
ਪਟਿਆਲਾ, 16 ਮਾਰਚ (ਹਿੰ.ਸ.)। ਜ਼ਿਲ੍ਹਾ ਖ਼ਜ਼ਾਨਾ ਅਫ਼ਸਰ ਪਟਿਆਲਾ ਸਨੇਹ ਲਤਾ ਨੇ ਜ਼ਿਲ੍ਹੇ ਦੇ ਸਮੂਹ ਪੈਨਸ਼ਨਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਡਿਜ਼ੀਟਲ ਲਾਈਫ ਸਰਟੀਫਿਕੇਟ 31 ਮਾਰਚ ਤੱਕ ਜਮ੍ਹਾਂ ਕਰਵਾਉਣ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੇਵਾ ਮੁਕਤ ਪੈਨਸ਼ਨਰਾਂ ਦੀ ਸਹੂਲਤ ਅਤੇ ਪਾਰਦਰਸ਼ਤਾ ਨੂੰ ਧਿਆਨ ਵਿੱਚ ਰੱਖਦਿਆਂ ਡਿਜ਼ੀਟਲ ਲਾਈਫ ਸਰਟੀਫਿਕੇਟ (ਜੀਵਨ ਪ੍ਰਮਾਣ) ਜਮ੍ਹਾਂ ਕਰਵਾਉਣਾ ਲਾਜ਼ਮੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕਈ ਪੈਨਸ਼ਨਰਾਂ ਵੱਲੋਂ ਅਜੇ ਵੀ ਬੈਂਕਾਂ ਵਿੱਚ ਮੈਨੁਅਲ ਲਾਈਫ ਸਰਟੀਫਿਕੇਟ ਜਮ੍ਹਾਂ ਕਰਵਾਏ ਜਾ ਰਹੇ ਹਨ, ਜੋ ਹੁਣ ਮੰਨੇ ਨਹੀਂ ਜਾਣਗੇ।
ਸਨੇਹ ਲਤਾ ਨੇ ਕਿਹਾ ਕਿ ਆਪਣੀ ਪੈਨਸ਼ਨ ਬਿਨਾਂ ਕਿਸੇ ਰੁਕਾਵਟ ਦੇ ਜਾਰੀ ਰੱਖਣ ਲਈ ਸਮੂਹ ਪੈਨਸ਼ਨਰ ਆਪਣਾ ਡਿਜ਼ੀਟਲ ਲਾਈਫ ਸਰਟੀਫਿਕੇਟ ਨਜ਼ਦੀਕੀ, ਸਬੰਧਤ ਬੈਂਕ ਸ਼ਾਖਾ, ਖਜ਼ਾਨਾ ਦਫ਼ਤਰ ਜਾਂ ਸੇਵਾ ਕੇਂਦਰ ਰਾਹੀਂ ਜਮ੍ਹਾਂ ਕਰਵਾ ਸਕਦੇ ਹਨ। ਇਸ ਤੋਂ ਇਲਾਵਾ ਪੈਨਸ਼ਨਰ ਰਾਜ ਸਰਕਾਰ ਦੀ “ਘਰ ਬੈਠੇ ਸੇਵਾ” ਦਾ ਲਾਭ ਲੈਂਦੇ ਹੋਏ 1076 ਨੰਬਰ ’ਤੇ ਕਾਲ ਕਰਕੇ ਡੋਰ-ਸਟੈਪ ਸੇਵਾ ਵੀ ਪ੍ਰਾਪਤ ਕਰ ਸਕਦੇ ਹਨ ਜਾਂ ਜੀਵਨ ਪ੍ਰਮਾਣ ਪੱਤਰ ਐਪ ਡਾਊਨਲੋਡ ਕਰਕੇ ਘਰ ਬੈਠੇ ਇਹ ਪ੍ਰਕਿਰਿਆ ਪੂਰੀ ਕਰ ਸਕਦੇ ਹਨ।
ਜ਼ਿਲ੍ਹਾ ਖ਼ਜ਼ਾਨਾ ਅਫ਼ਸਰ (ਡੀਟੀਓ) ਪਟਿਆਲਾ ਨੇ ਸਮੂਹ ਪੈਨਸ਼ਨਰਾਂ ਨੂੰ ਅਪੀਲ ਕੀਤੀ ਹੈ ਕਿ ਆਪਣਾ ਡਿਜੀਟਲ ਲਾਈਫ ਸਰਟੀਫਿਕੇਟ 31 ਮਾਰਚ 2026 ਤੋਂ ਪਹਿਲਾਂ ਜਮ੍ਹਾਂ ਕਰਵਾਉਣਾ ਯਕੀਨੀ ਬਣਾਇਆ ਜਾਵੇ ਤਾਂ ਜੋ ਪੈਨਸ਼ਨ ਦੀ ਅਦਾਇਗੀ ਵਿੱਚ ਕੋਈ ਰੁਕਾਵਟ ਨਾ ਆਵੇ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ