ਰਾਜ ਸਭਾ ਵਿੱਚ ਸੰਤ ਸੀਚੇਵਾਲ ਵੱਲੋਂ ਪੰਜਾਬ ਦੇ ਵਿਕਾਸ ਲਈ ਰੁਕੇ ਫੰਡਾਂ ਨੂੰ ਤੁਰੰਤ ਜਾਰੀ ਕੀਤੇ ਜਾਣ ਦੀ ਮੰਗ
ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਹੇਠ 828 ਕਰੋੜ ਦੇ ਪ੍ਰੋਜੈਕਟ ਰੁਕੇ, ਤੁਰੰਤ ਮਨਜ਼ੂਰੀ ਦੇਣ ਦੀ ਅਪੀਲ
ਰਾਜ ਸਭਾ ਵਿੱਚ ਸੰਬੋਧਨ ਕਰਦੇ ਹੋਏ ਸੰਤ ਸੀਚੇਵਾਲ


ਨਵੀਂ ਦਿੱਲੀ/ਚੰਡੀਗੜ੍ਹ, 13 ਮਾਰਚ (ਹਿੰ.ਸ.)। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਰਾਜ ਸਭਾ ਵਿੱਚ ਪੇਂਡੂ ਵਿਕਾਸ ਮੰਤਰਾਲੇ ਦੇ ਬਜਟ ‘ਤੇ ਚੱਲ ਰਹੀ ਚਰਚਾ ਦੌਰਾਨ ਪੰਜਾਬ ਨਾਲ ਜੁੜੇ ਅਹਿਮ ਮਸਲਿਆਂ ਨੂੰ ਪੂਰੇ ਜ਼ੋਰਦਾਰ ਢੰਗ ਨਾਲ ਉਠਾਇਆ। ਸੰਤ ਸੀਚੇਵਾਲ ਨੇ ਹਾਊਸ ਵਿੱਚ ਚਲ ਰਹੀ ਚਰਚਾ ਵਿੱਚ ਹਿੱਸਾ ਲੈਂਦਿਆ ਕਿਹਾ ਕਿ ਪੰਜਾਬ ਦੇ ਪੇਂਡੂ ਵਿਕਾਸ ਲਈ ਕਰੀਬ 8 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਫੰਡ ਕੇਂਦਰ ਸਰਕਾਰ ਦੀਆਂ ਫਾਇਲਾਂ ਵਿੱਚ ਰੁਕੇ ਹੋਏ ਹਨ।

ਸੰਤ ਬਲਬੀਰ ਸਿੰਘ ਨੇ ਰਾਜ ਸਭਾ ਹਾਊਸ ਵਿੱਚ ਦੱਸਿਆ ਕਿ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਦੇ ਫੇਜ਼ ਤਿੰਨ ਤਹਿਤ ਪੰਜਾਬ ਵਿੱਚ ਕਰੀਬ 828 ਕਰੋੜ ਰੁਪਏ ਦੇ ਪ੍ਰੋਜੈਕਟ ਮਨਜ਼ੂਰ ਹੋਏ ਸਨ, ਜਿਨ੍ਹਾਂ ਵਿੱਚ 64 ਸੜਕਾਂ ਅਤੇ 38 ਪੁਲਾਂ ਦਾ ਨਿਰਮਾਣ ਹੋਣਾ ਸੀ, ਪਰ ਐਫ.ਡੀ.ਆਰ. ਤਕਨੀਕ ਰਾਹੀਂ ਬਣਨ ਵਾਲੀਆ ਇਹ ਸੜਕਾਂ ਅਤੇ ਪੁਲ ਪਿਛਲੇ ਛੇ–ਸੱਤ ਮਹੀਨਿਆਂ ਤੋਂ ਟੈਂਡਰ ਪ੍ਰਕਿਿਰਆ ਵਿੱਚ ਹੀ ਅਟਕੇ ਹੋਏ ਹਨ ਅਤੇ ਕੰਮ ਸ਼ੁਰੂ ਨਹੀਂ ਹੋ ਸਕਿਆ। ਉਨ੍ਹਾਂ ਮੰਗ ਕੀਤੀ ਕਿ ਕਿਸੇ ਪਿੰਡ ਦੀਆਂ ਸੜਕਾਂ ਹੀ ਇੱਕ ਤਰਾਂ ਨਾਲ ਵਿਕਾਸ ਦੀ ਸਾਹ ਰਗਾਂ ਹੁੰਦੀਆਂ ਹਨ ਅਤੇ ਜਦੋਂ ਇਹ ਕੰਮ ਰੁਕਦੇ ਹਨ ਤਾਂ ਪਿੰਡਾਂ ਦਾ ਸਮੂਹਿਕ ਵਿਕਾਸ ਹੀ ਰੁਕ ਜਾਂਦਾ ਹੈ।

ਸੰਤ ਸੀਚੇਵਾਲ ਨੇ ਕਿਹਾ ਕਿ ਪਿੰਡਾਂ ਵਿੱਚ ਸੜਕਾਂ, ਪਾਣੀ ਦੀ ਸਪਲਾਈ, ਮਨਰੇਗਾ, ਪ੍ਰਧਾਨ ਮੰਤਰੀ ਆਵਾਸ ਯੋਜਨਾ ਅਤੇ ਹੋਰ ਵਿਕਾਸੀ ਸਕੀਮਾਂ ਦਾ ਸਿੱਧਾ ਸਬੰਧ ਰੂਰਲ ਡਿਵੈਲਪਮੈਂਟ ਫੰਡ ਨਾਲ ਹੈ। ਜਦੋਂ ਇਹ ਫੰਡ ਰੁਕ ਜਾਂਦਾ ਹੈ ਤਾਂ ਪਿੰਡਾਂ ਵਿੱਚ ਲਗਭਗ ਹਰ ਤਰ੍ਹਾਂ ਦਾ ਵਿਕਾਸ ਰੁਕ ਜਾਂਦਾ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਪੰਜਾਬ ਦਾ ਰੁਕਿਆ ਹੋਇਆ ਇਹ ਫੰਡ ਤੁਰੰਤ ਜਾਰੀ ਕੀਤਾ ਜਾਵੇ ਤਾਂ ਜੋ ਪਿੰਡਾਂ ਵਿੱਚ ਵਿਕਾਸੀ ਕੰਮ ਮੁੜ ਸ਼ੁਰੂ ਹੋ ਸਕਣ। ਉਨ੍ਹਾਂ ਸਪੱਸ਼ਟ ਕਿਹਾ ਕਿ ਫੰਡ ਰੋਕ ਕੇ ਸਜ਼ਾ ਪੰਜਾਬ ਦੇ ਲੋਕਾਂ ਨੂੰ ਦਿੱਤੀ ਜਾ ਰਹੀ ਹੈ, ਜਿਸਦਾ ਸਭ ਤੋਂ ਵੱਡਾ ਨੁਕਸਾਨ ਪਿੰਡਾਂ ਦੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਹੋ ਰਿਹਾ ਹੈ।

ਸੰਤ ਸੀਚੇਵਾਲ ਨੇ ਕਿਹਾ ਕਿ ਪੰਜਾਬ ਇੱਕ ਸਰਹੱਦੀ ਸੂਬਾ ਹੈ ਅਤੇ ਇੱਥੋਂ ਦਾ ਕਿਸਾਨ ਤੇ ਮਜ਼ਦੂਰ ਦੇਸ਼ ਦੀ ਅਰਥਵਿਵਸਥਾ ਵਿੱਚ ਵੱਡਾ ਯੋਗਦਾਨ ਪਾਉਂਦੇ ਹਨ। ਇਸ ਲਈ ਕੇਂਦਰ ਸਰਕਾਰ ਨੂੰ ਪੰਜਾਬ ਨਾਲ ਭੇਦਭਾਵ ਕਰਨ ਦੀ ਬਜਾਏ ਪੰਜਾਬ ਦੇ ਹੱਕ ਦੇ ਫੰਡ ਤੁਰੰਤ ਜਾਰੀ ਕਰਨੇ ਚਾਹੀਦੇ ਹਨ ਤਾਂ ਜੋ ਪਿੰਡਾਂ ਵਿੱਚ ਰੁਕੇ ਹੋਏ ਵਿਕਾਸੀ ਕੰਮ ਮੁੜ ਸ਼ੁਰੂ ਹੋ ਸਕਣ।

ਆਲੂ ਦੇ ਡਿੱਗੇ ਭਾਅ ਕਾਰਨ ਕਿਸਾਨ ਮੁਸੀਬਤ ਵਿੱਚ, ਕੇਂਦਰ ਸਰਕਾਰ ਕਿਸਾਨਾਂ ਦੀ ਬਾਂਹ ਫੜੇ :

ਸੰਤ ਸੀਚੇਵਾਲ ਨੇ ਇਹ ਵੀ ਕਿਹਾ ਕਿ ਪੰਜਾਬ ਵਿੱਚ ਇਸ ਵੇਲੇ ਆਲੂ ਦੇ ਭਾਅ ਬਹੁਤ ਹੀ ਡਿੱਗ ਗਏ ਹਨ ਅਤੇ ਕਿਸਾਨ ਭਾਰੀ ਸੰਕਟ ਦਾ ਸਾਹਮਣਾ ਕਰ ਰਹੇ ਹਨ। ਕਈ ਥਾਵਾਂ ‘ਤੇ ਕਿਸਾਨਾਂ ਨੂੰ ਆਪਣੀ ਫਸਲ ਢੇਰੀਆਂ ਵਿੱਚ ਰਾਹਾਂ ‘ਤੇ ਸੁੱਟਣੀ ਪੈ ਰਹੀ ਹੈ, ਕਿਉਂਕਿ ਕੋਈ ਖਰੀਦਦਾਰ ਨਹੀਂ ਮਿਲ ਰਿਹਾ। ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਕਿਸਾਨਾਂ ਦੀ ਮਦਦ ਲਈ ਤੁਰੰਤ ਕਦਮ ਚੁੱਕੇ ਜਾਣ ਤਾਂ ਜੋ ਉਨ੍ਹਾਂ ਦੀ ਫਸਲ ਨੂੰ ਢੰਗ ਦਾ ਭਾਅ ਮਿਲ ਸਕੇ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande