ਸੰਤ ਸੀਚੇਵਾਲ ਵੱਲੋਂ ਵਿਦੇਸ਼ਾਂ ’ਚ ਜਾਨ ਗਵਾਉਣ ਵਾਲੇ ਭਾਰਤੀਆਂ ਦੀ ਮ੍ਰਿਤਕ ਦੇਹ ਨੂੰ ਘਰਾਂ ਤੱਕ ਪਹੁੰਚਾਉਣ ਲਈ ਸਰਕਾਰੀ ਸਹਾਇਤਾ ਦੇਣ ਦੀ ਮੰਗ
ਸਪੈਸ਼ਲ ਮੈਨਸ਼ਨ ਦੌਰਾਨ ਸੰਤ ਸੀਚੇਵਾਲ ਨੇ ਉਠਾਇਆ ਮਨੁੱਖੀ ਪੱਖ ਨਾਲ ਜੁੜਿਆ ਸੰਵੇਦਨਸ਼ੀਲ ਮੁੱਦਾ
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ


ਨਵੀਂ ਦਿੱਲੀ/ਚੰਡੀਗੜ੍ਹ, 12 ਮਾਰਚ (ਹਿੰ.ਸ.)। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅੱਜ ਰਾਜ ਸਭਾ ਵਿੱਚ ਸਪੈਸ਼ਲ ਮੈਨਸ਼ਨ ਦੌਰਾਨ ਇੱਕ ਮਹੱਤਵਪੂਰਨ ਅਤੇ ਸੰਵੇਦਨਸ਼ੀਲ ਮੁੱਦਾ ਉਠਾਉਂਦੇ ਹੋਏ ਵਿਦੇਸ਼ਾਂ ਵਿੱਚ ਮ੍ਰਿਤਕ ਹੋਣ ਵਾਲੇ ਭਾਰਤੀ ਨਾਗਰਿਕਾਂ ਦੀਆਂ ਮ੍ਰਿਤਕ ਦੇਹਾਂ ਨੂੰ ਉਹਨਾਂ ਦੇ ਘਰਾਂ ਤੱਕ ਪਹੁੰਚਾਉਣ ਲਈ ਸਰਕਾਰ ਵੱਲੋਂ ਵਿਸ਼ੇਸ਼ ਸਹਾਇਤਾ ਪ੍ਰਬੰਧ ਕਰਨ ਦੀ ਮੰਗ ਕੀਤੀ।

ਸੰਤ ਸੀਚੇਵਾਲ ਨੇ ਕਿਹਾ ਕਿ ਹਰ ਸਾਲ ਹਜ਼ਾਰਾਂ ਭਾਰਤੀ ਨਾਗਰਿਕ ਰੋਜ਼ਗਾਰ, ਪੜਾਈ ਅਤੇ ਹੋਰ ਕਾਰਨਾਂ ਕਰਕੇ ਵਿਦੇਸ਼ਾਂ ਵਿੱਚ ਜਾਂਦੇ ਹਨ। ਕਈ ਵਾਰ ਦੁੱਖਦਾਈ ਹਾਲਾਤਾਂ ਵਿੱਚ ਉਹਨਾਂ ਦੀ ਮੌਤ ਵਿਦੇਸ਼ੀ ਧਰਤੀ ‘ਤੇ ਹੋ ਜਾਂਦੀ ਹੈ। ਅਜਿਹੇ ਮਾਮਲਿਆਂ ਵਿੱਚ ਭਾਰਤ ਸਰਕਾਰ ਅਤੇ ਭਾਰਤੀ ਦੂਤਾਵਾਸਾਂ ਦੀ ਮਦਦ ਨਾਲ ਮ੍ਰਿਤਕ ਦੇਹਾਂ ਨੂੰ ਦੇਸ਼ ਤੱਕ ਤਾਂ ਲਿਆਂਦਾ ਦਿੱਤਾ ਜਾਂਦਾ ਹੈ, ਜਿਸਤੇ ਲੱਖਾਂ ਰੁਪਏ ਖਰਚ ਹੁੰਦੇ ਹਨ, ਪਰ ਘਰਾਂ ਤੱਕ ਨਹੀਂ ਪਹੁੰਚਾਈ ਜਾਂਦੀ ਹੈ। ਉਸ ਤੋਂ ਬਾਅਦ ਉਹਨਾਂ ਨੂੰ ਏਅਰਪੋਰਟ ਤੋਂ ਆਪਣੇ ਪਿੰਡ ਜਾਂ ਸ਼ਹਿਰ ਤੱਕ ਪਹੁੰਚਾਉਣਾ ਪਰਿਵਾਰਾਂ ਲਈ ਬਹੁਤ ਵੱਡੀ ਚੁਣੌਤੀ ਬਣ ਜਾਂਦਾ ਹੈ।

ਸੰਤ ਸੀਚੇਵਾਲ ਨੇ ਕਿਹਾ ਕਿ ਜਦੋਂ ਪਰਿਵਾਰ ਪਹਿਲਾਂ ਹੀ ਆਪਣੇ ਪਿਆਰੇ ਦੇ ਵਿਛੋੜੇ ਦੇ ਡੂੰਘੇ ਦੁੱਖ ਵਿੱਚ ਹੁੰਦਾ ਹੈ, ਉਸ ਵੇਲੇ ਮ੍ਰਿਤਕ ਦੇਹ ਨੂੰ ਏਅਰਪੋਰਟ ਤੋਂ ਘਰ ਤੱਕ ਲਿਜਾਣ ਲਈ ਉਹਨਾਂ ਨੂੰ ਕਈ ਪ੍ਰਸ਼ਾਸਕੀ ਅਤੇ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਪ੍ਰਾਈਵੇਟ ਵਾਹਨ ਚਲਾਉਣ ਵਾਲੇ ਲੋਕ ਅਜਿਹੀ ਮਜਬੂਰੀ ਦਾ ਫਾਇਦਾ ਚੁੱਕਦੇ ਹੋਏ ਬਹੁਤ ਜ਼ਿਆਦਾ ਕਿਰਾਇਆ ਵਸੂਲ ਕਰਦੇ ਹਨ, ਜਿਸ ਨਾਲ ਪੀੜਤ ਪਰਿਵਾਰਾਂ ‘ਤੇ ਵਾਧੂ ਬੋਝ ਪੈ ਜਾਂਦਾ ਹੈ।

ਸੰਤ ਸੀਚੇਵਾਲ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਇਸ ਸੰਵੇਦਨਸ਼ੀਲ ਮਸਲੇ ਦੇ ਹੱਲ ਲਈ ਇੱਕ ਪ੍ਰਣਾਲੀਬੱਧ ਅਤੇ ਮਨੁੱਖੀ ਪੱਖ ਨੂੰ ਧਿਆਨ ਵਿੱਚ ਰੱਖਦਿਆਂ ਪ੍ਰਬੰਧ ਕੀਤਾ ਜਾਵੇ। ਉਹਨਾਂ ਨੇ ਮੰਗ ਕੀਤੀ ਕਿ ਦੇਸ਼ ਦੇ ਮੁੱਖ ਏਅਰਪੋਰਟਾਂ ‘ਤੇ ਵਿਸ਼ੇਸ਼ ਸਹਾਇਤਾ ਕੇਂਦਰ ਸਥਾਪਿਤ ਕੀਤੇ ਜਾਣ, ਜਿੱਥੇ ਅਜਿਹੇ ਮਾਮਲਿਆਂ ਵਿੱਚ ਪੀੜਤ ਪਰਿਵਾਰਾਂ ਨੂੰ ਤੁਰੰਤ ਸਹਾਇਤਾ ਮਿਲ ਸਕੇ। ਇਸ ਦੇ ਨਾਲ ਹੀ ਸਰਕਾਰ ਵੱਲੋਂ ਮ੍ਰਿਤਕ ਦੇਹਾਂ ਨੂੰ ਘਰਾਂ ਤੱਕ ਪਹੁੰਚਾਉਣ ਲਈ ਸਰਕਾਰੀ ਵਾਹਨ ਉਪਲਬਧ ਕਰਵਾਏ ਜਾਣ ਜਾਂ ਫਿਰ ਨਿਰਧਾਰਿਤ ਅਤੇ ਨਿਯਮਤ ਕਿਰਾਏ ਦੇ ਅਧਾਰ ‘ਤੇ ਅੱਧੀ ਕੀਮਤ ‘ਤੇ ਇਹ ਸਹੂਲਤ ਦਿੱਤੀ ਜਾਵੇ।

ਸੰਤ ਸੀਚੇਵਾਲ ਨੇ ਕਿਹਾ ਕਿ ਇਸ ਤਰ੍ਹਾਂ ਦੀ ਵਿਵਸਥਾ ਪੀੜਤ ਪਰਿਵਾਰਾਂ ਨੂੰ ਨਾ ਸਿਰਫ਼ ਆਰਥਿਕ ਰਾਹਤ ਦੇਵੇਗੀ, ਸਗੋਂ ਇਹ ਵੀ ਦਰਸਾਏਗੀ ਕਿ ਸਰਕਾਰ ਆਪਣੇ ਨਾਗਰਿਕਾਂ ਦੇ ਨਾਲ ਹਰ ਹਾਲਾਤ ਵਿੱਚ ਖੜੀ ਹੈ ਅਤੇ ਉਹਨਾਂ ਦੇ ਦੁੱਖ ਵਿੱਚ ਸਾਂਝੀ ਹੈ।

50 ਦੇ ਕਰੀਬ ਮ੍ਰਿਤਕ ਦੇਹਾਂ ਨੂੰ ਵਿਦੇਸ਼ਾਂ ਵਿੱਚੋਂ ਮੰਗਵਾਇਆ : ਸੰਤ ਸੀਚੇਵਾਲ ਨੇ ਦੱਸਿਆ ਕਿ ਉਨ੍ਹਾਂ ਨੇ ਬਤੌਰ ਰਾਜ ਸਭਾ ਦੇ ਮੈਂਬਰ ਹੁੰਦਿਆ 50 ਦੇ ਕਰੀਬ ਮ੍ਰਿਤਕ ਦੇਹਾਂ ਨੂੰ ਵਿਦੇਸ਼ਾਂ ਵਿੱਚੋਂ ਮੰਗਵਾਇਆ ਹੈ। ਆਰਥਿਕ ਪੱਖੋਂ ਟੁੱਟੇ ਮਾਪੇ ਆਪਣੇ ਪੁੱਤਰ ਜਾਂ ਧੀ ਨੂੰ ਸਦਾ ਲਈ ਗੁਆਉਣ ਤੋਂ ਬਾਅਦ ਕੱਖਾਂ ਤੋਂ ਵੀ ਹੌਲੇ ਹੋ ਜਾਂਦੇ ਹਨ। ਅਜਿਹੀ ਸਥਿਤੀ ਵਿੱਚ ਏਅਰਪੋਰਟ ਤੋਂ ਮ੍ਰਿਤਕ ਸਰੀਰ ਨੂੰ ਘਰ ਪਹੁੰਚਾਉਣਾ ਵੀ ਵੱਡੀ ਚਣੌਤੀ ਬਣ ਜਾਂਦਾ ਹੈ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande