

ਮਲੇਰਕੋਟਲਾ,21 ਮਾਰਚ (ਹਿੰ.ਸ.)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਮਲੇਰਕੋਟਲਾ ਪਹੁੰਚ ਕੇ ਲੋਕਾਂ ਨਾਲ ਈਦ ਮਨਾਈ। ਈਦਗਾਹ ਵਿਖੇ ਈਦ ਦੇ ਪਾਵਨ ਮੌਕੇ ਸਬੰਧੋਨ ਕਰਦਿਆਂ ਉਨ੍ਹਾਂ ਨੇ ਇਤਿਹਾਸਕ ਸ਼ਹਿਰ ਲਈ 375 ਕਰੋੜ ਰੁਪਏ ਦੇ ਵਿਕਾਸ ਫੰਡਾਂ ਦਾ ਐਲਾਨ ਕੀਤਾ। ਸਿਹਤ ਸੰਭਾਲ ਅਤੇ ਸਿੱਖਿਆ ਖੇਤਰਾਂ ਲਈ ਵੱਡੇ ਐਲਾਨਾਂ ਦੇ ਨਾਲ-ਨਾਲ ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਪੰਜਾਬ ਕਿਸੇ ਵੀ ਤਾਕਤ ਨੂੰ ਭਾਈਚਾਰਕ ਸਾਂਝ ਭੰਗ ਕਰਨ ਦੀ ਹਰਗਿਜ਼ ਇਜਾਜ਼ਤ ਨਹੀਂ ਦੇਵੇਗਾ।
ਲੋਕਾਂ ਨੂੰ ਵਧਾਈ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਈਦ-ਉਲ-ਫ਼ਿਤਰ ਇੱਕ ਦੂਜੇ ਦੀ ਭਲਾ ਮੰਗਣ ਦਾ ਤਿਉਹਾਰ ਹੈ ਅਤੇ ਮੈਨੂੰ ਮਲੇਰਕੋਟਲਾ ਦੀ ਇਸ ਪਵਿੱਤਰ ਈਦਗਾਹ ਵਿੱਚ ਆ ਕੇ ਬਹੁਤ ਸਕੂਨ ਤੇ ਖੁਸ਼ੀ ਮਿਲੀ ਹੈ। ਇਹ ਇੱਕ ਅਜਿਹਾ ਤਿਉਹਾਰ ਹੈ ਜੋ ਭਾਈਚਾਰਕ ਸਾਂਝ ਦੀ ਪ੍ਰਤੱਖ ਤਸਵੀਰ ਪੇਸ਼ ਕਰਦਾ ਹੈ, ਜਿੱਥੇ ਅਸੀਂ ਇਕੱਠੇ ਬੈਠਦੇ ਹਾਂ ਅਤੇ ਇੱਕ ਦੂਜੇ ਦੀ ਖ਼ੈਰ ਮੰਗਦੇ ਹਾਂ। ਮੈਂ ਪ੍ਰਬੰਧਕ ਕਮੇਟੀ ਅਤੇ ਨੇੜਲੇ ਪਿੰਡਾਂ ਤੋਂ ਈਦ ਮਨਾਉਣ ਲਈ ਆਏ ਸਾਰੇ ਲੋਕਾਂ ਨੂੰ ਦਿਲੋਂ ਸ਼ੁਭਕਾਮਨਾਵਾਂ ਦਿੰਦਾ ਹਾਂ।
ਉਨ੍ਹਾਂ ਕਿਹਾ ਕਿ ਮਲੇਰਕੋਟਲਾ ਇੱਕ ਇਤਿਹਾਸਕ ਧਰਤੀ ਹੈ ਜਿੱਥੋਂ ਦਸਵੇਂ ਪਾਤਸ਼ਾਹ ਦੇ ਛੋਟੇ ਸਾਹਿਬਜ਼ਾਦਿਆਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ ਗਿਆ ਸੀ ਤੇ ਉਹ ਆਵਾਜ਼ ਅੱਜ ਵੀ ਪੂਰੀ ਦੁਨੀਆ ਅਤੇ ਬ੍ਰਹਿਮੰਡ ਵਿੱਚ ਗੂੰਜ ਰਹੀ ਹੈ। ਈਦ ਦੇ ਇਸ ਪਵਿੱਤਰ ਤਿਉਹਾਰ ਮੌਕੇ ਉਨ੍ਹਾਂ ਐਲਾਨ ਕੀਤਾ ਕਿ ਇੱਥੇ ਇੱਕ ਮੈਡੀਕਲ ਕਾਲਜ ਬਣਾਇਆ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਲਗਭਗ 38.5 ਏਕੜ ਡਿਫੈਂਸ ਜ਼ਮੀਨ ਸਰਕਾਰ ਨੂੰ ਟ੍ਰਾਂਸਫਰ ਕਰ ਦਿੱਤੀ ਗਈ ਹੈ ਅਤੇ ਲਗਭਗ 563 ਕਰੋੜ ਰੁਪਏ ਦੀ ਲਾਗਤ ਨਾਲ 100 ਐਮ.ਬੀ.ਬੀ.ਐਸ. ਸੀਟਾਂ ਦੀ ਸਮਰੱਥਾ ਵਾਲਾ ਇਹ ਮੈਡੀਕਲ ਕਾਲਜ ਛੇਤੀ ਹੀ ਤਿਆਰ ਹੋ ਜਾਵੇਗਾ। ਇਸ ਦੇ ਨਾਲ ਹੀ ਲਗਭਗ 8.5 ਏਕੜ ਵਿੱਚ 150 ਬਿਸਤਰਿਆਂ ਵਾਲਾ ਈ.ਐਸ.ਆਈ. ਹਸਪਤਾਲ ਵੀ ਬਣਾਇਆ ਜਾ ਰਿਹਾ ਹੈ ਕਿਉਂਕਿ ਇਸ ਸਮੇਂ ਖੰਨਾ ਅਤੇ ਲੁਧਿਆਣਾ ਵਿਚਕਾਰ ਅਜਿਹਾ ਕੋਈ ਵੀ ਹਸਪਤਾਲ ਉਪਲਬਧ ਨਹੀਂ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਜਿੱਥੇ ਵੀ ਮੈਡੀਕਲ ਕਾਲਜ ਬਣਾਇਆ ਜਾਂਦਾ ਹੈ, ਉੱਥੇ ਇੱਕ ਨਰਸਿੰਗ ਕਾਲਜ ਅਤੇ 200 ਬਿਸਤਰਿਆਂ ਵਾਲਾ ਹਸਪਤਾਲ ਹੋਣਾ ਵੀ ਲਾਜ਼ਮੀ ਹੈ, ਇਸ ਲਈ ਇਹਨਾਂ ਨੂੰ ਵੀ ਮੈਡੀਕਲ ਕਾਲਜ ਦੇ ਨਾਲ ਹੀ ਵਿਕਸਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਕੁੜੀਆਂ ਦਾ ਸਕੂਲ ਜੋ ਪਹਿਲਾਂ ਦੋ ਸ਼ਿਫਟਾਂ ਵਿੱਚ ਚਲਾਇਆ ਜਾਂਦਾ ਸੀ, ਲਈ ਹੁਣ ਪੰਜ ਮੰਜ਼ਿਲਾ ਇਮਾਰਤ ਤਿਆਰ ਕੀਤੀ ਗਈ ਹੈ ਅਤੇ ਫਰਨੀਚਰ ਉਪਲਬਧ ਕਰਵਾਇਆ ਜਾ ਰਿਹਾ ਹੈ। ਇਸ ਸਕੂਲ ਦਾ ਉਦਘਾਟਨ ਅਗਲੇ 15-20 ਦਿਨਾਂ ਵਿੱਚ ਹੋਣ ਦੀ ਸੰਭਾਵਨਾ ਹੈ ਅਤੇ ਸਾਡੀਆਂ ਧੀਆਂ ਉੱਥੇ ਸਿੱਖਿਆ ਪ੍ਰਾਪਤ ਕਰਨਗੀਆਂ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ