
ਸਮਾਣਾ, 02 ਮਾਰਚ (ਹਿੰ.ਸ.)। ਧਰਮ ਯੁੱਧ ਮੋਰਚਾ ਵੱਲੋਂ ਦਿੱਤੀ ਕਾਲ ਦੇ ਚੱਲਦਿਆਂ ਅੱਜ ਸਮਾਣਾ ਬੰਦ ਦਾ ਅਸਰ ਦਿਖ ਰਿਹਾ ਹੈ। ਇਸ ਦੌਰਾਨ ਵੜੈਚਾਂ ਰੋਡ ਸਮਾਣਾ ਤੋਂ ਦੁਕਾਨਾਂ ਬੰਦ ਪਈਆਂ ਨਜ਼ਰ ਆ ਰਹੀਆਂ ਹਨ।ਜ਼ਿਕਰਯੋਗ ਹੈ ਕਿ ਬੰਦਾ ਸਿੰਘ ਬਹਾਦਰ ਚੌਂਕ ਵਿੱਚ ਧਰਮ ਯੁੱਧ ਮੋਰਚਾ ਚੱਲ ਰਿਹਾ ਹੈ। ਅੱਜ ਦਾ ਬੰਦ ਭਾਈ ਗੁਰਜੀਤ ਸਿੰਘ ਖਾਲਸਾ ਦੇ ਨਾਲ ਹਮਦਰਦੀ ਪ੍ਰਗਟ ਕਰਨ ਲਈ ਕੀਤਾ ਗਿਆ ਹੈ। ਗੁਰਜੀਤ ਸਿੰਘ ਖਾਲਸਾ ਸਮੂਹ ਧਰਮਾਂ ਦੇ ਗ੍ਰੰਥਾਂ ਦੀ ਬੇਅਦਬੀ ਵਿਰੁੱਧ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ ਪਿਛਲੇ ਕਰੀਬ 520 ਦਿਨਾਂ ਤੋਂ 400 ਫੁੱਟ ਉੱਚੇ ਟਾਵਰ ‘ਤੇ ਬੈਠ ਕੇ ਅੰਦੋਲਨ ਕਰ ਰਹੇ ਹਨ। ਇਸ ਦੌਰਾਨ ਮੋਰਚੇ ਵੱਲੋਂ ਅੱਜ ਪੂਰੇ ਸ਼ਹਿਰ 'ਚ ਰੋਸ ਮਾਰਚ ਕੱਢਿਆ ਜਾਵੇਗਾ।ਜ਼ਿਕਰਯੋਗ ਹੈ ਕਿ ਪ੍ਰਸ਼ਾਸਨ ਨਾਲ ਹੋਈਆਂ ਮੀਟਿੰਗਾਂ ਬੇਸਿੱਟਾ ਰਹਿਣ ਕਾਰਨ ਮੋਰਚੇ ਦੇ ਆਗੂਆਂ ਨੇ ਸੋਮਵਾਰ (2 ਮਾਰਚ) ਨੂੰ ਸਮਾਣਾ ਮੁਕੰਮਲ ਬੰਦ ਕਰਨ ਦਾ ਐਲਾਨ ਕੀਤਾ ਸੀ। ਇਸ ਦੌਰਾਨ ਕਿਸਾਨ ਜਥੇਬੰਦੀਆਂ ਨੇ ਵੀ ਕਿਹਾ ਕਿ ਹੁਣ ਸਿਰਫ ਪੰਜਾਬ ਸਰਕਾਰ ਦਾ ਨੁਮਾਇੰਦਾ ਆ ਕੇ ਗੱਲਬਾਤ ਕਰੇ। ਜੇਕਰ ਕਾਨੂੰਨ ਨਾ ਬਣਾਇਆ ਗਿਆ ਤਾਂ ਪੰਜਾਬ ਬੰਦ ਦਾ ਐਲਾਨ ਵੀ ਕੀਤਾ ਜਾ ਸਕਦਾ ਹੈ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ