
ਅੰਮ੍ਰਿਤਸਰ, 17 ਮਾਰਚ (ਹਿੰ.ਸ.)। ਪੰਜਾਬ ਲਘੂ ਉਦਯੋਗ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰ ਲੋਕ ਸਭਾ ਇੰਚਾਰਜ ਜਸਕਰਨ ਸਿੰਘ ਬੰਦੇਸ਼ਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਉਦਯੋਗਿਕ ਵਿਕਾਸ ਦੇ ਨਵੇਂ ਦੌਰ ਵਿੱਚ ਦਾਖਲ ਹੋ ਗਿਆ ਹੈ ਅਤੇ ਹੁਣ ਦੇਸ਼-ਵਿਦੇਸ਼ ਦੇ ਨਿਵੇਸ਼ਕਾਂ ਦੀ ਪਹਿਲੀ ਪਸੰਦ ਬਣ ਰਿਹਾ ਹੈ। ਉਨ੍ਹਾਂ ਕਿਹਾ ਕਿ ਮੋਹਾਲੀ ਵਿਖੇ ਕਰਵਾਏ ਗਏ ਪ੍ਰੋਗਰੈਸਿਵ ਪੰਜਾਬ ਨਿਵੇਸ਼ਕ ਸੰਮੇਲਨ 2026 ਦੌਰਾਨ ਵੱਡੇ ਉਦਯੋਗਿਕ ਘਰਾਣਿਆਂ ਵੱਲੋਂ ਵੱਡੇ ਪੱਧਰ ’ਤੇ ਨਿਵੇਸ਼ ਦੇ ਐਲਾਨ ਕੀਤੇ ਗਏ ਹਨ, ਜਿਸ ਨਾਲ ਪੰਜਾਬ ਵਿੱਚ ਉਦਯੋਗ ਅਤੇ ਰੋਜ਼ਗਾਰ ਨੂੰ ਵੱਡਾ ਬਲ ਮਿਲੇਗਾ।
ਚੇਅਰਮੈਨ ਬੰਦੇਸ਼ਾ ਨੇ ਦੱਸਿਆ ਕਿ ਸੰਮੇਲਨ ਦੇ ਪਹਿਲੇ ਹੀ ਦਿਨ ਵੱਖ-ਵੱਖ ਉਦਯੋਗਿਕ ਟਾਈਕੂਨਾਂ ਵੱਲੋਂ 10,000 ਕਰੋੜ ਰੁਪਏ ਤੋਂ ਵੱਧ ਦੇ ਨਿਵੇਸ਼ ਦੇ ਐਲਾਨ ਕੀਤੇ ਗਏ। ਵਿਸ਼ਵ ਪ੍ਰਸਿੱਧ ਉਦਯੋਗਪਤੀ ਲਕਸ਼ਮੀ ਨਿਵਾਸ ਮਿੱਤਲ ਨੇ ਬਠਿੰਡਾ ਵਿੱਚ ਸਥਿਤ ਗੁਰੂ ਗੋਬਿੰਦ ਸਿੰਘ ਰਿਫਾਈਨਰੀ ਦੇ ਵਿਸਥਾਰ ਲਈ ਲਗਭਗ 2,600 ਕਰੋੜ ਰੁਪਏ ਦੇ ਨਿਵੇਸ਼ ਦਾ ਐਲਾਨ ਕੀਤਾ। ਇਸੇ ਤਰ੍ਹਾਂ ਟਾਟਾ ਸਟੀਲ ਵੱਲੋਂ ਲੁਧਿਆਣਾ ਨੇੜੇ ਸਟੀਲ ਪਲਾਂਟ ਲਗਾਉਣ ਲਈ ਹਜ਼ਾਰਾਂ ਕਰੋੜ ਰੁਪਏ ਦੇ ਨਿਵੇਸ਼ ਦਾ ਭਰੋਸਾ ਦਿੱਤਾ ਗਿਆ ਹੈ, ਜਿਸ ਨਾਲ ਹਜ਼ਾਰਾਂ ਨਵੀਆਂ ਨੌਕਰੀਆਂ ਪੈਦਾ ਹੋਣਗੀਆਂ।
ਇਸ ਤੋਂ ਇਲਾਵਾ ਸੱਜਣ ਜਿੰਦਲ ਦੀ ਅਗਵਾਈ ਵਾਲੇ ਜੇ ਏਸ ਡਬਲਿਊ ਗਰੁੱਪ ਨੇ ਰਾਜਪੁਰਾ ਵਿੱਚ ਆਪਣੀ ਉਦਯੋਗਿਕ ਸਹੂਲਤ ਨੂੰ ਅਧੁਨਿਕ ਬਣਾਉਣ ਲਈ ਵੱਡੇ ਪੱਧਰ ’ਤੇ ਨਿਵੇਸ਼ ਕਰਨ ਦਾ ਐਲਾਨ ਕੀਤਾ ਹੈ। ਪੰਜਾਬ ਦੇ ਆਪਣੇ ਉਦਯੋਗਿਕ ਗਰੁੱਪਾਂ ਜਿਵੇਂ ਟਰਾਈਡੈਂਟ, ਹੀਰੋ ਸਾਈਕਲ, ਸੋਨਾਲਿਕਾ, ਪ੍ਰੀਤ ਟਰੈਕਟਰ, ਮੌਂਟੀ ਕਾਰਲੋ ਅਤੇ ਵਰਧਮਾਨ ਗਰੁੱਪ ਨੇ ਵੀ ਟੈਕਸਟਾਈਲ, ਟਰੈਕਟਰ ਅਤੇ ਹੋਰ ਉਦਯੋਗਿਕ ਖੇਤਰਾਂ ਵਿੱਚ ਆਪਣੇ ਵਿਸਥਾਰ ਦੀ ਯੋਜਨਾ ਦਾ ਐਲਾਨ ਕੀਤਾ ਹੈ।
ਚੇਅਰਮੈਨ ਜਸਕਰਨ ਸਿੰਘ ਬੰਦੇਸ਼ਾ ਨੇ ਕਿਹਾ ਕਿ ਪੰਜਾਬ ਵਿੱਚ ਉਦਯੋਗਿਕ ਵਿਕਾਸ ਨੂੰ ਹੋਰ ਮਜ਼ਬੂਤੀ ਦੇਣ ਲਈ ਕਈ ਹੋਰ ਕੰਪਨੀਆਂ ਵੀ ਨਿਵੇਸ਼ ਕਰ ਰਹੀਆਂ ਹਨ। ਸਨਾਤਨ ਪੋਲੀਕੋਟ ਵੱਲੋਂ 1,600 ਕਰੋੜ ਰੁਪਏ,ਅੰਬੁਜਾ ਸੀਮੈਂਟ ਵੱਲੋਂ 1,400 ਕਰੋੜ ਰੁਪਏ, ਰੁਚਿਰਾ ਪੇਪਰਸ ਵੱਲੋਂ 1,137 ਕਰੋੜ ਰੁਪਏ ਅਤੇ ਹੈਪੀ ਫੋਰਜਿੰਗਸ ਵੱਲੋਂ 1,000 ਕਰੋੜ ਰੁਪਏ ਦੇ ਨਿਵੇਸ਼ ਨਾਲ ਪੰਜਾਬ ਦੇ ਉਦਯੋਗਿਕ ਖੇਤਰ ਨੂੰ ਹੋਰ ਤਾਕਤ ਮਿਲੇਗੀ।
ਉਨ੍ਹਾਂ ਦੱਸਿਆ ਕਿ ਸਿਹਤ ਅਤੇ ਸੂਚਨਾ ਖੇਤਰ ਵਿੱਚ ਵੀ ਵੱਡੇ ਨਿਵੇਸ਼ ਹੋ ਰਹੇ ਹਨ। ਫੋਰਟਿਸ ਵੱਲੋਂ ਮੋਹਾਲੀ ਵਿੱਚ 900 ਕਰੋੜ ਰੁਪਏ ਦੇ ਵਿਸਥਾਰ ਨਾਲ ਲਗਭਗ 4,700 ਨਵੀਆਂ ਨੌਕਰੀਆਂ ਪੈਦਾ ਹੋਣਗੀਆਂ, ਜਦਕਿ ਇਨਫੋਸਿਸ ਵੱਲੋਂ ਵੀ ਮੋਹਾਲੀ ਵਿੱਚ ਨਿਵੇਸ਼ ਕਰਕੇ ਹਜ਼ਾਰਾਂ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਬਣਾਏ ਜਾਣਗੇ। ਅੰਤਰਰਾਸ਼ਟਰੀ ਕੰਪਨੀਆਂ ਵੀ ਪੰਜਾਬ ਵਿੱਚ ਨਿਵੇਸ਼ ਲਈ ਅੱਗੇ ਆ ਰਹੀਆਂ ਹਨ। ਜਪਾਨ ਦੀ ਟੌਪਾਨ ਅਤੇ ਨੀਦਰਲੈਂਡ ਦੀ ਡੀ ਹਿਊਸ ਵਰਗੀਆਂ ਕੰਪਨੀਆਂ ਵੱਲੋਂ ਵੀ ਪੰਜਾਬ ਵਿੱਚ ਵੱਡੇ ਪੱਧਰ ’ਤੇ ਨਿਵੇਸ਼ ਦੀ ਯੋਜਨਾ ਬਣਾਈ ਗਈ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਨਵੀਂ ਉਦਯੋਗਿਕ ਨੀਤੀ ਅਤੇ ਸਿੰਗਲ-ਵਿੰਡੋ ਪ੍ਰਣਾਲੀ ਕਾਰਨ ਨਿਵੇਸ਼ਕਾਂ ਨੂੰ ਸਾਰੀਆਂ ਮਨਜ਼ੂਰੀਆਂ ਤੇਜ਼ੀ ਨਾਲ ਮਿਲ ਰਹੀਆਂ ਹਨ। ਅਰਵਿੰਦ ਕੇਜਰੀਵਾਲ ਵੱਲੋਂ ਵੀ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਲਈ ਸਪੱਸ਼ਟ ਨੀਤੀਆਂ ਅਤੇ 45 ਦਿਨਾਂ ਦੇ ਅੰਦਰ ਮਨਜ਼ੂਰੀਆਂ ਦੇਣ ਦੀ ਪ੍ਰਣਾਲੀ ’ਤੇ ਜ਼ੋਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਲਗਭਗ 1.5 ਲੱਖ ਕਰੋੜ ਰੁਪਏ ਦੇ ਸੰਭਾਵਿਤ ਨਿਵੇਸ਼ ਨਾਲ ਪੰਜਾਬ ਵਿੱਚ ਉਦਯੋਗ, ਰੋਜ਼ਗਾਰ ਅਤੇ ਆਰਥਿਕ ਵਿਕਾਸ ਨੂੰ ਨਵੀਂ ਦਿਸ਼ਾ ਮਿਲੇਗੀ ਅਤੇ ਸੂਬਾ ਦੇਸ਼ ਦੇ ਉਦਯੋਗਿਕ ਨਕਸ਼ੇ ’ਤੇ ਹੋਰ ਮਜ਼ਬੂਤ ਹੋਵੇਗਾ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਦੀ ਉਦਯੋਗ-ਪੱਖੀ ਨੀਤੀਆਂ ਕਾਰਨ ਪੰਜਾਬ ਹੁਣ ਦੇਸ਼-ਵਿਦੇਸ਼ ਦੇ ਨਿਵੇਸ਼ਕਾਂ ਲਈ ਸਭ ਤੋਂ ਭਰੋਸੇਮੰਦ ਮੰਜ਼ਿਲ ਬਣਦਾ ਜਾ ਰਿਹਾ ਹੈ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ