
ਲੁਧਿਆਣਾ, 20 ਮਾਰਚ (ਹਿੰ.ਸ.)। ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਜ਼ੁਰਗਾਂ ਨੂੰ ਗੁਰੂਧਾਮਾਂ ਦੇ ਮੁਫ਼ਤ ਦਰਸ਼ਨਾ ਲਈ ਚਲਾਈ ਗਈ ਬੱਸ ਸੇਵਾ ਬਜ਼ੁਰਗਾਂ ਲਈ ਬਹੁਤ ਲਾਹੇਵੰਦ ਸਿੱਧ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਆਮ ਘਰਾਂ ਦੇ ਬਜ਼ੁਰਗ ਰੁੱਝੇਵਿਆਂ ਕਾਰਨ ਜਾਂ ਕਮਜ਼ੋਰ ਆਰਥਿਕਤਾ ਪੱਖੋਂ ਗੁਰੂਧਾਮਾਂ ਦੇ ਦਰਸ਼ਨ ਕਰਨ ਤੋਂ ਵਾਂਝੇ ਰਹਿ ਜਾਂਦੇ ਸਨ, ਉਹਨਾਂ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਰਵਣ ਪੁੱਤ ਸਾਬਤ ਹੋਏ ਹਨ। ਇਹ ਪ੍ਰਗਟਾਵਾ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਤੀਰਥ ਯਾਤਰਾ ਬੱਸ ਨੂੰ ਰਵਾਨਾ ਕਰਦਿਆਂ ਕੀਤਾ lਉਨ੍ਹਾਂ ਕਿਹਾ ਕਿ ਸਾਡੇ ਬਜ਼ੁਰਗ ਸਾਡੇ ਸਿਰ ਦਾ ਤਾਜ ਹਨ ਅਤੇ ਇਹਨਾਂ ਦੀ ਸੇਵਾ ਕਰਕੇ ਜੋ ਮਨ ਨੂੰ ਸਕੂਨ ਮਿਲਦਾ ਹੈ ਉਹ ਕਿਸੇ ਹੋਰ ਪਾਸਿਓਂ ਨਹੀਂ ਮਿਲਦਾ। ਉਹਨਾਂ ਕਿਹਾ ਕਿ ਉਹ ਵਿਧਾਇਕ ਹੀ ਇਸ ਕਰਕੇ ਬਣੇ ਹਨ ਤਾਂ ਜੋ ਗੁਰੂ ਦੀ ਸੰਗਤ ਦੀ ਸੇਵਾ ਕਰ ਸਕਣ। ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦੁਰਗਿਆਣਾ ਮੰਦਿਰ ਲਈ ਬਜ਼ੁਰਗਾਂ ਦੀ ਭਰੀ ਬੱਸ ਨੂੰ ਤੋਰਦੇ ਹੋਏ ਵਿਧਾਇਕ ਸਿੱਧੂ ਨੇ ਬੱਸ ਵਿੱਚ ਬੈਠੀ ਸੰਗਤ ਨੂੰ ਦਰਸ਼ਨੀ ਭੇਟਾ ਦੇ ਕੇ ਉਹਨਾਂ ਦੇ ਪੈਰੀਂ ਹੱਥ ਲਾਏ।ਵਿਧਾਇਕ ਸਿੱਧੂ ਨੇ ਕਿਹਾ ਕਿ ਗੁਰੂ ਦੀ ਸੰਗਤ ਦੀ ਚਰਨ ਧੂੜ ਕਰੋੜਾਂ ਜਨਮਾਂ ਦੇ ਮਾੜੇ ਲੇਖ ਮਿਟਾ ਦਿੰਦੀ ਹੈ। ਉਹਨਾਂ ਕਿਹਾ ਕਿ ਧੰਨ ਧੰਨ ਬਾਬਾ ਦੀਪ ਸਿੰਘ ਜੀ ਵੱਲੋਂ ਉਹਨਾਂ ਨੂੰ ਵਿਧਾਇਕ ਬਣਾ ਕੇ ਹਲਕਾ ਨਿਵਾਸੀਆਂ ਦੀ ਬਖਸ਼ੀ ਗਈ ਸੇਵਾ ਨੂੰ ਉਹ ਪੂਰੀ ਇਮਾਨਦਾਰੀ ਨਾਲ ਕਰਦੇ ਰਹਿਣਗੇ। ਇਸ ਮੌਕੇ ਉਹਨਾਂ ਨਾਲ ਭੁਪਿੰਦਰ ਸਿੰਘ ਸੋਹਲ, ਦਵਿੰਦਰ ਸਿੰਘ ਪਾਸੀ ਅਤੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਦੇ ਮੀਡੀਆ ਇੰਚਾਰਜ ਸੁਖਵਿੰਦਰ ਸਿੰਘ ਗਿੱਲ ਵੀ ਹਾਜ਼ਰ ਸਨ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ