
ਮਹਿਲ ਕਲਾਂ, 20 ਮਾਰਚ (ਹਿੰ.ਸ.)। ਪੰਜਾਬ ਸਰਕਾਰ ਵਲੋਂ ਪ੍ਰਤੀ ਪਰਿਵਾਰ 10 ਲੱਖ ਤੱਕ ਦੇ ਨਕਦੀ ਰਹਿਤ ਇਲਾਜ ਦੀ ਸਹੂਲਤ ਦੇਣ ਲਈ ਚਲਾਈ ਜਾ ਰਹੀ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਜ਼ਿਲ੍ਹੇ ਵਿੱਚ ਵਿਸ਼ੇਸ਼ ਕੈਂਪ ਜਾਰੀ ਹਨ।
ਇਸ ਤਹਿਤ ਐੱਸ. ਡੀ. ਐੱਮ ਮਹਿਲ ਕਲਾਂ ਕ੍ਰਿਤਿਕਾ ਗੋਇਲ ਨੇ ਤਹਿਸੀਲ ਮਹਿਲ ਕਲਾਂ ਵਿੱਚ ਚੱਲ ਰਹੇ ਵਿਸ਼ੇਸ਼ ਕੈਂਪਾਂ ਦਾ ਦੌਰਾ ਕਰਕੇ ਪ੍ਰਕਿਰਿਆ ਦਾ ਜਾਇਜ਼ਾ ਲਿਆ ਅਤੇ ਸਟਾਫ਼ ਨੂੰ ਲੋੜੀਂਦੇ ਦਿਸ਼ਾ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਕੈਂਪਾਂ ਵਿਚ ਆਮ ਲੋਕਾਂ ਨੂੰ ਕੋਈ ਦਿੱਕਤ ਪੇਸ਼ ਨਾ ਆਉਣ ਦਿੱਤੀ ਜਾਵੇ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਇਸ ਯੋਜਨਾ ਤਹਿਤ ਜ਼ਿਲ੍ਹੇ ਦੇ ਸਰਕਾਰੀ ਹਸਪਤਾਲਾਂ ਵਿੱਚ ਸਿਵਲ ਹਸਪਤਾਲ ਬਰਨਾਲਾ, ਸਬ-ਡਵਿਜ਼ਨਲ ਹਸਪਤਾਲ ਤਪਾ, ਸੀ.ਐਚ.ਸੀ ਧਨੌਲਾ, ਸੀ.ਐਚ.ਸੀ ਮਹਿਲ ਕਲਾਂ, ਸੀ.ਐਚ.ਸੀ ਭਦੌੜ, ਸੀ.ਐਚ.ਸੀ ਚੰਨਣਵਾਲ ਤੋਂ ਇਲਾਵਾ ਪ੍ਰਾਈਵੇਟ ਹਸਪਤਾਲ ਸੂਚੀਬੱਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਅਤੇ ਸਬ ਡਿਵੀਜ਼ਨ ਵਿੱਚ ਰੋਜ਼ਾਨਾ 21 ਥਾਵਾਂ ਉੱਤੇ ਕੈਂਪ ਚੱਲ ਰਹੇ ਹਨ ਅਤੇ ਇਸ ਤੋਂ ਇਲਾਵਾ ਕਾਮਨ ਸਰਵਿਸ ਸੈਂਟਰਾਂ ਵਿਚ ਵੀ ਕਾਰਡ ਬਣਾਏ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਸਕੀਮ ਤਹਿਤ ਰਜਿਸਟ੍ਰੇਸ਼ਨ ਲਈ ਪਰਿਵਾਰ ਦੇ ਸਾਰੇ ਮੈਂਬਰ ਆਪਣਾ ਆਧਾਰ ਕਾਰਡ, ਵੋਟਰ ਕਾਰਡ ਅਤੇ ਨਾਬਾਲਗ ਦੀ ਰਜਿਸਟ੍ਰੇਸ਼ਨ ਲਈ ਜਨਮ ਸਰਟੀਫਿਕੇਟ ਨਾਲ ਜ਼ਰੂਰ ਲਿਜਾਣ। ਉਨ੍ਹਾਂ ਕਿਹਾ ਕਿ ਇਸ ਵੇਲੇ ਐੱਸ ਡੀ ਐੱਮ ਦਫ਼ਤਰ ਮਹਿਲ ਕਲਾਂ ਵਿੱਚ ਵੀ ਵਿਸ਼ੇਸ਼ ਕੈਂਪਾਂ ਜਾਰੀ ਹੈ। ਓਹਨਾਂ ਤਹਿਸੀਲ ਵਾਸੀਆਂ ਨੂੰ ਕੈਂਪਾਂ ਦਾ ਲਾਭ ਲੈਣ ਦਾ ਸੱਦਾ ਦਿੱਤਾ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ