
ਹੁਸ਼ਿਆਰਪੁਰ, 02 ਮਾਰਚ (ਹਿੰ.ਸ.)। ਦਿਵਿਆਂਗ ਵਿਅਕਤੀਆਂ ਦੀ ਭਲਾਈ ਲਈ ਕੰਮ ਕਰ ਰਹੀ ਸੰਸਥਾ ਡਿਸੇਬਲਡ ਪਰਸਨ ਵੈਲਫੇਅਰ ਸੋਸਾਇਟੀ ਵੱਲੋਂ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਜ਼ਿਲ੍ਹੇ ਦੇ ਸਪੈਸ਼ਲ ਐਜੂਕੇਟਰ (ਆਈਈਆਰਟੀ) ਅਧਿਆਪਕਾਂ ਦਾ ਸੈਮੀਨਾਰ/ਵਰਕਸ਼ਾਪ ਫੂਡ ਐਂਡ ਕਰਾਫਟ ਇੰਸਟੀਚਿਊਟ ਵਿਖੇ ਕਰਵਾਇਆ ਗਿਆ। ਇਹ ਪ੍ਰੋਗਰਾਮ ਸੰਸਥਾ ਦੇ ਪ੍ਰਧਾਨ ਸੰਦੀਪ ਸ਼ਰਮਾ ਅਤੇ ਜਨਰਲ ਸਕੱਤਰ ਰਾਜਕੁਮਾਰ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ। ਸੈਮੀਨਾਰ ਦੌਰਾਨ ਜ਼ਿਲ੍ਹੇ ਭਰ ਤੋਂ ਆਏ ਸਪੈਸ਼ਲ ਅਧਿਆਪਕਾਂ ਨੂੰ ਬਰੇਲ ਲਿਪੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਅਤੇ ਪ੍ਰਯੋਗਾਤਮਕ ਸਿਖਲਾਈ ਦਿੱਤੀ ਗਈ।ਸੰਬੋਧਨ ਕਰਦੇ ਹੋਏ ਪ੍ਰਧਾਨ ਸੰਦੀਪ ਸ਼ਰਮਾ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਨੇਤਰਹੀਣ ਬੱਚਿਆਂ ਲਈ ਬਰੇਲ ਲਿਪੀ ਦੀ ਜਾਣਕਾਰੀ ਲਾਜ਼ਮੀ ਬਣਾਈ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸੰਸਥਾ ਦਾ ਮੁੱਖ ਉਦੇਸ਼ ਨੇਤਰਹੀਣ ਵਿਦਿਆਰਥੀਆਂ ਨੂੰ ਬਰੇਲ ਲਿਪੀ ਨਾਲ ਜੋੜ ਕੇ ਉਨ੍ਹਾਂ ਦੇ ਭਵਿੱਖ ਨੂੰ ਰੌਸ਼ਨ ਬਣਾਉਣਾ ਹੈ ਤਾਂ ਜੋ ਉਹ ਆਤਮਨਿਰਭਰ ਬਣ ਸਕਣ।
ਪ੍ਰੋਗਰਾਮ ਦੀ ਸ਼ੁਰੂਆਤ ਸੰਸਥਾ ਦੇ ਕਾਰਜਕਾਰੀ ਮੈਂਬਰ ਅਤੇ ਨੇਤਰਹੀਣ ਵਿਅਕਤੀ ਸੰਜੀਵ ਅਰੋੜਾ ਵੱਲੋਂ ਸਰਸਵਤੀ ਵੰਦਨਾ ਨਾਲ ਹੋਈ। ਸਮਾਜ ਸੇਵੀਕਾ ਡੋਲੀ ਚੀਮਾ ਨੇ ਆਏ ਹੋਏ ਅਧਿਆਪਕਾਂ ਅਤੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ।
ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਪ੍ਰੋਫੈਸਰ ਡਾ. ਜਸਵੀਰਾ ਮਿਨਹਾਸ ਨੇ ਸੰਸਥਾ ਦੇ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਆਧੁਨਿਕਤਾ ਦੇ ਯੁੱਗ ਵਿੱਚ ਬਰੇਲ ਲਿਪੀ ਦਾ ਪ੍ਰਚਾਰ-ਪ੍ਰਸਾਰ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਨੇ ਆਪਣੇ ਸੰਬੋਧਨ ਦੌਰਾਨ 16ਵੀਂ ਸਦੀ ਦੇ ਪ੍ਰਸਿੱਧ ਕਵੀ ਜੌਹਨ ਮਿਲਟਨ ਅਤੇ ਪ੍ਰੇਰਣਾਦਾਇਕ ਸ਼ਖਸੀਅਤ ਹੈਲੇਨ ਕੈਲਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਕੋਈ ਵੀ ਮੁਸ਼ਕਲ ਮਨੁੱਖ ਦੀ ਤਰੱਕੀ ਵਿੱਚ ਰੁਕਾਵਟ ਨਹੀਂ ਬਣ ਸਕਦੀ। ਉਨ੍ਹਾਂ ਨੇ ਕਿਹਾ ਕਿ ਉਹ ਮੋਟੀਵੇਸ਼ਨਲ ਲੈਕਚਰ ਦੇਣ ਆਈ ਸਨ ਪਰ ਇੱਥੇ ਆ ਕੇ ਖੁਦ ਪ੍ਰੇਰਿਤ ਹੋ ਗਈਆਂ। ਉਨ੍ਹਾਂ ਨੇ ਸੰਸਥਾ ਨੂੰ ਹਰ ਸਮੇਂ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ।
ਮੁੱਖ ਮਹਿਮਾਨ ਦੀ ਆਮਦ ‘ਤੇ ਸੰਜੀਵ ਵੱਲੋਂ ਸਵਾਗਤੀ ਗੀਤ ਪੇਸ਼ ਕੀਤਾ ਗਿਆ। ਡਾ. ਕੇਵਲ ਕ੍ਰਿਸ਼ਨ ਤੱਖੀ ਨੇ ਸੰਚਾਲਨ ਦੀ ਭੂਮਿਕਾ ਨਿਭਾਉਂਦੇ ਹੋਏ ਅਧਿਆਪਕਾਂ ਨੂੰ ਆਪਣੀ ਸੁਰੀਲੀ ਆਵਾਜ਼ ਨਾਲ ਪੰਜਾਬੀ ਲੋਕ ਧਾਰਾ ਨਾਲ ਜੋੜਿਆ। ਇਸ ਮੌਕੇ ਨਾਈਸ ਕੰਪਿਊਟਰ ਸੈਂਟਰ ਦੇ ਐਮ.ਡੀ. ਪ੍ਰੇਮ ਸੈਣੀ ਅਤੇ ਸਿੱਖਿਆ ਵਿਭਾਗ ਦੀ ਜ਼ਿਲ੍ਹਾ ਕੋਆਰਡੀਨੇਟਰ ਅੰਜੂ ਸੈਣੀ ਨੇ ਵੀ ਅਧਿਆਪਕਾਂ ਨੂੰ ਬਰੇਲ ਲਿਪੀ ਨਾਲ ਜੁੜੇ ਰਹਿਣ ਦਾ ਸੁਨੇਹਾ ਦਿੱਤਾ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ