
ਖਡੂਰ ਸਾਹਿਬ, 20 ਮਾਰਚ (ਹਿੰ.ਸ.)। ਨੈਸ਼ਨਲ ਗਰੀਨ ਟ੍ਰਿਬਿਊਨਲ ਦੇ ਹੁਕਮ ਅਨੁਸਾਰ ਹਵਾ ਗੁਣਵੱਤਾ ਇੰਡੈਕਸ ਨੂੰ ਸੁਧਾਰਨ ਦੇ ਮੱਦੇਨਜ਼ਰ ਵੱਖ-ਵੱਖ ਵਿਭਾਗਾਂ ਨੂੰ ਵਾਤਾਵਰਨ ਦੀ ਸਾਂਭ-ਸੰਭਾਲ ਵਾਸਤੇ ਉਪਰਾਲੇ ਕਰਨ ਲਈ ਕਿਹਾ ਗਿਆ ਹੈ। ਇਸੇ ਲੜੀ ਤਹਿਤ ਡਾਇਰੈਕਟਰ ਖੇਤੀਬਾੜੀ ਪੰਜਾਬ ਡਾ. ਗੁਰਜੀਤ ਸਿੰਘ ਬਰਾੜ ਦੇ ਉਪਰਾਲਿਆਂ ਸਦਕਾ ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀ ਰਾਹੁਲ ਅਤੇ ਮੁੱਖ ਖੇਤੀਬਾੜੀ ਅਫ਼ਸਰ ਤਰਨ ਤਾਰਨ ਡਾ. ਤੇਜਬੀਰ ਸਿੰਘ ਭੰਗੂ ਦੀ ਅਗਵਾਈ ਹੇਠ ਖੇਤੀਬਾੜੀ ਵਿਭਾਗ ਵੱਲੋਂ ਜ਼ਿਲ੍ਹੇ ਦੇ ਪਿੰਡਾਂ ਵਿਚ ਨੁੱਕੜ ਮੀਟਿੰਗਾਂ ਅਤੇ ਸੱਥਾਂ ਵਿਚ ਖਾਸ ਮਾਹੌਲ ਬਣਿਆ ਹੋਇਆ ਹੈ। ਖੇਤੀਬਾੜੀ ਵਿਭਾਗ ਦੇ ਅਫ਼ਸਰ, ਪੰਚਾਇਤ ਮੈਂਬਰ, ਸਰਕਾਰੀ ਨੁਮਾਇੰਦੇ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਵਲੰਟੀਅਰ ਰੋਜ਼ਾਨਾਂ ਕਿਸਾਨਾਂ ਨੂੰ ਮਿਲ ਰਹੇ ਹਨ। ਮਕਸਦ ਇਕੋ-ਇਕ ਹੈ – ਕਣਕ ਦੀ ਫ਼ਸਲ ਕੱਟਣ ਤੋਂ ਬਾਅਦ ਖੇਤ ਵਿੱਚ ਰਹਿ ਜਾਣ ਵਾਲੇ ਨਾੜ ਨੂੰ ਅੱਗ ਨਾ ਲਾਉਣਾ।
ਡਾ. ਯਾਦਵਿੰਦਰ ਸਿੰਘ ਬਲਾਕ ਟੈਕਨੋਲੋਜੀ ਮੈਨੇਜਰ ਨੇ ਦੱਸਿਆ ਕਿ ਪਿਛਲੇ ਕੁਝ ਸਾਲਾਂ ਵਿਚ ਪੰਜਾਬ ਵਿਚ ਪਰਾਲੀ ਸਾੜਨ ਦੀਆਂ ਘਟਨਾਵਾਂ ਵਿਚ ਕਾਫੀ ਕਮੀ ਆਈ ਹੈ। ਪਰ ਅਜੇ ਵੀ ਕੁਝ ਥਾਵਾਂ 'ਤੇ ਇਹ ਸਮੱਸਿਆ ਜਾਰੀ ਹੈ। ਇਸ ਲਈ ਸਰਕਾਰ ਅਤੇ ਵੱਖ-ਵੱਖ ਸੰਸਥਾਵਾਂ ਨੇ ਇਸ ਸਾਲ ਵੀ ਵੱਡੇ ਪੱਧਰ 'ਤੇ ਜਾਗਰੂਕਤਾ ਮੁਹਿੰਮ ਚਲਾਈ ਹੋਈ ਹੈ। ਨੁੱਕੜ ਮੀਟਿੰਗਾਂ ਵਿਚ ਕਿਸਾਨਾਂ ਨੂੰ ਸਿੱਧੇ ਤੌਰ 'ਤੇ ਸਮਝਾਇਆ ਜਾ ਰਿਹਾ ਹੈ ਕਿ ਪਰਾਲੀ ਸਾੜਨ ਨਾਲ ਕੀ-ਕੀ ਨੁਕਸਾਨ ਹੁੰਦਾ ਹੈ। ਇਸ ਨਾਲ ਹਵਾ ਵਿਚ ਜ਼ਹਿਰੀਲਾ ਧੂੰਆਂ ਵਧਦਾ ਹੈ, ਜਿਸ ਨਾਲ ਦਿੱਲੀ-ਐਨ.ਸੀ.ਆਰ ਸਮੇਤ ਪੂਰੇ ਉੱਤਰੀ ਭਾਰਤ ਵਿਚ ਸਾਹ ਦੀਆਂ ਬਿਮਾਰੀਆਂ ਵਧਦੀਆਂ ਹਨ। ਧਰਤੀ ਦੀ ਉਪਜਾਊ ਸ਼ਕਤੀ ਘਟਦੀ ਹੈ, ਕਿਉਂਕਿ ਮਿੱਟੀ ਵਿਚ ਮੌਜੂਦ ਜੈਵਿਕ ਪਦਾਰਥ ਅੱਗ ਨਾਲ ਸੜ ਜਾਂਦੇ ਹਨ। ਮੌਸਮੀ ਤਬਦੀਲੀ ਨੂੰ ਹੋਰ ਵਧਾਉਂਦਾ ਹੈ ਅਤੇ ਭਵਿੱਖ ਦੀਆਂ ਫ਼ਸਲਾਂ ਨੂੰ ਨੁਕਸਾਨ ਪਹੁੰਚਦਾ ਹੈ। ਸਿਹਤ ਤੇ ਮਾੜਾ ਅਸਰ ਪੈਂਦਾ ਹੈ ਅਤੇ ਬੱਚਿਆਂ-ਬਜ਼ੁਰਗਾਂ ਦੀ ਸਾਹ ਲੈਣ ਵਿਚ ਮੁਸ਼ਕਲ ਪੈਂਦੀ ਹੈ।ਇਸ ਲਈ ਕਿਸਾਨ ਵੀਰੋ! ਆਓ, ਇਸ ਵਾਰ ਵਾਅਦਾ ਕਰੀਏ-ਕਣਕ ਦੀ ਨਾੜ ਨੂੰ ਅੱਗ ਨਹੀਂ ਲਾਵਾਂਗੇ। ਇਸ ਨੂੰ ਧਰਤੀ ਵਿਚ ਵਾਪਸ ਮਿਲਾਵਾਂਗੇ, ਖਾਦ ਬਣਾਵਾਂਗੇ, ਵੇਚਾਂਗੇ ਜਾਂ ਸੁਚੱਜੇ ਢੰਗ ਨਾਲ ਪ੍ਰਬੰਧ ਕਰਾਂਗੇ। ਸਾਫ ਹਵਾ, ਸਿਹਤਮੰਦ ਧਰਤੀ ਅਤੇ ਬਿਹਤਰ ਫਸਲਾਂ ਸਾਡੇ ਹੱਥ ਵਿੱਚ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਕਮਲਜੀਤ ਕੌਰ ਹਾਈਕ ਟੈਕਨੋਲੋਜੀ ਮੈਨੇਜਰ ਗੁਰਪ੍ਰਤਾਪ ਸਿੰਘ, ਧਰਮਵੀਰ ਸਿੰਘ, ਅੰਗਰੇਜ ਸਿੰਘ ਸੁਖਚੈਨ ਸਿੰਘ, ਹਰਪ੍ਰੀਤ ਸਿੰਘ ਅਤੇ ਪਿੰਡ ਤੇ ਕਿਸਾਨ ਹਾਜ਼ਰ ਸਨ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ