
ਲੁਧਿਆਣਾ, 17 ਮਾਰਚ (ਹਿੰ.ਸ.)। ਉੱਤਰੀ ਵਿਧਾਨ ਸਭਾ ਤੋਂ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਨੇ ਵਿਧਾਨ ਸਭਾ ਸੈਸ਼ਨ ਦੌਰਾਨ ਬੁੱਢੇ ਦਰਿਆ ਦੀ ਸਫ਼ਾਈ ਦਾ ਮੁੱਦਾ ਉਠਾਇਆ ਅਤੇ ਆਉਣ ਵਾਲੇ ਬਰਸਾਤ ਦੇ ਸੀਜ਼ਨ ਦੌਰਾਨ ਸ਼ਹਿਰੀ ਖੇਤਰ ਤੋਂ ਬਾਹਰਵਾਰ ਵਹਿਣ ਵਾਲੇ ਦਰਿਆ ਦੀ ਸਫ਼ਾਈ ਕਰਵਾਉਣ ਦੀ ਮੰਗ ਕੀਤੀ।
ਪ੍ਰਸ਼ਨ ਕਾਲ ਦੌਰਾਨ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਵੱਲੋਂ ਦਿੱਤੇ ਸਮੇਂ ਦੀ ਸੁਚੱਜੀ ਵਰਤੋਂ ਕਰਦਿਆਂ ਬੱਗਾ ਨੇ ਵਿਧਾਨ ਸਭਾ ਨੂੰ ਦੱਸਿਆ ਕਿ ਪਿਛਲੇ ਚਾਰ ਸਾਲਾਂ ਤੋਂ ਉਨ੍ਹਾਂ ਨੇ ਵਿਧਾਨ ਸਭਾ ਉਤਰੀ ਵਿੱਚੋਂ ਲੰਘਦੇ ਬੁੱਢੇ ਦਰਿਆ ਦੀ ਸਫਾਈ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਉਨ੍ਹਾਂ ਦੇ ਵਿਧਾਇਕ ਕਾਰਜਕਾਲ ਦੌਰਾਨ ਸ਼ਹਿਰੀ ਖੇਤਰ ਵਿੱਚ ਸਾਲਾਂ ਤੋਂ ਦੂਸ਼ਿਤ ਦਰਿਆ ਦੀ ਸਫ਼ਾਈ ਤਾਂ ਹੀ ਲਾਹੇਵੰਦ ਹੋਵੇਗੀ ਜੇਕਰ ਆਉਣ ਵਾਲੇ ਬਰਸਾਤ ਦੇ ਮੌਸਮ ਤੋਂ ਪਹਿਲਾਂ ਸ਼ਹਿਰ ਦੇ ਬਾਹਰੀ ਹਿੱਸੇ ਭਾਵ ਅਗਲੇ ਪੜਾਅ ਡੇਅਰੀ ਕੰਪਲੈਕਸ, ਮਲਕਪੁਰ, ਉਜੈਨਪੁਰ ਅਤੇ ਬੁੱਢੇ ਦਰਿਆ ਦੇ ਹੋਰ ਹਿੱਸਿਆਂ ਦੀ ਵੀ ਸਫ਼ਾਈ ਕਰਵਾਈ ਜਾਵੇ। ਜੇਕਰ ਇਨ੍ਹਾਂ ਇਲਾਕਿਆਂ ਵਿੱਚ ਸਫ਼ਾਈ ਦੇ ਪ੍ਰਬੰਧ ਨਾ ਕੀਤੇ ਗਏ ਤਾਂ ਬਰਸਾਤ ਦੇ ਮੌਸਮ ਦੌਰਾਨ ਸ਼ਹਿਰ ਦੇ ਅੰਦਰਲੇ ਇਲਾਕਿਆਂ ਵਿੱਚ ਪਾਣੀ ਬੈਕ ਹੋਣ ਕਾਰਨ ਸਫ਼ਾਈ ਦਾ ਕੋਈ ਲਾਭ ਨਹੀਂ ਹੋਵੇਗਾ। ਇਸ ਲਈ ਉਪਰੋਕਤ ਖੇਤਰਾਂ ਦੀ ਜਲਦੀ ਤੋਂ ਜਲਦੀ ਸਫ਼ਾਈ ਕਰਵਾਈ ਜਾਵੇ। ਤਾਂ ਜੋ ਸ਼ਹਿਰੀ ਖੇਤਰਾਂ ਨੂੰ ਪਾਣੀ ਦੇ ਓਵਰਫਲੋ ਹੋਣ ਤੋਂ ਬਚਾਇਆ ਜਾ ਸਕੇ।
ਉਨ੍ਹਾਂ ਵਿਧਾਨ ਸਭਾ ਵਿੱਚ ਮੌਜੂਦ ਸਥਾਨਕ ਸਰਕਾਰਾਂ ਮੰਤਰੀ ਅਤੇ ਡਰੇਨੇਜ ਵਿਭਾਗ ਦੇ ਮੰਤਰੀ ਦਾ ਵੀ ਧਿਆਨ ਖਿਚਦੀਆਂ ਕਿਹਾ ਕਿ ਬਰਸਾਤ ਦੇ ਮੌਸਮ ਤੋਂ ਪਹਿਲਾਂ ਇਨ੍ਹਾਂ ਇਲਾਕਿਆਂ ਵਿੱਚੋਂ ਲੰਘਦੇ ਬੁੱਢੇ ਦਰਿਆ ਦੀ ਸਫਾਈ ਵੱਲ ਧਿਆਨ ਦਿੱਤਾ ਜਾਵੇ।
---------------
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ