
ਬਠਿੰਡਾ, 19 ਮਾਰਚ (ਹਿੰ.ਸ.)। ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਆਗੂ ਤੇ ਬਠਿੰਡਾ ਸੰਸਦੀ ਹਲਕੇ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਇਕ ਵਾਰ ਫਿਰ ਆਪਣੇ ਇਲਾਕੇ ਨਾਲ ਸਬੰਧਿਤ ਰੇਲ ਸਮੱਸਿਆਵਾਂ ਨੂੰ ਸੰਸਦ ਵਿਚ ਜ਼ੋਰਦਾਰ ਢੰਗ ਨਾਲ ਉਠਾਇਆ ਹੈ। ਉਨ੍ਹਾਂ ਕਿਹਾ ਕਿ ਉਹ ਕਈ ਵਾਰ ਇਹ ਮੰਗਾਂ ਸੰਸਦ ਵਿਚ ਚੁੱਕ ਚੁੱਕੇ ਹਨ ਅਤੇ ਰੇਲ ਮੰਤਰੀ ਤੇ ਅਧਿਕਾਰੀਆਂ ਨਾਲ ਵੀ ਮੁਲਾਕਾਤਾਂ ਕਰ ਚੁੱਕੀਆਂ ਹਨ, ਪਰ ਹੁਣ ਤੱਕ ਇਨ੍ਹਾਂ ਮੰਗਾਂ ’ਤੇ ਕੋਈ ਕਾਰਵਾਈ ਨਹੀਂ ਹੋਈ, ਜੋ ਚਿੰਤਾ ਦੀ ਗੱਲ ਹੈ।
ਸ਼੍ਰੋਮਣੀ ਅਕਾਲੀ ਦਲ ਬਠਿੰਡਾ ਸ਼ਹਿਰੀ ਦੇ ਹਲਕਾ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋਂ ਨੇ ਸਾਂਸਦ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹਰਸਿਮਰਤ ਕੌਰ ਬਾਦਲ ਲਗਾਤਾਰ ਬਠਿੰਡਾ ਹਲਕੇ ਦੇ ਲੋਕਾਂ ਦੀ ਆਵਾਜ਼ ਸੰਸਦ ਤੱਕ ਪਹੁੰਚਾ ਰਹੀ ਹਨ। ਉਨ੍ਹਾਂ ਦੱਸਿਆ ਕਿ ਸਾਂਸਦ ਨੇ ਸੰਸਦ ਵਿਚ ਕਿਹਾ ਕਿ ਸਿੱਖ ਕੌਮ ਨੇ ਦੇਸ਼ ਲਈ ਵੱਡੀਆਂ ਕੁਰਬਾਨੀਆਂ ਦਿੱਤੀਆਂ ਹਨ, ਪਰ ਅਜੇ ਤੱਕ ਬਠਿੰਡਾ ਜ਼ਿਲ੍ਹੇ ਵਿਚ ਸਥਿਤ ਤਖ਼ਤ ਸ੍ਰੀ ਦਮਦਮਾ ਸਾਹਿਬ ਨੂੰ ਰੇਲ ਲਿੰਕ ਨਾਲ ਨਹੀਂ ਜੋੜਿਆ ਗਿਆ। ਉਨ੍ਹਾਂ ਕਿਹਾ ਕਿ ਕਰੀਬ 10 ਕਿਲੋਮੀਟਰ ਦੀ ਰੇਲ ਲਾਈਨ ਪਾ ਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਨੂੰ ਰੇਲ ਨੈੱਟਵਰਕ ਨਾਲ ਜੋੜਿਆ ਜਾ ਸਕਦਾ ਹੈ। ਜੇ ਇਹ ਸਹੂਲਤ ਮਿਲ ਜਾਵੇ ਤਾਂ ਦੇਸ਼ ਵਿਦੇਸ਼ ਤੋਂ ਆਉਣ ਵਾਲੇ ਸਿੱਖ ਸ਼ਰਧਾਲੂਆਂ ਨੂੰ ਵੱਡੀ ਸਹੂਲਤ ਮਿਲੇਗੀ ਅਤੇ ਧਾਰਮਿਕ ਸੈਰ-ਸਪਾਟੇ ਨੂੰ ਵੀ ਹੁਲਾਰਾ ਮਿਲੇਗਾ।
ਹਰਸਿਮਰਤ ਨੇ ਇਸ ਦੇ ਨਾਲ ਹੀ ਸਰਦੂਲਗੜ੍ਹ ਨੂੰ ਵੀ ਰੇਲ ਸੰਪਰਕ ਨਾਲ ਜੋੜਨ ਦੀ ਜ਼ੋਰਦਾਰ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇਸ ਇਲਾਕੇ ਦੇ ਲੋਕ ਕਾਫ਼ੀ ਸਮੇਂ ਤੋਂ ਰੇਲ ਸਹੂਲਤ ਦੀ ਉਡੀਕ ਕਰ ਰਹੇ ਹਨ ਅਤੇ ਇਸ ਨਾਲ ਇਲਾਕੇ ਦੇ ਵਿਕਾਸ ਨੂੰ ਵੀ ਰਫ਼ਤਾਰ ਮਿਲੇਗੀ।
ਹਰਸਿਮਰਤ ਕੌਰ ਬਾਦਲ ਨੇ ਸੰਸਦ ਵਿਚ ਹੋਰ ਕਈ ਮਹੱਤਵਪੂਰਨ ਮੰਗਾਂ ਵੀ ਰੱਖੀਆਂ। ਉਨ੍ਹਾਂ ਤਖ਼ਤ ਸ੍ਰੀ ਪਟਨਾ ਸਾਹਿਬ, ਤਖ਼ਤ ਸ੍ਰੀ ਹਜ਼ੂਰ ਸਾਹਿਬ ਅਤੇ ਤਖ਼ਤ ਸ੍ਰੀ ਨਾਂਦੇੜ ਸਾਹਿਬ ਲਈ ਫਿਰੋਜ਼ਪੁਰ ਤੋਂ ਹਜ਼ੂਰ ਸਾਹਿਬ ਤੱਕ ਨਵੀਂ ਵੰਦੇ ਭਾਰਤ ਰੇਲਗੱਡੀ ਚਲਾਉਣ ਦੀ ਮੰਗ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਅਕਾਲ ਤਖ਼ਤ ਸਾਹਿਬ ਅਤੇ ਗੁਰਮੁਖੀ ਰੇਲਗੱਡੀ ਦਾ ਰਾਜਪੁਰਾ ਵਿਚ ਠਹਿਰਾਉ ਦੇਣ ਦੀ ਮੰਗ ਵੀ ਕੀਤੀ।
ਉਨ੍ਹਾਂ ਮਾਨਸਾ ਰੇਲਵੇ ਸਟੇਸ਼ਨ ਨਾਲ ਜੁੜੀਆਂ ਸਮੱਸਿਆਵਾਂ ਦਾ ਵੀ ਜ਼ਿਕਰ ਕੀਤਾ। ਸਾਂਸਦ ਨੇ ਮਾਨਸਾ ਰੇਲਵੇ ਸਟੇਸ਼ਨ ਦੇ ਨੇੜੇ ਬਣੇ ਰੇਲਵੇ ਮਾਲ ਕੇਂਦਰ ਨੂੰ ਨਰੇੰਦਰਪੁਰਾ ਤਬਦੀਲ ਕਰਨ, ਸਟੇਸ਼ਨ ਦਾ ਇਕ ਗੇਟ ਸ਼ਹਿਰ ਵੱਲ ਬਣਾਉਣ, ਅੰਡਰਬ੍ਰਿਜ਼ ’ਤੇ ਛੱਤ ਬਣਾਉਣ ਅਤੇ ਨਰੇੰਦਰਪੁਰਾ ਇਲਾਕੇ ਵਿਚ ਨਵਾਂ ਅੰਡਰਬ੍ਰਿਜ਼ ਬਣਾਉਣ ਦੀ ਮੰਗ ਕੀਤੀ।
ਇਸ ਤੋਂ ਇਲਾਵਾ ਬਠਿੰਡਾ ਵਿਚ ਐਨਐਫਐਲ ਜਾਣ ਵਾਲੇ ਕਰਮਚਾਰੀਆਂ ਦੀ ਸਹੂਲਤ ਲਈ ਰੇਲਵੇ ਫਾਟਕ ਨੰਬਰ 1/ਐਸ/3ਈ ਸਮੇਤ ਬਰੇਟਾ ਕੁਲਰੀਆਂ, ਪਥਰਾਲਾ ਅਤੇ ਬਲੂਆਣਾ ਵਿਚ ਅੰਡਰਬ੍ਰਿਜ਼ ਬਣਾਉਣ ਦੀ ਮੰਗ ਵੀ ਰੱਖੀ ਗਈ। ਸਾਂਸਦ ਨੇ ਕੋਵਿਡ-19 ਦੌਰਾਨ ਬੰਦ ਕੀਤੀਆਂ ਗਈਆਂ ਇੱਕ ਦਰਜਨ ਤੋਂ ਵੱਧ ਰੇਲਗੱਡੀਆਂ ਨੂੰ ਤੁਰੰਤ ਮੁੜ ਚਲਾਉਣ ਅਤੇ ਬਠਿੰਡਾ-ਮਾਨਸਾ ਰੇਲ ਲਾਈਨ ਨਾਲ ਪਾਈ ਜਾ ਰਹੀ ਨਵੀਂ ਲਾਈਨ ਦੇ ਰੁਕੇ ਹੋਏ ਕੰਮ ਨੂੰ ਜਲਦੀ ਪੂਰਾ ਕਰਨ ਦੀ ਵੀ ਮੰਗ ਕੀਤੀ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ