
ਪਟਿਆਲਾ, 02 ਮਾਰਚ (ਹਿੰ.ਸ.)। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਹੋਲੀ ਭਾਰਤ ਦਾ ਪੁਰਾਤਨ ਸੰਸਕ੍ਰਿਤ ਤਿਉਹਾਰ ਹੈ, ਜੋ ਧਰੂ ਭਗਤ ਦੀ ਜਿੱਤ ਅਤੇ ਹੋਲਿਕਾ ਦੀ ਹਾਰ ਭਾਵ ਨੇਕੀ ਦੀ ਜਿੱਤ ਅਤੇ ਬਦੀ ਦੀ ਹਾਰ ਵਜੋਂ ਹਰ ਸਾਲ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਲੋਕ ਖੁਸ਼ੀ ਵਿਚ ਇਕ ਦੂਜੇ ਉੱਤੇ ਰੰਗ ਮਲਦੇ ਅਤੇ ਖਿਲਾਰਦੇ ਹਨ, ਪਰੰਤੂ ਹੁਣ ਰੰਗਾਂ ਵਿਚ ਨੁਕਸਾਨ ਦਾਇਕ ਕੈਮੀਕਲ ਸ਼ਾਮਲ ਹੋ ਜਾਣ ਕਾਰਨ ਇਹ ਅਤੀ ਹਾਨੀਕਾਰਕ ਬਣ ਗਏ ਹਨ। ਇਸ ਦੇ ਨਾਲ ਹੀ ਹੋਲੀ ਦੌਰਾਨ ਅਸਲੀਲਤਾ ਵੀ ਪੂਰੀ ਤਰ੍ਹਾਂ ਕੀਤੀ ਜਾਂਦੀ, ਜੋ ਯੋਗ ਨਹੀਂ ਹੈ।
ਉਨਾਂ ਕਿਹਾ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹਲੀ ਦਾ ਨਾਮ ਅਤੇ ਵਰਤਾਰਾ ਬਦਲਕੇ ‘ਔਰਨ ਕੀ ਹੋਲੀ ਮਮ ਹੋਲਾ' ਕਹਿਕੇ ਉਸ ਦਿਨ ਸਿੰਘਾਂ ਦੇ ਘੋੜ ਸਵਾਰੀ ਮੁਕਾਬਲੇ, ਗੱਤਕੇ ਦੇ ਜੌਹਰ ਵਿਖਾਏ ਜਾਂਦੇ ਹਨ ਅਤੇ ਸਿੰਘਾਂ ਅੰਦਰ ਅਤੇ ਦਰਸ਼ਕਾਂ ਵਿਚ ਹੌਸਲਾ, ਦਲੇਰੀ, ਦ੍ਰਿੜਤਾ, ਪੰਥ ਦੋਖੀਆਂ ਵਿਰੁਧ ਖੰਡਾ ਖੜਕਾਉਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਨਿਹੰਗ ਸਿੰਘਾਂ ਵੱਲੋਂ ਮਹਲਾ ਸਜਾਇਆ ਜਾਂਦਾ ਹੈ। ਇਸ ਲਈ ਇਸ ਤਿਉਹਾਰ ਸਮੇਂ ਅਸਲੀਲਤਾ ਅਤੇ ਕੈਮੀਕਲ ਵਾਲੇ ਰੰਗਾਂ ਤੋਂ ਗੁਰੇਜ ਹੀ ਕਰਨਾ ਚਾਹੀਦਾ ਹੈ। ਜਿਥੇ ਜਿਥੇ ਵੀ ਇਹ ਤਿਉਹਾਰ ਮਨਾਇਆ ਜਾਂਦਾ ਹੈ, ਉਥੇ ਸਵੱਛਤਾ ਦਾ ਵੀ ਪੂਰਾ ਧਿਆਨ ਰਖਿਆ ਜਾਣਾ ਚਾਹੀਦਾ ਹੈ। ਪਲਾਸਟਿਕ ਆਦਿਕ ਘਾਤਕ ਵਸਤੂਆਂ ਦੀ ਵਰਤੋਂ ਤੋਂ ਵੀ ਗੁਰੇਜ ਕਰਨਾ ਚਾਹੀਦਾ ਹੈ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ