

ਫਾਜ਼ਿਲਕਾ, 02 ਮਾਰਚ (ਹਿੰ.ਸ.)। ਪੰਜਾਬ ਸਰਕਾਰ ਦੇ ਨਿਰਦੇਸ਼ਾਂ ਹੇਠ ਜ਼ਿਲ੍ਹਾ ਪ੍ਰਸ਼ਾਸਨ ਫਾਜ਼ਿਲਕਾ ਵੱਲੋਂ ਪ੍ਰਤਾਪ ਬਾਗ ਫਾਜ਼ਿਲਕਾ ਵਿਖ਼ੇ ਕਰਵਾਇਆ ਪੰਜਾਬ ਸਖੀ ਸ਼ਕਤੀ ਮੇਲਾ ਬੀਤੀ ਸ਼ਾਮ ਅਮਿੱਟ ਯਾਦਾਂ ਛੱਡਦਿਆਂ ਸੰਪੰਨ ਹੋ ਗਿਆ ਹੈ। ਇਸ ਤਿੰਨ ਰੋਜ਼ਾ ਪੰਜਾਬ ਸਖੀ ਸ਼ਕਤੀ ਮੇਲਾ ਦਾ ਮੁੱਖ ਮਕਸਦ ਪੰਜਾਬ ਸਰਕਾਰ ਵੱਲੋਂ ਸਵੈ ਸਹਾਇਤਾ ਸਮੂਹਾਂ ਖਾਸ ਕਰਕੇ ਉੱਦਮੀ ਔਰਤਾਂ ਦੀ ਮਦਦ ਕਰਨ ਤੇ ਉਨ੍ਹਾਂ ਨੂੰ ਇੱਕ ਮੰਚ ਮੁਹੱਈਆ ਕਰਵਾਉਣਾ ਹੈ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੁਭਾਸ਼ ਚੰਦਰ ਨੇ ਮੇਲੇ ਵਿੱਚ ਸ਼ਿਰਕਤ ਕਰਨ ਲਈ ਆਏ ਵੱਖ ਵੱਖ ਮਹਿਮਾਨਾਂ ਤੇ ਲੋਕਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਉੱਦਮੀ ਔਰਤਾਂ ਤੇ ਸ਼ਿਲਪਕਾਰਾਂ ਵੱਲੋਂ ਬਣਾਈਆਂ ਵਸਤਾਂ ਨੂੰ ਇੱਕੋ ਮੰਚ ਮੁਹੱਈਆ ਕਰਵਾਉਣ ਲਈ ਪਿਛਲੇ ਦੋ ਦਿਨਾਂ ਤੋਂ ਫਾਜ਼ਿਲਕਾ ਵਿਖੇ ਪੰਜਾਬ ਸਖੀ ਸ਼ਕਤੀ ਮੇਲਾ ਚੱਲ ਰਿਹਾ ਸੀ। ਇਸ ਮੌਕੇ ਉਨ੍ਹਾਂ ਦੀ ਪਤਨੀ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਦੀ ਅਗਵਾਈ ਹੇਠ ਆਯੋਜਿਤ ਇਸ ਮੇਲੇ ਦੇ ਆਖ਼ਰੀ ਦਿਨ ਵੱਖ ਵੱਖ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਅਤੇ ਲੋਕ ਗਾਇਕਾਂ ਵੱਲੋਂ ਸ਼ਬਦ ਗਾਇਨ, ਪੰਜਾਬੀ ਲੋਕ ਨਾਚ, ਗਿੱਧਾ, ਭੰਗੜਾ, ਗੀਤ, ਕਵਿਤਾਵਾਂ ਤੇ ਨਾਟਕ ਆਦਿ ਦੀ ਪੇਸ਼ਕਾਰੀ ਨੇ ਖੂਬ ਰੰਗ ਬੰਨਿਆ।
ਇਸ ਮੇਲੇ ਵਿੱਚ ਫਾਜ਼ਿਲਕਾ ਦੇ ਐਮ ਆਰ ਕਾਲਜ ਵੱਲੋਂ ਸੋਲੋ ਲੋਕ ਗੀਤ, ਗਰੁੱਪ ਡਾਂਸ, ਨੁੱਕੜ ਨਾਟਕ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ ਗਈ। ਇਸੇ ਤਰ੍ਹਾਂ ਸਰਕਾਰੀ ਆਈਟੀਆਈ ਫਾਜ਼ਿਲਕਾ ਦੀਆਂ ਲੜਕੀਆਂ ਦੇ ਗਰੁੱਪ ਡਾਂਸ ਅਤੇ ਸੈਕਰਟ ਹਾਰਟ ਸਕੂਲ ਫਾਜ਼ਿਲਕਾ ਦੇ ਭੰਗੜੇ ਦੀ ਪੇਸ਼ਕਾਰੀ ਨੇ ਸਰੋਤਿਆਂ ਨੂੰ ਝੂਮਣ ਲਾਇਆੇ। ਮੇਲੇ ਵਿੱਚ ਜਿੱਥੇ ਵੱਖ ਵੱਖ ਕਲਾਕਾਰਾਂ ਨੇ ਰੰਗ ਬੰਨ੍ਹਿਆ, ਓਥੇ ਵਿਸ਼ੇਸ਼ ਤੌਰ ਤੇ ਪੁੱਜੇ ਉੱਘੇ ਪੰਜਾਬੀ ਲੋਕ ਗਾਇਕ ਜਸਵਿੰਦਰ ਜੱਸੀ ਮਾਹੌਲ ਨੇ ਮਾਹੌਲ ਨੂੰ ਹੋਰ ਗਰਮਾਇਆ ਤੇ ਸਮੂਹ ਹਾਜ਼ਰੀਨ ਨੂੰ ਝੂਮਣ ਲਾਇਆ।
ਇਸ ਮੇਲੇ ਵਿੱਚ ਵੱਖ ਵੱਖ ਜ਼ਿਲ੍ਹੇ ਦੇ ਪਿੰਡਾਂ ਤੋਂ ਉੱਦਮੀ ਆਪਣੇ ਉਤਪਾਦ ਲੈ ਕੇ ਪੁੱਜੇ ਤੇ ਮੇਲੇ ਵਿੱਚ ਵੱਖ ਵੱਖ ਤਰ੍ਹਾਂ ਦੇ ਪਕਵਾਨਾਂ, ਸ਼ਿਲਪਕਾਰੀ ਵਸਤਾਂ, ਭਾਸ਼ਾ ਵਿਭਾਗ ਫਾਜ਼ਿਲਕਾ ਵੱਲੋਂ ਕਿਤਾਬਾਂ ਦੀ ਸਟਾਲ, ਜੰਗਲਾਤ ਵਿਭਾਗ ਵਲੋਂ ਪੌਦਿਆਂ ਦੀ ਸਟਾਲ, ਹੱਥੀ ਬਣੇ ਸਾਜੋ ਸਮਾਨ, ਸੁੰਦਰਤਾ ਉਤਪਾਦ, ਵੱਖ ਵੱਖ ਤਰ੍ਹਾਂ ਦੇ ਅਚਾਰ, ਮੁਰੱਬੇ ਆਦਿ ਦੀਆਂ ਸਟਾਲਾਂ ਅਤੇ ਬੱਚਿਆਂ ਦੇ ਮਨੋਰੰਜਨ ਲਈ ਵੱਖ ਵੱਖ ਝੂਲੇ ਲਗਾਏ ਗਏ। ਜਿੱਥੇ ਆਮ ਲੋਕਾਂ ਵੱਲੋਂ ਮੇਲੇ ਵਿੱਚ ਭਰਵੀਂ ਸ਼ਮੂਲੀਅਤ ਕੀਤੀ ਗਈ ਤੇ ਉੱਥੇ ਹੀ ਮੇਲੇ ਵਿੱਚ ਵੱਖ ਵੱਖ ਸਟਾਲਾਂ ਤੋਂ ਖੂਬ ਖ਼ਰੀਦੋ ਫ਼ਰੋਖ਼ਤ ਕੀਤੀ ਗਈ।
ਸਟੇਜ ਸੰਚਾਲਨ ਦੀ ਭੂਮਿਕਾ ਸੁਨੀਲ ਵਰਮਾ ਵੱਲੋਂ ਬਾਖੂਬੀ ਨਿਭਾਈ ਗਈ। ਅੰਤ ਵਿੱਚ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਵੱਖ-ਵੱਖ ਪੇਸ਼ਕਾਰੀਆਂ ਕਰਨ ਵਾਲੇ ਸਕੂਲੀ ਬੱਚਿਆਂ ਨੂੰ ਇਨਾਮਾਂ ਨਾਲ ਸਨਮਾਨਿਆ ਗਿਆ! ਇਸ ਮੌਕੇ ਮੀਨਾਕਸ਼ੀ ਗੁਪਤਾ, ਸ਼ੁਭਮ, ਨਵਨੀਤ, ਕਿਰਨ ਕੁਮਾਰ ਸਮੇਤ ਵੱਖ-ਵੱਖ ਵਿਭਾਗਾਂ ਦੀਆਂ ਟੀਮਾਂ ਨੇ ਸਮਾਗਮ ਦੀ ਸਫ਼ਲਤਾ ਲਈ ਯੋਗਦਾਨ ਪਾਇਆ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ