
ਲੁਧਿਆਣਾ, 01 ਮਾਰਚ (ਹਿੰ.ਸ.)। ਅੱਜ ਜ਼ਿਲ੍ਹਾ ਲੁਧਿਆਣਾ ਅਧੀਨ ਖੰਨਾ, ਸਮਰਾਲਾ, ਮਾਛੀਵਾੜਾ ਅਤੇ ਦੋਰਾਹਾ ਬਲਾਕਾਂ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਦੀ ਆਨ ਲਾਈਨ ਮੀਟਿੰਗ ਹੋਈ। ਜਿਸ ਵਿੱਚ ਅਧਿਆਪਕਾਂ ਉੱਪਰ ਧੱਕੇ ਨਾਲ ਥੋਪੀ ਜਾ ਰਹੀ ਟੈਟ ਦੀ ਸ਼ਰਤ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਕਿ ਵਿਭਾਗ ਵੱਲੋਂ 2011 ਤੋਂ ਪਹਿਲਾਂ ਜੁਆਇਨ ਹੋਏ ਅਧਿਆਪਕਾਂ ਜਿਨ੍ਹਾਂ ਨੂੰ ਟੈਟ ਤੋਂ ਛੋਟ ਮਿਲੀ ਹੋਈ ਸੀ, ਉਪਰ 7 ਫਰਵਰੀ 2026 ਨੂੰ ਮਾਸਟਰ ਕਾਡਰ ਦੀਆਂ ਪਦਉਨਤੀਆਂ ਲਈ ਟੀ.ਈ.ਟੀ. ਲਾਜ਼ਮੀ ਸ਼ਰਤ ਲਗਾ ਦਿੱਤਾ ਗਿਆ ਹੈ ਅਤੇ 14 ਸਤੰਬਰ 2017 ਨੂੰ ਜਾਰੀ ਕੀਤਾ ਪੱਤਰ ਜਿਸ ਵਿੱਚ ਟੀ ਈ ਟੀ ਤੋਂ ਛੋਟ ਦਿੱਤੀ ਗਈ ਸੀ, ਨੂੰ ਰੱਦ ਕਰ ਦਿੱਤਾ ਗਿਆ ਹੈ।
22 ਫਰਵਰੀ ਨੂੰ ਪੰਜਾਬ ਦੀਆਂ ਸਮੂਹ ਅਧਿਆਪਕ ਜੱਥੇਬੰਦੀਆਂ ਵੱਲੋਂ ਸੂਬਾ ਪੱਧਰੀ ਵਿਸ਼ਾਲ ਰੋਸ ਰੈਲੀ ਕਰਨ ਤੋਂ ਬਾਅਦ, ਪੰਜਾਬ ਦੇ ਸਿੱਖਿਆ ਮੰਤਰੀ ਵੱਲੋਂ 27 ਫਰਵਰੀ ਦਾ ਸਮਾਂ ਦਿੱਤਾ ਗਿਆ, ਪਰ ਸਰਕਾਰ ਅਧਿਆਪਕ ਜੱਥੇਬੰਦੀਆਂ ਨਾਲ਼ ਗੱਲ ਕਰਨ ਤੋਂ ਭੱਜ ਗਈ ਹੈ ਅਤੇ ਹੁਣ 6 ਮਾਰਚ ਦਾ ਸਮਾਂ ਦਿੱਤਾ ਗਿਆ ਹੈ, ਜਿਸਦੇ ਰੋਸ ਵਜੋਂ ਪੂਰੇ ਪੰਜਾਬ ਵਿੱਚ ਕੈਬਨਿਟ ਮੰਤਰੀਆਂ ਦੇ ਘਰਾਂ ਅੱਗੇ ਰੋਸ ਪ੍ਰਦਰਸ਼ਨ ਕਰਕੇ, ਮੰਤਰੀਆਂ ਦੇ ਘਰਾਂ ਦਾ ਘਿਰਾਓ ਕੀਤੇ ਜਾਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਲੁਧਿਆਣੇ ਜ਼ਿਲ੍ਹੇ ਦੀਆਂ ਸਮੂਹ ਜਥੇਬੰਦੀਆਂ ਵੱਲੋਂ 2 ਮਾਰਚ ਨੂੰ ਕੈਬਨਿਟ ਮੰਤਰੀ ਸੰਜੀਵ ਅਰੋੜਾ ਅਤੇ ਕੈਬਨਿਟ ਮੰਤਰੀ ਤਰੁਣਦੀਪ ਸਿੰਘ ਸੌਂਦ ਦੇ ਘਰ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਹੈ।
ਇਸ ਲਈ ਬਲਾਕ ਡੇਹਲੋਂ-1, ਲੁਧਿਆਣਾ 1, 2, ਮਾਂਗਟ -1, 2, ਸੁਧਾਰ, ਪੱਖੋਵਾਲ, ਜਗਰਾਓਂ ਜ਼ਿਲ੍ਹਾ ਲੁਧਿਆਣਾ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਵੱਲੋਂ 2 ਮਾਰਚ ਨੂੰ ਪੀ ਏ ਯੂ ਗੇਟ ਨੱਬਰ-1 ਅਤੇ ਬਲਾਕ ਦੋਰਾਹਾ, ਖੰਨਾ, ਸਮਰਾਲਾ, ਡੇਹਲੋਂ -2, ਸ੍ਰੀ ਮਾਛੀਵਾੜਾ ਸਾਹਿਬ ਬਲਾਕ ਦੇ ਅਧਿਆਪਕ ਦਾਣਾ ਮੰਡੀ ਖੰਨਾ ਵਿਖੇ ਇਕੱਠੇ ਹੋਣਗੇ। ਅੱਜ ਦੀ ਆਨਲਾਈਨ ਮੀਟਿੰਗ ਵਿਚ ਦਲਜੀਤ ਸਿੰਘ ਸਮਰਾਲਾ, ਪਾਲ ਸਿੰਘ ਬੈਨੀਪਾਲ, ਬਿਕਰਮਜੀਤ ਸਿੰਘ ਕੱਦੋਂ, ਹਰਦੀਪ ਸਿੰਘ ਬਾਹੋਮਾਜਰਾ, ਹਰਪਿੰਦਰ ਸਿੰਘ ਸ਼ਾਹੀ, ਪਾਲ ਸਿੰਘ, ਗੁਰਪ੍ਰੀਤ ਸਿੰਘ, ਪਰਮਜੀਤ ਸਿੰਘ ਵਰਮਾ, ਗੁਰਬਚਨ ਸਿੰਘ, ਹਰਬੰਸ ਸਿੰਘ ਪੱਪਾ, ਗੁਰਪ੍ਰੀਤ ਸਿੰਘ ਮਾਹੀ, ਹੁਸ਼ਿਆਰ ਸਿੰਘ ਆਦਿ ਆਗੂ ਹਾਜ਼ਰ ਸਨ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ