
ਬਰਨਾਲਾ, 17 ਮਾਰਚ (ਹਿੰ.ਸ.)। ਸਿਹਤ ਵਿਭਾਗ ਬਰਨਾਲਾ ਵੱਲੋਂ ਡਿਪਟੀ ਕਮਿਸ਼ਨਰ ਬਰਨਾਲਾ ਹਰਪ੍ਰੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਿਵਲ ਸਰਜਨ ਬਰਨਾਲਾ ਡਾ. ਹਰੀਪਾਲ ਸਿੰਘ ਸਿੱਧੂ ਦੀ ਅਗਵਾਈ ਹੇਠ ਧੀਆਂ ਨੂੰ ਭਵਿੱਖ ਵਿੱਚ ਸਰਵੀਕਲ ਕੈਂਸਰ (ਬੱਚੇਦਾਨੀ ਦੇ ਮੂੰਹ ਦਾ ਕੈਂਸਰ) ਤੋਂ ਬਚਾਉਣ ਲਈ ਐਚ.ਪੀ. ਵੀ ਟੀਕਾਕਰਨ ਮੁਹਿੰਮ ਸ਼ੁਰੂ ਕੀਤੀ ਗਈ ਹੈ ਤਾਂ ਜੋ ਭਵਿੱਖ ਵਿੱਚ ਇਸ ਬਿਮਾਰੀ ਦੀ ਰੋਕਥਾਮ ਕੀਤੀ ਜਾ ਸਕੇ।
ਜ਼ਿਲ੍ਹਾ ਟੀਕਾਕਰਨ ਅਫ਼ਸਰ ਬਰਨਾਲਾ ਡਾ. ਹਰਜੀਤ ਸਿੰਘ ਨੇ ਦੱਸਿਆ ਕਿ ਇਹ ਵੈਕਸੀਨ ਉਨ੍ਹਾਂ 14 ਸਾਲ ਦੀਆਂ ਬੱਚੀਆਂ ਨੂੰ ਮੁਫ਼ਤ ਲਗਾਈ ਜਾਵੇਗੀ ਜਿਨ੍ਹਾਂ ਦਾ 14 ਵਾਂ ਜਨਮ ਦਿਨ ਲੰਘ ਚੁੱਕਾ ਹੈ ਅਤੇ 15 ਵਾਂ ਜਨਮ ਦਿਨ ਆਉਣਾ ਹੈ। ਇਹ ਵੈਕਸੀਨ ਵਿਸ਼ਵ ਸਿਹਤ ਸੰਸਥਾ ਵੱਲੋਂ ਪ੍ਰਵਾਨਿਤ ਹੈ ਅਤੇ ਪੂਰੀ ਤਰ੍ਹਾਂ ਸੁਰੱਖਿਅਤ ਹੈ। ਇਹ ਵੈਕਸੀਨ ਪ੍ਰਾਈਵੇਟ ਹਸਪਤਾਲਾਂ ਵਿੱਚ ਕਾਫ਼ੀ ਕੀਮਤ ‘ਤੇ ਲਗਾਈ ਜਾ ਰਹੀ ਹੈ। ਵਿਸ਼ਵ ਭਰ ਦੇ 160 ਦੇਸ਼ਾਂ ਵਿੱਚ ਇਹ ਵੈਕਸੀਨ ਲਗਾਈ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਵੈਕਸੀਨ ਸਬੰਧੀ ਸੋਸ਼ਲ ਮੀਡੀਆ ‘ਤੇ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਕਿ ਇਹ ਟੀਕਾਕਰਨ ਲੜਕੀਆਂ ਦੀ ਸਿਹਤ ਉੱਤੇ ਮਾੜਾ ਅਸਰ ਪਾਉਂਦਾ ਹੈ, ਉਨ੍ਹਾਂ ਕਿਹਾ ਕਿ ਅਜਿਹਾ ਨਹੀਂ ਹੈ।
ਡਾ. ਹਰਜੀਤ ਸਿੰਘ ਨੇ ਦੱਸਿਆ ਕਿ ਔਰਤਾਂ ਵਿੱਚ ਬੱਚੇਦਾਨੀ ਦੇ ਮੂੰਹ ਦੇ ਗੰਭੀਰ ਕੈਂਸਰ ਦਾ ਮੁੱਖ ਕਾਰਨ ਐਚ.ਪੀ. ਵੀ (ਹਿਊਮਨ ਪੈਪੀਲੋਮਾ ਵਾਇਰਸ) ਹੁੰਦਾ ਹੈ। ਇਸ ਬਿਮਾਰੀ ਤੋਂ ਬਚਾਅ ਲਈ ਸਮੇਂ ਸਿਰ ਐਚ.ਪੀ. ਵੀ ਟੀਕਾਕਰਨ ਬਹੁਤ ਜ਼ਰੂਰੀ ਹੈ।ਇਹ ਸਾਰੇ ਪੰਜਾਬ ਭਰ ਵਿੱਚ ਲਗਾਈ ਜਾ ਰਹੀ ਹੈ।
ਜ਼ਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫ਼ਸਰ ਕੁਲਦੀਪ ਸਿੰਘ ਮਾਨ ਨੇ ਦੱਸਿਆ ਕਿ ਇਹ ਵੈਕਸੀਨ ਰੋਜ਼ਾਨਾ ਜੱਚਾ-ਬੱਚਾ ਹਸਪਤਾਲ ਬਰਨਾਲਾ ਦੇ ਕਮਰਾ ਨੰਬਰ 106, ਸਬ ਡਵੀਜ਼ਨਲ ਹਸਪਤਾਲ ਤਪਾ, ਕਮਿਊਨਿਟੀ ਹੈਲਥ ਸੈਂਟਰ ( ਸਰਕਾਰੀ ਹਸਪਤਾਲ) ਧਨੌਲਾ, ਮਹਿਲ ਕਲਾਂ, ਭਦੌੜ ਅਤੇ ਚੰਨਣਵਾਲ ਵਿਖੇ ਡਾਕਟਰੀ ਟੀਮ ਦੀ ਨਿਗਰਾਨੀ ਹੇਠ ਸਰਕਾਰੀ ਛੁੱਟੀ ਅਤੇ ਐਤਵਾਰ ਨੂੰ ਛੱਡ ਕੇ ਬਾਕੀ ਸਾਰੇ ਦਿਨ ਲਗਾਈ ਜਾ ਰਹੀ ਹੈ। ਸਿਹਤ ਵਿਭਾਗ ਬਰਨਾਲਾ ਵੱਲੋਂ ਬੱਚੀਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਗਈ ਕਿ ਬੱਚੀਆਂ ਦੇ ਸਿਹਤਮੰਦ ਜੀਵਨ ਲਈ ਇਹ ਟੀਕਾਕਰਨ ਜ਼ਰੂਰ ਕਰਵਾਇਆ ਜਾਵੇ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ