
ਬਟਾਲਾ, 16 ਮਾਰਚ (ਹਿੰ.ਸ.)। ਖੇਤੀ ਵਿਭਿੰਨਤਾ ਅਪਣਾਓ, ਵਡਮੁੱਲਾ ਵਾਤਾਵਰਣ ਬਚਾਓ ਦੇ ਉਦੇਸ਼ ਨਾਲ ਕਿਸਾਨ ਮੇਲਾ ਖੇਤੀਬਾੜੀ ਯੂਨੀਵਰਸਿਟੀ ਦੇ ਰੀਜ਼ਨਲ ਸਟੇਸ਼ਨ ਗੁਰਦਾਸਪੁਰ ਵਿਖੇ 27 ਮਾਰਚ ਨੂੰ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਰੀਜ਼ਨਲ ਸਟੇਸ਼ਨ ਦੇ ਡਾਇਰੈਕਟਰ ਡਾ. ਹਰਪਾਲ ਸਿੰਘ ਰੰਧਾਵਾ ਨੇ ਦੱਸਿਆਂ ਹੈ ਕਿ ਮੇਲੇ ਵਿੱਚ ਸਾਉਣੀ ਦੀਆਂ ਫ਼ਸਲਾਂ/ਸਬਜ਼ੀਆਂ ਦੇ ਸੁਧਰੇ ਬੀਜ ਅਤੇ ਸਦਾਬਹਾਰ ਫ਼ਲਦਾਰ ਬੂਟੇ ਉਪਲੱਬਧ ਕਰਵਾਏ ਜਾਣਗੇ।
ਖੇਤੀ ਵਿਸ਼ਾ ਮਾਹਿਰਾਂ ਵੱਲੋਂ ਸਾਉਣੀ ਦੀਆਂ ਫ਼ਸਲਾਂ ਦੀ ਕਾਸ਼ਤ ਬਾਰੇ ਤਕਨੀਕੀ ਜਾਣਕਾਰੀ ਦਿੱਤੀ ਜਾਵੇਗੀ ਅਤੇ ਕਿਸਾਨਾਂ ਦੀਆਂ ਖੇਤੀ ਮੁਸਕਿਲਾਂ ਬਾਰੇ ਸਵਾਲ-ਜਵਾਬ ਵੀ ਹੋਣਗੇ। ਇਸ ਤੋਂ ਇਲਾਵਾ ਪੀ.ਏ.ਯੂ, ਸਰਕਾਰੀ ਵਿਭਾਗਾਂ ਅਤੇ ਪ੍ਰਾਈਵੇਟ ਕੰਪਨੀਆਂ ਵੱਲੋਂ ਖੇਤੀ ਅਧਾਰਿਤ ਸਟਾਲ/ਪ੍ਰਦਰਸ਼ਨੀਆਂ ਵੀ ਲਗਾਏ ਜਾਣਗੇ। ਮੇਲੇ ਵਿੱਚ ਹਾੜੀ ਦੀਆਂ ਫ਼ਸਲਾਂ ਦੀਆਂ ਕਿਸਮਾਂ ਅਤੇ ਹੋਰ ਖੇਤੀ ਤਕਨੀਕਾਂ ਦੀਆਂ ਲਾਈਵ ਪ੍ਰਦਰਸ਼ਨੀਆਂ ਵੀ ਦਿਖਾਈਆਂ ਜਾਣਗੀਆਂ, ਜਿਸ ਵਿੱਚ ਕਿਸਾਨਾਂ ਅਤੇ ਬੀਬੀਆਂ ਲਈ ਬਹੁਤ ਕੀਮਤੀ ਜਾਣਕਾਰੀ ਹੋਵੇਗੀ।
ਉਨ੍ਹਾਂ ਦੱਸਿਆ ਕਿ ਇਸ ਮੇਲੇ ਵਿੱਚ ਪੰਜਾਬ ਸਰਕਾਰ ਦੇ ਮੰਤਰੀ ਅਤੇ ਡਾ. ਸਤਬੀਰ ਸਿੰਘ ਗੋਸ਼ਲ ਕੁਲਪਤੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਸ਼ੇਸ ਤੌਰ ’ਤੇ ਪਹੁੰਚ ਰਹੇ ਹਨ। ਯੂਨੀਵਰਸਿਟੀ ਨਾਲ ਜੁੜੇ ਸੈਲਫ ਹੈਲਪ ਗਰੁੱਪ ਵੀ ਆਪਣੇ ਸਟਾਲ/ਪ੍ਰਦਰਸ਼ਨੀਆਂ ਵੀ ਲਗਾਕੇ ਫ਼ਸਲਾਂ ਦੀ ਉਪਜ ਨੂੰ ਸਹੀ ਢੰਗ ਨਾਲ ਵੇਚਣ ਲਈ ਕਿਸਾਨਾਂ ਨੂੰ ਜਾਗਰੂਕ ਕਰਨਗੇ। ਉਨ੍ਹਾਂ ਇਲਾਕੇ ਦੇ ਸਮੂਹ ਵੀਰਾਂ/ਭੈਣਾਂ/ਬਜ਼ੁਰਗਾਂ ਨੂੰ 27 ਮਾਰਚ ਦਿਨ ਸ਼ੁੱਕਰਵਾਰ ਨੂੰ ਕਿਸਾਨ ਮੇਲੇ ਵਿੱਚ ਹੁੰਮ-ਹੁਮਾ ਕਿ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ