ਗਾਇਕ ਸਿੱਪੀ ਗਿੱਲ ਨੇ ਗਾਇਕੀ ਦੇ ਨਾਲ-ਨਾਲ ਦਿੱਤੇ ਨੌਜਵਾਨਾਂ ਨੂੰ ਸਮਾਜਿਕ ਸੁਨੇਹੇ
ਖੰਨਾ, 02 ਮਾਰਚ (ਹਿੰ.ਸ.)। ਖੰਨਾ ਦੇ ਦੁਸ਼ਹਿਰਾ ਗਰਾਊਂਡ ਵਿਖੇ ਚੱਲ ਰਹੇ ਪੰਜਾਬ ਸਖੀ ਸ਼ਕਤੀ ਮੇਲਾ-2026 ਨੇ ਆਪਣੇ ਆਖਰੀ ਪੜਾਅ ‘ਚ ਪਹੁੰਚਦਿਆਂ ਰੌਣਕਾਂ ਦਾ ਨਵਾਂ ਇਤਿਹਾਸ ਰਚ ਦਿੱਤਾ ਹੈ। ਦੋ ਮਾਰਚ ਦਿਨ ਸੋਮਵਾਰ ਨੂੰ ਮੇਲੇ ਦੇ ਸਮਾਪਨ ਸਮਾਰੋਹ ਮੌਕੇ ਪੰਜਾਬੀ ਸੰਗੀਤ ਜਗਤ ਦੀ ਮਸ਼ਹੂਰ ਜੋੜੀ ਮਨਮੋਹਣ ਵਾਰਿਸ ਤ
ਪੇਸ਼ਕਾਰੀ ਦਿੰਦੇ ਗਾਇਕ ਸਿੱਪੀ ਗਿੱਲ।


ਖੰਨਾ, 02 ਮਾਰਚ (ਹਿੰ.ਸ.)। ਖੰਨਾ ਦੇ ਦੁਸ਼ਹਿਰਾ ਗਰਾਊਂਡ ਵਿਖੇ ਚੱਲ ਰਹੇ ਪੰਜਾਬ ਸਖੀ ਸ਼ਕਤੀ ਮੇਲਾ-2026 ਨੇ ਆਪਣੇ ਆਖਰੀ ਪੜਾਅ ‘ਚ ਪਹੁੰਚਦਿਆਂ ਰੌਣਕਾਂ ਦਾ ਨਵਾਂ ਇਤਿਹਾਸ ਰਚ ਦਿੱਤਾ ਹੈ। ਦੋ ਮਾਰਚ ਦਿਨ ਸੋਮਵਾਰ ਨੂੰ ਮੇਲੇ ਦੇ ਸਮਾਪਨ ਸਮਾਰੋਹ ਮੌਕੇ ਪੰਜਾਬੀ ਸੰਗੀਤ ਜਗਤ ਦੀ ਮਸ਼ਹੂਰ ਜੋੜੀ ਮਨਮੋਹਣ ਵਾਰਿਸ ਤੇ ਕਮਲ ਹੀਰ ਆਪਣੀ ਗਾਇਕੀ ਨਾਲ ਸਮਾਗਮ ਨੂੰ ਚਾਰ ਚੰਨ ਲਗਾਉਣਗੇ। ਇਸ ਸਬੰਧੀ ਸਰਪ੍ਰਾਈਜ਼ ਦਾ ਪਰਦਾ ਚੁੱਕਣ ਦੀ ਰਸਮ ਪੰਜਾਬ ਦੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਕੀਤੀ ਗਈ। ਨਾਲ ਹੀ ਮੰਤਰੀ ਨੇ ਲੋਕਾਂ ਨੂੰ ਪਰਿਵਾਰਾਂ ਸਮੇਤ ਪੁੱਜਣ ਦੀ ਅਪੀਲ ਵੀ ਕੀਤੀ।

ਕੈਬਨਿਟ ਮੰਤਰੀ ਸੌਂਦ ਨੇ ਮੰਚ ਤੋਂ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਮੁੜ ਮੇਲਿਆਂ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਦੀ ਧਰਤੀ ਬਣਿਆ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਜਿੱਥੇ ਮੇਲਿਆਂ ਲਈ 5 ਕਰੋੜ ਰੁਪਏ ਦਾ ਬਜਟ ਹੁੰਦਾ ਸੀ, ਉਸਨੂੰ ਵਧਾ ਕੇ 100 ਕਰੋੜ ਰੁਪਏ ਕਰ ਦਿੱਤਾ ਗਿਆ ਹੈ, ਜਿਸ ਨਾਲ ਸੂਬੇ ਭਰ ਵਿੱਚ ਸੱਭਿਆਚਾਰਕ ਗਤੀਵਿਧੀਆਂ ਨੂੰ ਨਵੀਂ ਉਡਾਣ ਮਿਲੀ ਹੈ। ਸੌਂਦ ਨੇ ਕਿਹਾ ਕਿ ਇਹ ਮੇਲੇ ਸਿਰਫ ਮਨੋਰੰਜਨ ਦਾ ਸਾਧਨ ਨਹੀਂ, ਸਗੋਂ ਪੰਜਾਬੀ ਵਿਰਸੇ, ਲੋਕਧਾਰਾ ਅਤੇ ਨਵੀਂ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ ਦਾ ਵੱਡਾ ਮੰਚ ਹਨ। ਉਨ੍ਹਾਂ ਨੇ ਖੰਨਾ ਅਤੇ ਆਲੇ ਦੁਆਲੇ ਦੇ ਲੋਕਾਂ ਦੀ ਵੱਡੀ ਹਾਜ਼ਰੀ ਅਤੇ ਅਨੁਸ਼ਾਸਨ ਲਈ ਵੀ ਸ਼ਲਾਘਾ ਕੀਤੀ।

ਸਿੱਪੀ ਗਿੱਲ ਨੇ ਦਿੱਤੇ ਸਮਾਜਿਕ ਸੁਨੇਹੇ :

ਬੀਤੀ ਰਾਤ ਪੰਜਾਬੀ ਦੇ ਪ੍ਰਸਿੱਧ ਗਾਇਕ ਸਿੱਪੀ ਗਿੱਲ ਨੇ ਆਪਣੀ ਧਮਾਕੇਦਾਰ ਪੇਸ਼ਕਸ਼ ਨਾਲ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੇ ਦਰਸ਼ਕਾਂ ਨੂੰ ਝੂਮਣ ‘ਤੇ ਮਜਬੂਰ ਕਰ ਦਿੱਤਾ। ਉਨ੍ਹਾਂ ਦੇ ਪ੍ਰੋਗਰਾਮ ਦੌਰਾਨ ਨੌਜਵਾਨਾਂ ਵਿੱਚ ਖਾਸ ਉਤਸ਼ਾਹ ਦੇਖਣ ਨੂੰ ਮਿਲਿਆ। ਪਰ ਗਾਇਕੀ ਦੇ ਨਾਲ-ਨਾਲ ਸਿੱਪੀ ਗਿੱਲ ਨੇ ਮੰਚ ਤੋਂ ਕਈ ਅਹਿਮ ਸਮਾਜਿਕ ਸੁਨੇਹੇ ਵੀ ਦਿੱਤੇ। ਉਨ੍ਹਾਂ ਨੇ ਨੌਜਵਾਨ ਪੀੜ੍ਹੀ ਨੂੰ ਅਪੀਲ ਕੀਤੀ ਕਿ ਸੋਸ਼ਲ ਮੀਡੀਆ ਦੀ ਦੁਰਵਰਤੋਂ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਅੱਜ ਦੇ ਯੁੱਗ ਵਿੱਚ ਸੋਸ਼ਲ ਮੀਡੀਆ ਸਭ ਤੋਂ ਵੱਡਾ ਹਥਿਆਰ ਹੈ ਅਤੇ ਜੇ ਇਸਦੀ ਸਹੀ ਵਰਤੋਂ ਕੀਤੀ ਜਾਵੇ ਤਾਂ ਸਮਾਜ ਵਿੱਚ ਵੱਡਾ ਬਦਲਾਅ ਲਿਆਇਆ ਜਾ ਸਕਦਾ ਹੈ।

ਪ੍ਰੋਗਰਾਮ ਮਗਰੋਂ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਅਤੇ ਐਸ.ਡੀ.ਐਮ ਸਵਾਤੀ ਟਿਵਾਣਾ ਨੇ ਮੰਚ ‘ਤੇ ਜਾ ਕੇ ਸਿੱਪੀ ਗਿੱਲ ਦਾ ਸਨਮਾਨ ਕੀਤਾ ਅਤੇ ਉਨ੍ਹਾਂ ਦੀ ਗਾਇਕੀ ਦੀ ਭਰਪੂਰ ਸ਼ਲਾਘਾ ਕੀਤੀ। ਮੇਲੇ ਦੇ ਆਖਰੀ ਦਿਨ ਲਈ ਹੁਣ ਲੋਕਾਂ ਵਿੱਚ ਖਾਸ ਉਤਸੁਕਤਾ ਹੈ। ਮਨਮੋਹਣ ਵਾਰਸ ਅਤੇ ਕਮਲ ਹੀਰ ਦੀ ਜੋੜੀ ਦੀ ਪੇਸ਼ਕਸ਼ ਨਾਲ ਇਹ ਮੇਲਾ ਯਾਦਗਾਰ ਸਮਾਪਤੀ ਵੱਲ ਵਧ ਰਿਹਾ ਹੈ। ਖੰਨਾ ਦੇ ਦੁਸ਼ਹਿਰਾ ਗਰਾਊਂਡ ਵਿੱਚ ਲੱਗਿਆ ਇਹ ਮੇਲਾ ਸਿਰਫ ਇੱਕ ਸੱਭਿਆਚਾਰਕ ਸਮਾਗਮ ਨਹੀਂ, ਸਗੋਂ ਭਗਵੰਤ ਸਿੰਘ ਮਾਨ ਸਰਕਾਰ ਦੀ ਉਸ ਸੋਚ ਦਾ ਪ੍ਰਤੀਕ ਬਣ ਗਿਆ ਹੈ ਜਿਸ ਅਧੀਨ ਪੰਜਾਬ ਨੂੰ ਖੁਸ਼ਹਾਲ, ਰੰਗੀਲਾ ਅਤੇ ਸੱਭਿਆਚਾਰਕ ਤੌਰ ‘ਤੇ ਮਜ਼ਬੂਤ ਬਣਾਉਣ ਦੀ ਕੋਸ਼ਿਸ਼ ਜਾਰੀ ਹੈ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande