
ਬਟਾਲਾ, 21 ਮਾਰਚ (ਹਿੰ.ਸ.)। ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਤਕਨੀਕੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਯੋਗ ਅਗਵਾਈ ਅਤੇ ਪ੍ਰਮੁੱਖ ਸਕੱਤਰ ਅਤੇ ਡਾਇਰੈਕਟਰ ਤਕਨੀਕੀ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ ਅਧੀਨ ਪ੍ਰਿੰਸੀਪਲ ਦਵਿੰਦਰ ਸਿੰਘ ਭੱਟੀ ਦੇ ਉਪਰਾਲਿਆਂ ਸਦਕਾ ਬਟਾਲਾ ਹਲਕੇ ਦੇ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਵੱਲੋਂ ਸਰਕਾਰੀ ਪੋਲੀਟੈਕਨਿਕ ਕਾਲਜ ਬਟਾਲਾ ਵਿਖੇ ਇਲਾਕੇ ਦੀ ਪਹਿਲੀ ਏ. ਆਈ. ਬੇਸਡ ਸੀ. ਪੀ. ਐਸ. ਲੈਬ (ਸਾਈਬਰ ਫਿਜੀਕਲ ਸਿਸਟਮਸ ਲੈਬ) ਦਾ ਉਦਘਾਟਨ ਕੀਤਾ ਗਿਆ।
ਇਸ ਮੌਕੇ ਵਿਧਾਇਕ ਸ਼ੈਰੀ ਕਲਸੀ ਨੇ ਪ੍ਰਿੰਸੀਪਲ ਭੱਟੀ ਅਤੇ ਕਾਲਜ ਦੇ ਸਮੂਹ ਸਟਾਫ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਰਕਾਰੀ ਪੋਲੀਟੈਕਨਿਕ ਕਾਲਜ ਬਟਾਲਾ ਹਮੇਸ਼ਾ ਹੀ ਇਲਾਕੇ ਲਈ ਇੱਕ ਵਰਦਾਨ ਸਾਬਤ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਲੈਬ ਵਿਦਿਆਰਥੀਆਂ ਨੂੰ ਤਕਨੀਕੀ ਸਿੱਖਿਆ ਦੇ ਨਾਲ-ਨਾਲ ਕਿਸਾਨਾਂ ਨੂੰ ਵੀ ਮਿੱਟੀ ਜਾਂਚ ਅਤੇ ਮੌਸਮੀ ਜਾਣਕਾਰੀ ਦੇ ਰੂਪ ਵਿੱਚ ਵੱਡਾ ਲਾਭ ਦੇਵੇਗੀ। ਉਹਨਾਂ ਕਿਹਾ ਕਿ ਜਿੱਥੇ ਪੰਜਾਬ ਸਰਕਾਰ ਹਰ ਵਰਗ ਦੇ ਲੋਕਾਂ ਦੀ ਭਲਾਈ ਲਈ ਵੱਧ ਤੋਂ ਵੱਧ ਸਕੀਮਾਂ ਲਾਗੂ ਕਰ ਰਹੀ ਹੈ, ਉੱਥੇ ਇਹ ਲੈਬ ਵੀ ਇਲਾਕੇ ਦੇ ਵਿਦਿਆਰਥੀਆਂ ਨੂੰ ਤਕਨੀਕੀ ਸਿੱਖਿਆ ਅਤੇ ਆਧੁਨਿਕ ਜਾਣਕਾਰੀ ਪ੍ਰਦਾਨ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗੀ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਅਜਿਹੇ ਉਪਰਾਲਿਆਂ ਨੂੰ ਅੱਗੇ ਵਧਾਉਣ ਲਈ ਹਮੇਸ਼ਾ ਪੂਰਾ ਸਹਿਯੋਗ ਦਿੰਦੀ ਰਹੇਗੀ।
ਇਸ ਮੌਕੇ ਕਾਲਜ ਦੇ ਟਰੇਨਿੰਗ ਐਂਡ ਪਲੇਸਮੈਂਟ ਅਫਸਰ ਜਸਬੀਰ ਸਿੰਘ ਜੋ ਕਿ ਇਸ ਲੈਬ ਦੇ ਇੰਚਾਰਜ ਵੀ ਹਨ ਨੇ ਦੱਸਿਆ ਕਿ ਇਹ ਲੈਬ ਪ੍ਰਿੰਸੀਪਲ ਭੱਟੀ ਦੇ ਅਣਥੱਕ ਯਤਨਾ ਸਦਕਾ ਅਤੇ ਆਈ. ਆਈ. ਟੀ. ਰੋਪੜ ਟੈਕਨਾਲੋਜੀ ਇਨੋਵੇਸ਼ਨ ਹੱਬ ਦੇ ਸਹਿਯੋਗ ਨਾਲ ਸਥਾਪਿਤ ਕੀਤੀ ਗਈ ਹੈ ਅਤੇ ਇਸ ਲੈਬ ਅਧੀਨ ਕਾਲਜ ਵਿੱਚ ਇਸ ਇਲਾਕੇ ਦਾ ਪਹਿਲਾ ਆਟੋ ਵੇਦਰ ਸਟੇਸ਼ਨ ਵੀ ਲਗਾਇਆ ਗਿਆ ਹੈ, ਜੋ ਇਲਾਕੇ ਦੇ ਮੌਸਮ ਬਾਰੇ ਰੀਅਲ-ਟਾਈਮ ਜਾਣਕਾਰੀ ਪ੍ਰਦਾਨ ਕਰੇਗਾ। ਉਹਨਾਂ ਦੱਸਿਆ ਕਿ ਕਾਲਜ ਦੇ ਵਿਦਿਆਰਥੀਆਂ ਦੇ ਨਾਲ ਨਾਲ ਇਲਾਕੇ ਦੇ ਸਕੂਲਾਂ ਦੇ ਵਿਦਿਆਰਥੀ ਵੀ ਇਸ ਲੈਬ ਦਾ ਦੌਰਾ ਕਰਕੇ ਆਧੁਨਿਕ ਏ.ਆਈ. ਤਕਨੀਕਾਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਣਗੇ। ਇਸ ਸਬੰਧੀ ਸਮੂਹ ਸਕੂਲਾਂ ਨੂੰ ਵਿਸ਼ੇਸ਼ ਸੱਦਾ ਵੀ ਦਿੱਤਾ ਗਿਆ ਹੈ।
ਪ੍ਰਿੰਸੀਪਲ ਦਵਿੰਦਰ ਸਿੰਘ ਭੱਟੀ ਨੇ ਕਿਹਾ ਕਿ ਉਹਨਾਂ ਨੂੰ ਮਾਣ ਮਹਿਸੂਸ ਹੁੰਦਾ ਹੈ ਕਿ ਕਾਲਜ ਆਈ. ਆਈ. ਟੀ. ਵਰਗੇ ਉੱਚ ਪੱਧਰੀ ਤਕਨੀਕੀ ਸੰਸਥਾਨ ਨਾਲ ਜੁੜਿਆ ਹੈ, ਜਿਸ ਦਾ ਲਾਭ ਪੂਰੇ ਬਟਾਲਾ ਇਲਾਕੇ ਨੂੰ ਹੋਵੇਗਾ। ਉਨਾ ਕਿਹਾ ਕਿ ਇਸ ਲੈਬ ਦੀ ਸਥਾਪਨਾ ਵਿੱਚ ਆਈ. ਆਈ. ਟੀ. ਰੋਪੜ ਅਵਧ ਹੱਬ ਦੇ ਸੀ.ਈ.ਓ. ਡਾਕਟਰ ਰਾਧਿਕਾ ਤ੍ਰਿਖਾ ਅਤੇ ਡਾਕਟਰ ਨਵਨੀਤ ਵਾਲੀਆ ਦਾ ਵਿਸ਼ੇਸ਼ ਯੋਗਦਾਨ ਰਿਹਾ। ਉਹਨਾਂ ਦੱਸਿਆ ਕਿ ਇਹ ਕਾਲਜ ਵੈਦਰ ਸਟੇਸ਼ਨ ਸਥਾਪਿਤ ਕਰਨ ਵਾਲਾ ਪੰਜਾਬ ਦਾ ਪਹਿਲਾ ਪੋਲੀਟਿਕਨਿਕ ਕਾਲਜ ਬਣਿਆ ਹੈ। ਉਹਨਾਂ ਇਹ ਵੀ ਦੱਸਿਆ ਕਿ ਇਹ ਲੈਬ ਕਿਸਾਨੀ ਨਾਲ ਵੀ ਸੰਬੰਧਿਤ ਵੀ ਹੈ ਅਤੇ ਇਸ ਅਧੀਨ ਮਿੱਟੀ ਦੀ ਜਾਂਚ (ਸੋਇਲ ਟੈਸਟਿੰਗ ) ਲਈ ਵੀ ਪ੍ਰਬੰਧ ਕੀਤੇ ਜਾਣਗੇ।
ਆਈ.ਆਈ.ਟੀ. ਰੋਪੜ ਅਵਧ ਹਬ ਦੇ ਸੀ.ਐਲ.ਓ. ਅਦਿਤਿਆ ਮੇਦਾਨ ਵੀ ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਉਹਨਾਂ ਨੇ ਕਿਹਾ ਕਿ ਕਾਲਜ ਦੇ ਸਮੂਹ ਪ੍ਰਬੰਧਨ ਨੂੰ ਦੇਖਦੇ ਹੋਏ ਉਹਨਾਂ ਨੂੰ ਪੂਰਾ ਭਰੋਸਾ ਹੈ ਕਿ ਇਹ ਲੈਬ ਆਪਣੇ ਮੰਤਵ ਵਿੱਚ ਕਾਮਯਾਬ ਰਹੇਗੀ ਅਤੇ ਇਲਾਕੇ ਲਈ ਲਾਭਕਾਰੀ ਸਾਬਤ ਹੋਵੇਗੀ। ਇਸ ਮੌਕੇ ਉਹਨਾਂ ਦੀ ਟੀਮ ਦੇ ਮੈਂਬਰ ਆਸ਼ੂਤੋਸ਼ ਕੁਮਾਰ, ਅਨਿਲ ਚੌਧਰੀ ਅਤੇ ਮੋਨੂ ਕੁਮਾਰ ਨੇ ਵੀ ਲੈਬ ਸਥਾਪਨਾ ਵਿੱਚ ਯੋਗਦਾਨ ਪਾਇਆ। ਪ੍ਰੋਗਰਾਮ ਦੇ ਆਖਰ ਵਿੱਚ ਪ੍ਰਿੰਸੀਪਲ ਅਤੇ ਸਟਾਫ ਵੱਲੋਂ ਆਈ. ਆਈ. ਟੀ. ਰੋਪੜ ਤੋਂ ਆਏ ਅਦਿਤਿਆ ਮੇਦਾਨ ਅਤੇ ਵਿਧਾਇਕ ਸ਼ੈਰੀ ਕਲਸੀ ਨੂੰ ਸਨਮਾਨ ਚਿੰਨ ਭੇਟ ਕਰਕੇ ਧੰਨਵਾਦ ਕੀਤਾ ਗਿਆ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ