
ਚੰਡੀਗੜ੍ਹ, 21 ਮਾਰਚ (ਹਿੰ.ਸ.)। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਵਿਸ਼ਵ ਸਹਿਯੋਗ ਦੇ ਨਵੇਂ ਦੌਰ ਵਿੱਚ ਹਰਿਆਣਾ ਅਫ਼ਰੀਕੀ ਦੇਸ਼ਾਂ ਨਾਲ ਆਪਣੇ ਸਬੰਧਾਂ ਨੂੰ ਹੋਰ ਮਜ਼ਬੂਤ ਅਤੇ ਵਿਆਪਕ ਬਣਾਉਣ ਦੀ ਦਿਸ਼ਾ ਵਿੱਚ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਨਾ ਸਿਰਫ਼ ਉਦਯੋਗਿਕ ਅਤੇ ਆਰਥਿਕ ਖੇਤਰ ਵਿੱਚ ਮੋਹਰੀ ਸੂਬੇ ਵਜੋਂ ਉਭਰਿਆ ਹੈ, ਸਗੋਂ ਖੇਤੀਬਾੜੀ, ਪਸ਼ੂ ਪਾਲਣ, ਡੇਅਰੀ, ਬਾਗਬਾਨੀ ਅਤੇ ਹੋਰ ਏਲਾਇਡ ਸੈਕਟਰ ਵਿੱਚ ਵੀ ਆਪਣੀ ਵਿਸ਼ੇਸ਼ ਪਛਾਣ ਸਥਾਪਿਤ ਕਰ ਚੁੱਕਾ ਹੈ। ਇਨ੍ਹਾਂ ਖੇਤਰਾਂ ਵਿੱਚ ਦੋਵੇਂ ਮਿਲ ਕੇ ਆਪਸੀ ਸਹਿਯੋਗ ਨਾਲ ਇੱਕ-ਦੂਜੇ ਦੇ ਤਜ਼ਰਬੇ ਅਤੇ ਮੁਹਾਰਤ ਸਾਂਝੀ ਕਰਦਿਆਂ ਵਿਕਾਸ ਵਿੱਚ ਤੇਜ਼ੀ ਲਿਆਉਣਗੇ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸ਼ਨੀਵਾਰ ਨੂੰ 'ਭਾਰਤ ਇਲੈਕਟ੍ਰੀਸਿਟੀ ਸਮਿਟ-2026' ਦੇ ਤਹਿਤ ਨਵੀਂ ਦਿੱਲੀ ਵਿੱਚ ਆਯੋਜਿਤ 'ਭਾਰਤ-ਅਫਰੀਕਾ ਰਣਨੀਤਕ ਸਾਝੇਦਾਰੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਪ੍ਰੋਗਰਾਮ ਦੀ ਪ੍ਰਧਾਨਗੀ ਕੇਂਦਰੀ ਊਰਜਾ ਅਤੇ ਹਾਊਸਿੰਗ ਮੰਤਰੀ ਮਨੋਹਰ ਲਾਲ ਨੇ ਕੀਤੀ, ਜਦਕਿ ਕੇਂਦਰੀ ਊਰਜਾ ਅਤੇ ਨਵੀਨ ਤੇ ਨਵੀਨੀਕਰਨ ਊਰਜਾ ਰਾਜ ਮੰਤਰੀ ਸ੍ਰੀਪਦ ਯੈਸੋ ਨਾਇਕ ਨੇ ਵੀ ਸਮਿਟ ਨੂੰ ਸੰਬੋਧਨ ਕੀਤਾ।
ਅਫ਼ਰੀਕੀ ਦੇਸ਼ਾਂ ਦੇ ਮੰਤਰੀਆਂ, ਪ੍ਰਤੀਨਿਧਾਂ ਅਤੇ ਮਾਣਯੋਗ ਵਿਅਕਤੀਆਂ ਨੂੰ ਸੰਬੋਧਿਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਅਤੇ ਅਫ਼ਰੀਕਾ ਵਿਚਾਲੇ ਸਬੰਧ ਸਿਰਫ਼ ਵਪਾਰਕ ਲੈਣ-ਦੇਣ ਤੱਕ ਸੀਮਤ ਨਹੀਂ ਹਨ, ਸਗੋਂ ਇਹ ਰਿਸ਼ਤੇ “ਬਿਜ਼ਨਸ ਟੂ ਬਿਜ਼ਨਸ” ਤੋਂ ਅੱਗੇ ਵਧ ਕੇ “ਹਾਰਟ ਟੂ ਹਾਰਟ” ਦੇ ਹਨ।
ਉਨ੍ਹਾਂ ਕਿਹਾ ਕਿ ਖੇਤੀਬਾੜੀ ਅਤੇ ਇਸ ਨਾਲ ਜੁੜੇ ਖੇਤਰਾਂ ਵਿੱਚ ਹਰਿਆਣਾ ਅਤੇ ਅਫ਼ਰੀਕਾ ਵਿਚਾਲੇ ਸਹਿਯੋਗ ਦੀਆਂ ਅਪਾਰ ਸੰਭਾਵਨਾਵਾਂ ਹਨ। ਆਧੁਨਿਕ ਤਕਨੀਕ, ਉੱਨਤ ਬੀਜ, ਸਿੰਚਾਈ ਪ੍ਰਬੰਧਨ, ਡੇਅਰੀ ਵਿਕਾਸ ਅਤੇ ਖੇਤੀ ਅਧਾਰਿਤ ਉਦਯੋਗਾਂ ਦੇ ਖੇਤਰ ਵਿੱਚ ਸਾਝੇਦਾਰੀ ਨਾਲ ਦੋਵਾਂ ਧਿਰਾਂ ਨੂੰ ਫਾਇਦਾ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਹਰਿਆਣਾ ਸਰਕਾਰ ਇਸ ਦਿਸ਼ਾ ਵਿੱਚ ਸੰਸਥਾਗਤ ਸਹਿਯੋਗ, ਨਿਵੇਸ਼ ਪ੍ਰੋਤਸਾਹਨ ਅਤੇ ਗਿਆਨ ਦੇ ਆਦਾਨ-ਪ੍ਰਦਾਨ ਨੂੰ ਪ੍ਰੋਤਸਾਹਨ ਦੇਣ ਲਈ ਵਚਨਬੱਧ ਹੈ।
ਮੁੱਖ ਮੰਤਰੀ ਨੇ ਭਰੋਸਾ ਪ੍ਰਗਟਾਇਆ ਕਿ ਆਉਣ ਵਾਲੇ ਸਮੇਂ ਵਿੱਚ ਹਰਿਆਣਾ ਅਤੇ ਅਫ਼ਰੀਕੀ ਦੇਸ਼ਾਂ ਵਿਚਾਲੇ ਸਹਿਯੋਗ ਦੇ ਨਵੇਂ ਆਯਾਮ ਸਥਾਪਿਤ ਹੋਣਗੇ, ਜਿਸ ਨਾਲ ਨਾ ਸਿਰਫ਼ ਆਰਥਿਕ ਪ੍ਰਗਤੀ ਨੂੰ ਗਤੀ ਮਿਲੇਗੀ, ਸਗੋਂ ਵਿਸ਼ਵ ਪੱਧਰ 'ਤੇ ਸਾਂਝੇ ਵਿਕਾਸ ਅਤੇ ਖੁਸ਼ਹਾਲੀ ਦੇ ਟੀਚੇ ਨੂੰ ਵੀ ਸਾਕਾਰ ਕੀਤਾ ਜਾ ਸਕੇਗਾ।
ਉਨ੍ਹਾਂ ਕਿਹਾ ਕਿ ਇਹ ਆਯੋਜਨ ਸਿਰਫ਼ ਇੱਕ ਅੰਤਰਰਾਸ਼ਟਰੀ ਬੈਠਕ ਨਹੀਂ ਹੈ, ਸਗੋਂ ਸਹਿਯੋਗ ਅਤੇ ਸਮੂਹਿਕ ਵਿਕਾਸ ਰਾਹੀਂ ਬਿਹਤਰ ਭਵਿੱਖ ਦੇ ਨਿਰਮਾਣ ਦਾ ਇੱਕ ਸਾਂਝਾ ਮੰਚ ਹੈ। ਉਨ੍ਹਾਂ ਕਿਹਾ ਕਿ ਇਹ ਸਮਿਟ ਭਾਰਤ ਅਤੇ ਅਫ਼ਰੀਕਾ ਵਿਚਾਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਸਾਂਝੀ ਦ੍ਰਿਸ਼ਟੀ ਅਤੇ ਜੁੜਾਅ ਦਾ ਪ੍ਰਤੀਕ ਹੈ।
ਭਾਰਤ ਅਤੇ ਅਫ਼ਰੀਕੀ ਦੇਸ਼ਾਂ ਦੇ ਲੰਬੇ ਸਬੰਧਾਂ ਦਾ ਵਰਨਣ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਹ ਸਾਝੇਦਾਰੀ ਸਾਂਝੇ ਇਤਿਹਾਸ, ਸੱਭਿਆਚਾਰਕ ਜੁੜਾਅ, ਸੰਘਰਸ਼ਾਂ ਅਤੇ ਇੱਛਾਵਾਂ 'ਤੇ ਅਧਾਰਿਤ ਹੈ। ਦੋਵੇਂ ਖੇਤਰ ‘ਗਲੋਬਲ ਸਾਊਥ’ ਦੀ ਮਜ਼ਬੂਤ ਆਵਾਜ਼ ਵਜੋਂ ਉੱਭਰ ਰਹੇ ਹਨ ਅਤੇ ਸਮਾਨ ਵਿਕਾਸ ਟੀਚਿਆਂ ਨਾਲ ਜੁੜੇ ਹੋਏ ਹਨ।
ਹਰਿਆਣਾ ਆਕਾਰ ਵਿੱਚ ਛੋਟਾ ਪਰ ਸੰਕਲਪ ਵਿੱਚ ਮਜ਼ਬੂਤ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦ੍ਰਿਸ਼ਟੀਕੋਣ ਦਾ ਵਰਨਣ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਭਾਰਤ-ਅਫ਼ਰੀਕਾ ਸਾਝੇਦਾਰੀ ਸਮਾਨਤਾ, ਭਰੋਸੇ ਅਤੇ ਆਪਸੀ ਸਤਿਕਾਰ 'ਤੇ ਅਧਾਰਿਤ ਹੈ, ਜਿਸ ਵਿੱਚ ਕਿਸੇ ਨੂੰ ਪਿੱਛੇ ਨਾ ਛੱਡਦੇ ਹੋਏ ਸਮਾਵੇਸ਼ੀ ਅਤੇ ਸਾਂਝੇ ਵਿਕਾਸ 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ