ਕੀਤੀਆਂ ਜਾਣਗੀਆਂ, ਜਿਸ ਵਿਚ ਸੰਗਰੂਰ ਧਰਨੇ ’ਚ ਪੰਜਾਬ ਦੀਆਂ ਸਾਰੀਆਂ ਮੁਲਾਜ਼ਮ ਜਥੇਬੰਦੀਆਂ, ਸੰਯੁਕਤ ਕਿਸਾਨ ਮੋਰਚੇ ਦੀਆਂ 32 ਜੱਥੇਬੰਦੀਆਂ, ਸਟੂਡੈਂਟ ਯੂਨੀਅਨਾਂ ਅਤੇ ਪਰਿਵਾਰਾ ਸਮੇਤ ਵੱਡਾ ਇਕੱਠ ਕਰਨ ਲਈ ਲਾਮਬੰਦ ਕੀਤਾ ਜਾਵੇਗਾ, 28 ਮਾਰਚ ਨੂੰ ਸੰਗਰੂਰ ਵਿਖੇ ਪੱਕਾ ਮੋਰਚਾ ਸਿਫ਼ਟ ਕਰਕੇ ਸੂਬਾ ਪੱਧਰੀ ਵੱਡਾ ਧਰਨਾ ਦੇ ਕੇ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ, 26 ਅਪ੍ਰੈਲ ਨੂੰ ਵਿੱਤ ਮੰਤਰੀ ਦੀ ਕੋਠੀ ਦਾ ਘਿਰਾਓ ਦਿੜ੍ਹਬਾ ਵਿਖੇ ਕੀਤਾ ਜਾਵੇਗਾ, ਮਿਤੀ 30 ਮਈ ਨੂੰ ਪਾਰਟੀ ਪ੍ਰਧਾਨ ਅਮਨ ਅਰੋੜਾ ਦੀ ਕੋਠੀ ਦਾ ਘਿਰਾਓ ਸੁਨਾਮ ਵਿਖੇ ਕੀਤਾ ਜਾਵੇਗਾ, 28 ਜੂਨ ਨੂੰ ਤਕਨੀਕੀ ਸਿੱਖਿਆ ਮੰਤਰੀ ਦੀ ਕੋਠੀ ਦਾ ਗੰਭੀਰਪੁਰ ਵਿਖੇ ਘਿਰਾਓ ਕੀਤਾ ਜਾਵੇਗਾ, ਮਿਤੀ 01 ਅਗਸਤ ਨੂੰ ਗੁਰਮੀਤ ਸਿੰਘ ਮੀਤ ਹੇਅਰ ਦੀ ਕੋਠੀ ਦਾ ਘਿਰਾਓ ਬਰਨਾਲਾ ਵਿਖੇ ਕੀਤਾ ਜਾਵੇਗਾ ਅਤੇ ਮਿਤੀ 27 ਸਤੰਬਰ ਨੂੰ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਸੰਗਰੂਰ ਵਿਖੇ ਕੀਤਾ ਜਾਵੇਗਾ। ਇਸਦੇ ਲਈ ਪੰਜਾਬ ਦੀਆਂ ਨਾਮੀ ਜੱਥੇਬੰਦੀਆਂ ਵੱਡੀਆਂ ਭਰਾਤਰੀ ਜਥੇਬੰਦੀਆਂ ਵਲੋਂ ਖੁੱਲ੍ਹਾ ਸਮਰਥਨ ਦਿੱਤਾ ਗਿਆ ਹੈ।
ਕੀ ਹਨ ਮੁੱਖ ਮੰਗਾਂ
ਰੈਗੂਲਰ ਅਸਾਮੀਆਂ ਭਰਨ ਤੋਂ ਪਹਿਲਾਂ ਪੰਜਾਬ ਸਰਕਾਰ ਸਰਕਾਰੀ ਆਈ.ਟੀ. ਆਈਜ਼ ਵਿਚ ਇਸ ਸਮੇਂ ਠੇਕੇ ਉੱਪਰ ਬੇਸਿਕ ਤਨਖ਼ਾਹ ਤੇ ਕੰਮ ਕਰ ਰਹੇ ਸਾਰੇ 700 ਕ੍ਰਾਫਟ ਇੰਸਟ੍ਰਕਟਰਜ਼ ਨੂੰ ਵਿਭਾਗ ਅਧੀਨ ਖਾਲੀ ਪਈਆਂ ਅਸਾਮੀਆਂ ਵਿਰੁੱਧ ਰੈਗੂਲਰ ਜਾਂ ਵੱਖਰਾ ਕਾਡਰ ਬਣਾਇਆ ਜਾਵੇ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾਂ ਕੋਲ ਤਨਖ਼ਾਹ ਅਤੇ ਛੁੱਟੀਆਂ ਸਬੰਧੀ ਪੈਡਿੰਗ ਪਈ ਈ-ਫਾਈਲ ਤੁਰੰਤ ਅਪਰੂਵ ਕਰਕੇ ਅਗਸਤ 2024 ਤੋਂ ਬਣਦਾ ਏਰੀਅਰ ਦਿੱਤਾ ਜਾਵੇ ਅਤੇ ਨੌਕਰੀ ਤੋਂ ਕੱਢੇ ਗਏ ਮੁਲਾਜ਼ਮ ਤੁਰੰਤ ਜੁਆਇੰਨ ਕਰਵਾਏ ਜਾਣ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ