
ਕਪੂਰਥਲਾ, 20 ਮਾਰਚ (ਹਿੰ.ਸ.)। ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਆਈ.ਕੇ ਜੀ. ਪੰਜਾਬ ਟੈਕਨੀਕਲ ਯੂਨੀਵਰਸਿਟੀ ਨਾਲ ਮਿਲ ਕੇ ਸਾਇੰਸ ਸਿਟੀ ਦੇ 20ਵੇੇਂ ਸਥਾਪਨਾ ਦਿਵਸ ‘ਤੇ ਇਨੋਟੈਕਟ 2026 ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਪੰਜਾਬ ਭਰ ਦੇ ਇੰਜੀਨੀਅਰਿੰਗ ਅਤੇ ਪੋਲੀਟੈਕਨਿਕ ਕਾਲਜਾਂ ਦੇ 400 ਤੋਂ ਵੱਧ ਵਿਦਿਆਰਥੀਆਂ ਨੇ ਆਧੁਨਿਕ ਤਕਨੀਕਾਂ ‘ਤੇ ਆਧਾਰਤ ਖੋਜ ਭਰਪੂਰ ਮਾਡਲ ਪ੍ਰਦਰਸ਼ਿਤ ਕੀਤੇ। ਇਸ ਮੌਕੇ ‘ਤੇ ਸੰਬੋਧਨ ਕਰਦਿਆਂ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਨੇ ਕਿਹਾ ਕਿ ਵਿਸ਼ਵੀਕਰਨ ਦੇ ਦੌਰ ਵਿਚ ਦੇਸ਼ ਦੇ ਸਥਾਈ ਵਿਕਾਸ ਅਤੇ ਮੁਕਾਬਲੇਬਾਜੀ ਲਈ ਨਵੀਨਤਾ ਪ੍ਰਮੁੱਖ ਪ੍ਰੇਰਣਾ ਸ਼ਕਤੀ ਹੈ। ਵਿਅਕਤੀਗਤ ਪੱਧਰ ‘ਤੇ ਨਵੀਆਂ-ਨਵੀਆਂ ਯੁਗਤਾਂ ਗੁੰਝਲਦਾਰ ਤੇ ਮਹਿੰਗੀਆਂ ਪ੍ਰਕਿਰਿਆਵਾਂ ਨੂੰ ਸਰਲ ਅਤੇ ਸਸਤਾ ਬਣਾਉਣ ਦੀ ਅਗਵਾਈ ਕਰਦੀਆਂ ਹਨ। ਇਸਦੇ ਨਤੀਜੇ ਵਜੋਂ ਹੀ ਨਵੇਂ ਖੇਤਰ, ਤਕਨਾਲੌਜੀ ਅਤੇ ਮੌਕੇ ਪੈਦਾ ਹੁੰਦੇ ਹਨ, ਜਿਹੜੇ ਕਿ ਅੱਗੋਂ ਜਾ ਕੇ ਦੇਸ਼ ਦਾ ਸਥਾਈ ਵਿਕਾਸ ਯਕੀਨੀ ਬਣਾਉਂਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਸਨੀਕ ਖਾਸ ਕਰਕੇ ਪਿੰਡਾਂ ਦੇ ਰਹਿਣ ਲੋਕਾਂ ਨੂੰ ਨਵੀਨਤਾ ਤੇ ਰਚਨਾਤਮਿਕਤਾ ਕਰਕੇ ਜਾਣਿਆ ਜਾਂਦਾ ਹੈ। ਇਸ ਲਈ ਪੰਜਾਬ ਦੇ ਨੌਜਵਾਨ ਵਰਗ ਦੇ ਹੁਨਰ ਤੇ ਕਲਾ ਨੂੰ ਨਿਖਾਰਨ ਦੀ ਸਮਰੱਥਾ ਨੂੰ ਅੱਗੇ ਵਧਾਉਣ ਲਈ ਢੁਕਵਾਂ ਪਲੇਟਫ਼ਾਰਮ ਮਹੁੱਈਆਂ ਕਰਵਾਉਣ ਦੀ ਸਮੇ ਦੀ ਅਹਿਮ ਲੋੜ ਹੈ।ਇਸ ਮੌਕੇ ਨੌਜਵਾਨ ਇੰਜੀਨੀਅਰਾਂ ਨੂੰ ਸੰਬੋਧਨ ਕਰਦਿਆਂ ਸਾਇੰਸ ਸਿਟੀ ਦੇ ਵਿਗਿਆਨੀ ਇੰਜ. ਰਿਤੇਸ਼ ਪਾਠਕ ਨੇ ਕਿਹਾ ਕਿ ਇਹ ਪ੍ਰੋਗਰਾਮ, ਪ੍ਰੋਫ਼ੈਸ਼ਨਲ ਕਾਲਜਾਂ ਦੇ ਵਿਦਿਆਰਥੀਆਂ ਤੋਂ ਕਾਰਜਸ਼ੀਲ ਮਾਡਲ ਤਿਆਰ ਕਰਵਾ ਕੇ ਉਹਨਾਂ ਨੂੰ ਨਵੀਨਤਾ ਅਤੇ ਰਚਨਾਤਮਿਕਤਾ ਵੱਲ ਉਤਸ਼ਾਹਿਤ ਕਰਨ ਦੇ ਆਸ਼ੇ ਨਾਲ ਹਰ ਸਾਲ ਕਰਵਾਇਆ ਜਾਂਦਾ ਹੈ।।ਉਨ੍ਹਾਂ ਕਿਹਾ ਕਿ ਅਜਿਹੇ ਯਤਨ ਵਿਕਅਤੀਗਤ ਪੱਧਰੋ ਤੇ ਨਵੀਨਤਕਾਰਾਂ ਨੂੰ ਉਦਮੀ ਬਣਨ ਦੇ ਮੌਕੇ ਪ੍ਰਦਾਨ ਕਰਨ ਵਿਚ ਸਹਾਇਕ ਹੁੰਦੇ ਹਨ। ਇਨੋਟੈਕ 2026 ਦੇ ਦੌਰਾਨ ਵਿਦਿਆਰਥੀਆਂ ਵੱਲੋਂ ਨਵੀਨਤਾ ਦਾ ਭਰਪੂਰ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਮਾਹਿਰਾਂ ਦੇ ਪੈਨਲ ਜਿਸ ਵਿੱਚ ਪੰਜਾਬੀ ਯੂਨੀਵਰਿਸਟੀ ਪਟਿਆਲਾਂ ਦੇ ਡਾ. ਬਲਵਿੰਦਰ ਸਿੰਘ, ਆਈ.ਕੇ.ਜੀ ਪੰਜਾਬ ਟੈਕਨੀਕਲ ਯੂਨੀਵਰਿਸਟੀ ਤੋਂ ਡਾ. ਰਮਨ ਕੁਮਾਰ ਅਤੇ ਥਾਪਰ ਇੰਸਟੀਚਿਉਟ ਆਫ਼ ਇੰਜੀਨੀਅਰਿੰਗ ਐਂਡ ਤਕਨਾਲੌਜੀ ਪਾਟਿਆਲਾ ਦੇ ਡਾ. ਵਿਕਾਸ ਹਾਂਡਾ ਸ਼ਾਮਲ ਸਨ, ਵੱਲੋਂ ਮਾਡਲਾ ਦੇ ਕੀਤੇ ਗਏ ਨਿਰੀਖਣ ਉਪਰੰਤ ਐਲਾਨੇ ਗਏ।ਸਾਫ਼ਟਵੇਅਰ ਇੰਜੀਨੀਅਰਿੰਗ ਕੈਟਾਗਿਰੀ ਵਿੱਚ ਪਹਿਲਾਂ ਸਥਾਨ ਚੰਡੀਗੜ੍ਹ ਇੰਜੀਨੀਅਰਿੰਗ ਕਾਲਜ ਲਾਂਡਰਾ ਦੀ ਟੀਮ ਨੇ ਹਾਸਲ ਕੀਤਾ (ਪ੍ਰੋਜੈਕਟ: ਸ਼ੀ-ਸ਼ੀਡਲ), ਪੋਲੀਟੈਕਿਨਕ ਕੈਟਾਗਿਰੀ ਵਿਚ ਸ੍ਰੀ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਲੁਧਿਆਣਾ ਦੀ ਟੀਮ ਅਵੱਲ ਰਹੀ (ਪ੍ਰੋਜੈਕਟ: ਸੀਵਿਕ ਕੋਨੈਕਟ)। ਆਟੋਮੋਬਾਇਲ ਇੰਜੀਨੀਅਰੰਗ ਕੈਟਿਗਰੀ ਵਿੱਚ ਵੀ ਚੰਡੀਗੜ੍ਹ ਇੰਜੀਨੀਅਰੰਗ ਕਾਲਜ ਦੇ ਵਿਦਿਆਰਥੀ ਪਹਿਲੇ ਨੰਬਰ ਤੇ ਆਏ (ਪ੍ਰੋਜੈਕਟ:ਇਲੈਕਟ੍ਰੋਮੈਗਨੈਟਿਕ ਬਰੇਕਿੰਗ ਸਿਸਟਮ), ਪੋਲੀਟੈਕਨਿਕ ਕਾਲਜਾਂ ਦੀ ਕੈਟਾਗਿਰੀ ਵਿਚ ਮੇਹਰਚੰਦ ਪੋਲੀਟੈਕਨਿਕ ਕਾਲਜ਼ ਜਲੰਧਰ ਦੇ ਵਿਦਿਅਰਥੀਆਂ ਨੇ ਮਾਰਕਾ ਮਾਰਿਆ। ਇਸੇ ਤਰ੍ਹਾਂ ਹੀ ਮੈਕਾਟ੍ਰੋਨਿਕ ਕੈਟਿਗਰੀ ਚੰਡੀਗੜ੍ਹ ਇੰਜੀਨੀਆਰਿੰਗ ਕਾਲਜ (ਪ੍ਰੋਜੈਕਟ : ਸਨਿਚਿਤ) ਅਤੇ ਲਵਲੀ ਪ੍ਰੋਫ਼ੈਸ਼ਨਲ ਯੂਨੀਵਰਿਸਟੀ ਦੇ ਪੋਲੀਟੈਕਨਿਕ ਦੇ ਵਿਦਿਆਰਥੀਆਂ (ਪ੍ਰੋਜੈਕਟ: ਗਾਰਡੀਅਨ ਵੂਮੈਨ ਸੇਫ਼ਟੀ ਗਲਬਜ਼) ਅਵੱਲ ਰਹੇ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ