
ਅੰਮ੍ਰਿਤਸਰ, 17 ਮਾਰਚ (ਹਿੰ.ਸ.)। ਦਲਵਿੰਦਰਜੀਤ ਸਿੰਘ, ਆਈ.ਏ.ਐਸ, ਡਿਪਟੀ ਕਮਿਸ਼ਨਰ, ਅੰਮ੍ਰਿਤਸਰ ਦੇ ਨਿਰਦੇਸ਼ਾ ਅਨੁਸਾਰ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ ਸਾਡੇ ਬਜ਼ੁਰਗ, ਸਾਡਾ ਮਾਣ ਤਹਿਤ ਇੱਕ ਚੇਤਨਾ ਅਤੇ ਸਿੱਖਿਆ ਸੈਮੀਨਾਰ ਦਾ ਆਯੋਜਨ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਕੀਤਾ ਗਿਆ। ਇਸ ਸੈਮੀਨਾਰ ਵਿੱਚ ਵੱਖ-ਵੱਖ ਗੈਰ ਸਰਕਾਰੀ ਸੰਸਥਾਵਾਂ ਦੇ ਨੁਮਾਇੰਦਿਆਂ, ਰੈਡ ਕਰਾਸ ਦੇ ਵੰਲਟੀਅਰ ਅਤੇ ਯੂਥ ਕਲੱਬਾਂ ਦੇ ਨੁਮਾਇੰਦਿਆਂ ਨੇ ਭਾਗ ਲਿਆ।
ਇਸ ਸਮਾਰੋਹ ਵਿੱਚ ਡਾ. ਰੁਪਿੰਦਰਪਾਲ ਸਿੰਘ, ਪੀ.ਸੀ.ਐੱਸ, ਵਧੀਕ ਡਿਪਟੀ ਕਮਿਸ਼ਨਰ, ਅੰਮ੍ਰਿਤਸਰ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਵਧੀਕ ਡਿਪਟੀ ਕਮਿਸ਼ਨਰ ਡਾ. ਰੁਪਿੰਦਰਪਾਲ ਸਿੰਘ ਨੇ ਕਿਹਾ ਕਿ ਇੱਕ ਚੰਗਾ ਪਰਿਵਾਰ ਉਹੀ ਹੁੰਦਾ ਹੈ ਜਿਸ ਵਿੱਚ ਬਜ਼ੁਰਗ ਦਾ ਸਤਿਕਾਰ ਹੁੰਦਾ ਹੈ। ਉਨ੍ਹਾਂ ਕਿਹਾ ਕਿ ਬਜ਼ੁਰਗਾਂ ਦੇ ਮਾਣ-ਸਨਮਾਨ ਨਾਲ ਹੀ ਇੱਕ ਚੰਗੇ ਸਮਾਜ ਦੀ ਸਿਰਜਣਾ ਹੁੰਦੀ ਹੈ।
ਇਸ ਮੌਕੇ ਤੇ ਇਸ ਪ੍ਰੋਗਰਾਮ ਦੇ ਆਯੋਜਕ ਸੈਮਸਨ ਮਸੀਹ, ਕਾਰਜਕਾਰੀ ਸਕੱਤਰ, ਰੈਡ ਕਰਾਸ ਨੇ ਆਏ ਹੋਏ ਮੁੱਖ ਮਹਿਮਾਨ ਅਤੇ ਸਾਰੇ ਨੁਮਾਇੰਦਿਆਂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਦੇ ਨਿਰਦੇਸ਼ਾਂ ਅਨੁਸਾਰ ਸਾਡੇ ਬਜ਼ੁਰਗ, ਸਾਡਾ ਮਾਣ ਪ੍ਰੋਗਰਾਮ ਤਹਿਤ ਵੱਖ-ਵੱਖ ਸਿੱਖਿਆ ਅਤੇ ਚੇਤਨਾ ਪ੍ਰੋਗਰਾਮ ਆਯੋਜਿਤ ਕਰਕੇ ਸਮਾਜ ਦੇ ਸਾਰੇ ਵਰਗਾਂ ਨੂੰ ਸੁਚੇਤ ਅਤੇ ਸਿੱਖਿਆ ਕਰਕੇ ਲਾਮਬੰਦ ਕੀਤਾ ਜਾਵੇਗਾ।
ਇਸ ਸਮਾਰੋਹ ਵਿੱਚ ਡਾ. ਹਰਕਿਰਨਜੀਤ ਕੋਰ, ਸਹਾਇਕ ਪ੍ਰੋਫੈਸਰ ਕਾਨੂੰਨ ਵਿਭਾਗ ਦੀਪਕ ਬੱਬਰ, ਬਾਬਾ ਚਾਹਲ, ਬਿਕਰਮਜੀਤ ਸਿੰਘ, ਜਗਜੀਤ ਸਿੰਘ ਆਦਿ ਨੇ ਸੰਬੋਧਨ ਕੀਤਾ। ਇਸ ਮੌਕੇ ਜਸਵੰਤ ਸਿੰਘ 85 ਸਾਲਾਂ ਦੇ ਰੈਡ ਕਰਾਸ ਵੰਲਟੀਅਰ ਨੂੰ ਵਿਸ਼ੇਸ਼ ਤੌਰ `ਤੇ ਸਨਮਾਨਿਤ ਕੀਤਾ ਗਿਆ। ਇਸ ਸਮਾਰੋਹ ਵਿੱਚ ਵਿਨੋਦ ਕੁਮਾਰ, ਸ਼ਸ਼ਪਾਲ ਸਿੰਘ, ਗੁਰਪ੍ਰੀਤ ਕੌਰ, ਨੇਹਾ, ਮੁਕੁਲ, ਯੂਸਫ ਮਸੀਹ ਅਤੇ ਪਲਵਿੰਦਰ ਸਿੰਘ ਹਾਜ਼ਰ ਸਨ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ