
ਭਦੌੜ/ਚੰਡੀਗੜ੍ਹ, 15 ਮਾਰਚ (ਹਿੰ.ਸ.)। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਾਸਤੇ ਮੁਕਾਬਲਾ ਹੁਣ ਸਪਸ਼ਟ ਹੋ ਗਿਆ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੀਆਂ ਤਾਕਤਾਂ ਦੇ ਖਿਲਾਫ ਡੱਟ ਗਿਆ ਹੈ ਭਾਵੇਂ ਉਹ ਕਾਂਗਰਸ, ਆਮ ਆਦਮੀ ਪਾਰਟੀ ਜਾਂ ਭਾਜਪਾ ਹੋਵੇ। ਉਨ੍ਹਾਂ ਕਿਹਾ ਕਿ ਦਿੱਲੀ ਆਧਾਰਿਤ ਪਾਰਟੀਆਂ ਪੰਜਾਬ ’ਤੇ ਰਾਜ ਕਰਨ ਤੇ ਲੁੱਟ ਕਰਨ ਵਾਸਤੇ ਆਉਂਦੀਆਂ ਹਨ ਜਦੋਂ ਕਿ ਅਕਾਲੀ ਦਲ ਹਮੇਸ਼ਾ ਪੰਜਾਬੀਆਂ ਦੀ ਸੇਵਾ ਵਾਸਤੇ ਵਚਨਬੱਧ ਹੈ।
ਅਕਾਲੀ ਦਲ ਦੇ ਪ੍ਰਧਾਨ ਜਿਨ੍ਹਾਂ ਨੇ ਪੰਜਾਬ ਬਚਾਓ ਮੁਹਿੰਮ ਦੇ ਤਹਿਤ ਇਥੇ ਵਿਸ਼ਾਲ ਇਕੱਠ ਨੂੰ ਸੰਬੋਧਨ ਕੀਤਾ, ਨੇ ਮੀਂਹ ਦੇ ਬਾਵਜੂਦ ਡਟੇ ਰਹਿਣ ਲਈ ਅਕਾਲੀ ਵਰਕਰਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪਾਰਟੀ ਪ੍ਰਤੀ ਇਹ ਉਤਸ਼ਾਹ ਤੇ ਸਮਰਪਣ ਸਾਬਤ ਕਰਦਾ ਹੈ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਾਸਤੇ ਅਕਾਲੀ ਦਲ ਵਾਸਤੇ ਕੋਈ ਮੁਕਾਬਲਾ ਨਹੀਂ ਹੈ। ਉਨ੍ਹਾਂ ਨੇ ਹਲਕਾ ਇੰਚਾਰਜ ਸਤਨਾਮ ਸਿੰਘ ਰਾਹੀ ਤੇ ਉਨ੍ਹਾਂ ਦੀ ਟੀਮ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਰੈਲੀ ਨੂੰ ਸਫਲ ਬਣਾਇਆ।
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਿਰਫ ਸ਼੍ਰੋਮਣੀ ਅਕਾਲੀ ਦਲ ਹੀ ਹਮੇਸ਼ਾ ਤੁਹਾਡੇ ਚੰਗੇ ਮਾੜੇ ਸਮੇਂ ਵਿਚ ਤੁਹਾਡੇ ਨਾਲ ਖੜ੍ਹਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿਚ ਹੁਣ ਤੱਕ ਹੋਇਆ ਵਿਕਾਸ ਸਿਰਫ ਸ਼੍ਰੋਮਣੀ ਅਕਾਲੀ ਦਲ ਨੇ ਹੀ ਕਰਵਾਇਆ ਹੈ ਭਾਵੇਂ ਉਹ ਚਾਰ ਮਾਰਗੀ ਸੜਕਾਂ ਹੋਣ, ਸਿੰਜਾਈ ਸਹੂਲਤਾਂ ਹੋਣ, ਥਰਮਲ ਪਲਾਂਟ ਹੋਣ, ਹਵਾਈ ਅੱਡੇ ਹੋਣ, ਪੰਜਾਬ ਨੂੰ ਬਿਜਲੀ ਸਰਪਲੱਸ ਬਣਾਉਣ ਦੀ ਗੱਲ ਹੋਵੇ ਜਾਂ ਫਿਰ ਆਟਾ ਦਾਲ, ਸ਼ਗਨ ਜਾਂ ਬੁਢਾਪਾ ਪੈਨਸ਼ਨ ਵਰਗੀਆਂ ਨਿਵੇਕਲੀਆਂ ਸਮਾਜ ਭਲਾਈ ਸਕੀਮਾਂ ਹੋਣ। ਉਨ੍ਹਾਂ ਕਿਹਾ ਕਿ ਕਾਂਗਰਸ ਤੇ ਆਪ ਕਿਸੇ ਵੀ ਇਕ ਪ੍ਰਾਪਤੀ ਦਾ ਜ਼ਿਕਰ ਨਹੀਂ ਕਰ ਸਕਦੇ।
ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਪਿਛਲੇ 9 ਸਾਲਾਂ ਵਿਚ ਪੰਜਾਬ ਨੇ ਸੰਤਾਪ ਹੰਢਾਇਆ ਹੈ। ਕਾਂਗਰਸ ਤੇ ਆਮ ਆਦਮੀ ਪਾਰਟੀ (ਆਪ) ਨੇ ਸੂਬੇ ਅਤੇ ਸਰੋਤਾਂ ਦੀ ਲੁੱਟ ਕੀਤੀ ਹੈ ਤੇ ਇਸਨੂੰ ਕੰਗਾਲ ਕੀਤਾ ਹੈ। ਅਕਾਲੀ ਦਲ ਇਸ ਸਾਰੇ ਦਾ ਹਿਸਾਬ ਕਿਤਾਬ ਲਵੇਗਾ। ਅਸੀਂ 2027 ਵਿਚ ਸਰਕਾਰ ਬਣਨ ’ਤੇ ਕਾਂਗਰਸੀਆਂ ਤੇ ਆਪ ਦੇ ਭ੍ਰਿਸ਼ਟ ਆਗੂਆਂ ਦੇ ਖਿਲਾਫ ਕਾਰਵਾਈ ਕਰਾਂਗੇ। ਬਾਦਲ ਨੇ ਇਹ ਵੀ ਐਲਾਨ ਕੀਤਾ ਕਿ ਆਪ ਸਰਕਾਰ ਵੱਲੋਂ ਦਰਜ ਕੀਤੇ ਝੂਠੇ ਕੇਸਾਂ ਦੀ ਸਮੀਖਿਆ ਵਾਸਤੇ ਇਕ ਕਮਿਸ਼ਨ ਦਾ ਗਠਨ ਕੀਤਾ ਜਾਵੇਗਾ। ਆਪ ਆਗੂਆਂ ਦੇ ਨਾਲ-ਨਾਲ ਬੇਦੋਸ਼ੇ ਲੋਕਾਂ ਦੇ ਖਿਲਾਫ ਇਹ ਝੂਠੇ ਕੇਸ ਦਰਜ ਕਰਨ ਵਾਸਤੇ ਜ਼ਿੰਮੇਵਾਰ ਪੁਲਿਸ ਅਫਸਰਾਂ ਖਿਲਾਫ ਵੀ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ।
ਬਾਅਦ ਵਿਚ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਬਾਦਲ ਨੇ ਕਿਹਾ ਕਿ ਆਪ ਸਰਕਾਰ ਵੱਲੋਂ ਕਰਵਾਇਆ ਜਾ ਰਿਹਾ ਇਨਵੈਸਟ ਪੰਜਾਬ ਸੰਮੇਲਨ ਅਸਲ ਵਿਚ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਇਆ ਹੈ। ਆਪ ਸਰਕਾਰ ਨੇ ਚਾਰ ਸਾਲਾਂ ਵਿਚ ਕੱਖ ਵੀ ਨਹੀਂ ਕੀਤਾ ਤੇ ਹੁਣ ਆਪਣੇ ਕਾਰਜਕਾਲ ਦੇ ਅਖੀਰਲੇ ਸਮੇਂ ਵਿਚ ਉਹ ਵੋਟਰਾਂ ਨੂੰ ਮੂਰਖ ਬਣਾਉਣ ਵਾਸਤੇ ਇਕ ਪ੍ਰਾਪੇਗੰਡਾ ਮੁਹਿੰਮ ਚਲਾ ਰਹੀ ਹੈ। ਇਸ ਮੌਕੇ ਬਿਕਰਮ ਸਿੰਘ ਮਜੀਠੀਆ, ਸੰਤ ਬਲਬੀਰ ਸਿੰਘ, ਅਰਵਿੰਦ ਖੰਨਾ, ਕੁਲਵੰਤ ਸਿੰਘ ਕੀਤੂ, ਤੇਜਿੰਦਰ ਸਿੰਘ ਮਿੱਡੂਖੇੜਾ, ਐਸ. ਓ. ਆਈ ਦੇ ਪ੍ਰਧਾਨ ਰਣੀਬੀਰ ਸਿੰਘ, ਬੇਅੰਤ ਕੌਰ ਖਹਿਰਾ ਅਤੇ ਬਾਬਾ ਬੂਟਾ ਸਿੰਘ ਗੁੜਥੱਡੀ ਨੇ ਵੀ ਹਾਜ਼ਰੀ ਭਰੀ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ