
ਖੰਨਾ, 01 ਮਾਰਚ (ਹਿੰ.ਸ.)। ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ ਦੇ ਪਾਵਨ ਮੌਕੇ ’ਤੇ ਇਕੱਠੇ ਹੋ ਰਹੇ ਲੱਖਾਂ ਸ਼ਰਧਾਲੂਆਂ ਅਤੇ ਸੰਗਤਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਸਿਹਤ ਵਿਭਾਗ ਵਲੋਂ ਢੁਕਵੇਂ ਪ੍ਰਬੰਧ ਕੀਤੇ ਗਏ ਹਨ। ਇਸਦਾ ਮੁੱਖ ਮਕਸਦ ਇਹ ਹੈ ਕਿ ਸੰਗਤਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ। ਸਿਹਤ ਮੰਤਰੀ ਡਾ. ਬਲਵੀਰ ਸਿੰਘ ਖੁਦ ਇਨ੍ਹਾਂ ਪ੍ਰਬੰਧਾਂ ਦੀ ਨਿਗਰਾਨੀ ਕਰ ਰਹੇ ਹਨ ਅਤੇ ਉਹ ਸਾਰੀਆਂ ਵਿਵਸਥਾਵਾਂ ਨੂੰ ਲਗਾਤਾਰ ਸਮੀਖਿਆ ਹੇਠ ਰੱਖ ਰਹੇ ਹਨ। ਉਨ੍ਹਾਂ ਦੇ ਨਿਰਦੇਸ਼ਾਂ ਅਨੁਸਾਰ ਸਿਹਤ ਮਹਿਕਮੇ ਵਲੋਂ ਵੱਖ-ਵੱਖ ਸ਼ਹਿਰਾਂ ਤੋਂ ਮਾਹਿਰ ਡਾਕਟਰਾਂ, ਨਰਸਿੰਗ ਸਟਾਫ ਅਤੇ ਪੈਰਾਮੈਡੀਕਲ ਕਰਮਚਾਰੀਆਂ ਦੀਆਂ ਮੈਡੀਕਲ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ, ਤਾਂ ਜੋ ਕਿਸੇ ਵੀ ਸਥਿਤੀ ਨਾਲ ਨਿਪਟਣ ਲਈ ਪੂਰੀ ਤਿਆਰੀ ਰਹਿਣ।ਸਮਾਗਮ ਸਥਾਨ ਅਤੇ ਉਸਦੇ ਆਸ-ਪਾਸ ਕਈ ਅਸਥਾਈ ਮੈਡੀਕਲ ਕੈਂਪ, ਐਂਬੂਲੈਂਸ ਸੇਵਾਵਾਂ, ਫਸਟ ਏਡ ਸੈਂਟਰ ਅਤੇ ਦਵਾਈਆਂ ਦੀ ਪੂਰੀ ਵਿਵਸਥਾ ਕੀਤੀ ਗਈ ਹੈ। ਇਨ੍ਹਾਂ ਕੈਂਪਾਂ ’ਚ ਆਧੁਨਿਕ ਸਾਜੋ-ਸਾਮਾਨ, ਜ਼ਰੂਰੀ ਦਵਾਈਆਂ ਅਤੇ ਟ੍ਰੇਨਡ ਸਟਾਫ ਤਾਇਨਾਤ ਕੀਤਾ ਗਿਆ ਹੈ, ਜਿਸ ਨਾਲ ਸ਼ਰਧਾਲੂਆਂ ਨੂੰ ਮੌਕੇ ’ਤੇ ਹੀ ਤੁਰੰਤ ਸਹਾਇਤਾ ਮਿਲ ਸਕੇ। ਇਸੇ ਕੜੀ ਹੇਠ ਖੰਨਾ ਦੇ ਸਰਕਾਰੀ ਹਸਪਤਾਲ ਤੋਂ ਵੀ ਇੱਕ ਵਿਸ਼ੇਸ਼ ਮੈਡੀਕਲ ਟੀਮ ਸ੍ਰੀ ਆਨੰਦਪੁਰ ਸਾਹਿਬ ਲਈ ਰਵਾਨਾ ਕੀਤੀ ਗਈ। ਇਸ ਟੀਮ ਨੂੰ ਐੱਸ.ਐੱਮ.ਓ ਡਾ. ਮਨਿੰਦਰ ਸਿੰਘ ਭਸੀਨ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।ਡਾ. ਭਸੀਨ ਨੇ ਕਿਹਾ ਕਿ ਇਹ ਟੀਮ ਸਮਾਗਮ ਦੌਰਾਨ ਆਪਣੀਆਂ ਸੇਵਾਵਾਂ ਪੂਰੀ ਤਨਦੇਹੀ ਨਾਲ ਨਿਭਾਏਗੀ ਅਤੇ ਜਰੂਰਤਮੰਦਾਂ ਨੂੰ ਤੁਰੰਤ ਇਲਾਜ ਮੁਹੱਈਆ ਕਰਵਾਏਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਇਹ ਪ੍ਰਬੰਧ ਸਰਕਾਰ ਦੀ ਲੋਕ-ਭਲਾਈ ਨੀਤੀ ਅਤੇ ਸਿਹਤ ਪ੍ਰਣਾਲੀ ਨੂੰ ਮਜ਼ਬੂਤ ਬਣਾਉਣ ਦੇ ਯਤਨਾਂ ਨੂੰ ਦਰਸਾਉਂਦੇ ਹਨ। ਸਰਕਾਰ ਦਾ ਟੀਚਾ ਹੈ ਕਿ ਹਰ ਨਾਗਰਿਕ ਤੱਕ ਬਿਹਤਰ ਅਤੇ ਗੁਣਵੱਤਾ ਭਰੀ ਸਿਹਤ ਸੇਵਾ ਪਹੁੰਚੇ। ਹੋਲਾ ਮੁਹੱਲਾ ਵਰਗੇ ਵੱਡੇ ਧਾਰਮਿਕ ਸਮਾਗਮ ਦੌਰਾਨ ਇੰਨੇ ਵਧੀਆ ਸਿਹਤ ਪ੍ਰਬੰਧ ਕਰਨਾ ਸਿਹਤ ਮਹਿਕਮੇ ਦੀ ਤਿਆਰੀ ਅਤੇ ਸੁਚੱਜੀ ਯੋਜਨਾ ਦਾ ਪ੍ਰਮਾਣ ਹੈ, ਜਿਸਦੀ ਹਰ ਪਾਸੇ ਸ਼ਲਾਘਾ ਕੀਤੀ ਜਾ ਰਹੀ ਹੈ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ