
ਹੁਸ਼ਿਆਰਪੁਰ, 21 ਮਾਰਚ (ਹਿੰ.ਸ.)। ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਹੁਸ਼ਿਆਰਪੁਰ ਦੇ ਨਵ-ਨਿਯੁਕਤ ਇੰਚਾਰਜ ਸੰਜੀਵ ਤਲਵਾੜ ਨੇ ਅੱਜ ਆਪਣੇ ਨਿਵਾਸ ਸਥਾਨ 'ਤੇ ਵਰਕਰਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਪਾਰਟੀ ਦੀ ਮਜ਼ਬੂਤੀ ਲਈ ਹੇਠਲੇ ਪੱਧਰ 'ਤੇ ਜਾ ਕੇ ਜ਼ਮੀਨ ਤਿਆਰ ਕਰਨਗੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਦੀ ਅਜਿਹੀ ਪਾਰਟੀ ਹੈ, ਜਿਸ ਨੇ ਹਮੇਸ਼ਾ ਹਿੰਦੂ-ਸਿੱਖ ਏਕਤਾ 'ਤੇ ਪਹਿਰਾ ਦਿੱਤਾ ਹੈ ਅਤੇ ਪੰਜਾਬੀਆਂ ਦੇ ਅਸਲ ਦੁੱਖ-ਦਰਦ ਨੂੰ ਸਮਝਿਆ ਹੈ।
ਇਸ ਮੌਕੇ ਵਰਿੰਦਰ ਸਿੰਘ ਬਾਜਵਾ (ਸਾਬਕਾ ਰਾਜ ਸਭਾ ਮੈਂਬਰ) ਨੇ ਭਰੋਸਾ ਜਤਾਇਆ ਕਿ ਅਕਾਲੀ ਦਲ ਜ਼ਿਲ੍ਹੇ ਦੀਆਂ ਸਾਰੀਆਂ ਸੀਟਾਂ 'ਤੇ ਮਿਹਨਤ ਕਰਕੇ ਵੱਡੀ ਜਿੱਤ ਹਾਸਲ ਕਰੇਗਾ। ਉਨ੍ਹਾਂ ਕਿਹਾ ਪਾਰਟੀ ਦੇ ਮਜ਼ਬੂਤ ਕੈਡਰ ਦਾ ਲਾਭ ਆਉਣ ਵਾਲੀਆਂ ਚੋਣਾਂ ਵਿੱਚ ਜ਼ਰੂਰ ਮਿਲੇਗਾ। ਸੋਹਨ ਸਿੰਘ ਠੰਡਲ (ਸਾਬਕਾ ਮੰਤਰੀ) ਨੇ ਮੌਜੂਦਾ ਸਰਕਾਰ ਦੀਆਂ ਨਾਕਾਮੀਆਂ 'ਤੇ ਵਰ੍ਹਦਿਆਂ ਕਿਹਾ ਕਿ ਅੱਜ ਹਰ ਵਰਗ ਸਰਕਾਰ ਦੀ 'ਝੂਠ ਅਤੇ ਫਰੇਬ' ਦੀ ਰਾਜਨੀਤੀ ਨੂੰ ਪਛਾਣ ਚੁੱਕਾ ਹੈ। ਲਖਵਿੰਦਰ ਸਿੰਘ ਲੱਖੀ (ਜ਼ਿਲ੍ਹਾ ਪ੍ਰਧਾਨ ਦਿਹਾਤੀ) ਨੇ ਕਿਹਾ ਕਿ ਤਲਵਾੜ ਪਰਿਵਾਰ ਦਾ ਲੰਬਾ ਸਿਆਸੀ ਤਜਰਬਾ ਅਤੇ ਕੰਮ ਕਰਨ ਦਾ ਜਜ਼ਬਾ ਹੁਸ਼ਿਆਰਪੁਰ ਸੀਟ ਜਿੱਤਣ ਵਿੱਚ ਅਹਿਮ ਸਾਬਿਤ ਹੋਵੇਗਾ।
ਸਮਾਗਮ ਦੌਰਾਨ ਪਾਰਟੀ ਵੱਲੋਂ ਸੌਂਪੀਆਂ ਗਈਆਂ ਨਵੀਆਂ ਜ਼ਿੰਮੇਵਾਰੀਆਂ ਲਈ ਇਕਬਾਲ ਸਿੰਘ ਗੋਪੀ, ਬਿਕਰਮਜੀਤ ਸਿੰਘ ਕਲਸੀ, ਪ੍ਰੇਮ ਸਿੰਘ ਪੁਰਹੀਰਾ, ਸਰਬਜੀਤ ਮੋਮੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਹਰਜੀ ਬਾਜਵਾ, ਜਗਤਾਰ ਸਿੰਘ, ਪਰਮਜੀਤ ਸਿੰਘ (ਸਰਕਲ ਜਥੇਦਾਰ), ਸਾਬਕਾ ਕੌਂਸਲਰ ਸੰਤੋਖ ਸਿੰਘ ਔਜਲਾ, ਨੀਤੀ ਤਲਵਾਰ, ਰਣਜੀਤ ਸਿੰਘ, ਭੁਪਿੰਦਰ ਸਿੰਘ, ਰਵਿੰਦਰ ਨਿੱਕਾ, ਜਸਵਿੰਦਰ ਸਿੰਘ ਸੋਣੀ, ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਆਗੂ ਅਤੇ ਮਹਿਲਾਵਾਂ ਹਾਜ਼ਰ ਸਨ।
---------------
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ