
ਫਾਜ਼ਿਲਕਾ, 21 ਮਾਰਚ (ਹਿੰ.ਸ.)। ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਅਤੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਅਨੁਪ੍ਰਿਆ ਸਿੰਘ ਦੀ ਰਹਿਨੁਮਾਈ ਹੇਠ ਮਿਸ਼ਨ ਵਾਤਸੱਲਿਆ ਸਕੀਮ ਅਧੀਨ ਬਲਾਕ ਜਲਾਲਾਬਾਦ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਦੌਰਾਨ ਐਸ.ਡੀ.ਐਮ. ਜਲਾਲਾਬਾਦ ਕੰਵਰਜੀਤ ਸਿੰਘ ਮਾਨ ਨੇ ਸ਼ਿਰਕਤ ਕੀਤੀ। ਉਨ੍ਹਾਂ ਬਾਲ ਵਿਆਹ ਬਾਰੇ ਦੱਸਿਆ ਕਿ ਲੜਕੀ ਦੇ ਵਿਆਹ ਲਈ ਉਮਰ 18 ਸਾਲ ਹੈ ਅਤੇ ਲੜਕੇ ਦੇ ਵਿਆਹ ਲਈ ਉਮਰ 21 ਸਾਲ ਹੈ। ਜੇਕਰ ਕੋਈ ਨਿਸ਼ਚਿਤ ਕੀਤੀ ਗਈ ਉਮਰ ਤੋਂ ਪਹਿਲਾਂ ਕਿਸੇ ਬੱਚੇ ਦਾ ਬਾਲ ਵਿਆਹ ਕਰਵਾਉਂਦਾ ਹੈ ਤਾਂ ਉਸਨੂੰ ਵੀ ਕਾਨੂੰਨੀ ਰੂਪ ਵਿਚ ਅਪਰਾਧ ਮੰਨਿਆ ਜਾਂਦਾ ਹੈ। ਬਾਲ ਵਿਆਹ ਕਰਵਾਉਣ ਵਾਲੇ ਨੂੰ 2 ਸਾਲ ਦੀ ਸਜਾ ’ਤੇ ਇੱਕ ਲੱਖ ਦਾ ਜੁਰਮਾਨਾ ਹੈ। ਉਨ੍ਹਾਂ ਦੱਸਿਆ ਕਿ ਲੋੜਵੰਦ ਅਤੇ ਬੇਸਹਾਰਾ ਬੱਚਿਆਂ ਦੀ ਸੁਰੱਖਿਆ ਲਈ ਵੱਖ-ਵੱਖ ਚਿਲਡਰਨ ਹੋਮ ਬਣਾਏ ਗਏ ਹਨ ਜਿੱਥੇ ਬੇਸਹਾਰਾ ਬੱਚਿਆਂ ਨੂੰ ਸਹਾਰਾ ਦਿੱਤਾ ਜਾਂਦਾ ਹੈ ਅਤੇ ਬੱਚਿਆਂ ਦੀ ਪੜ੍ਹਾਈ, ਖਾਣ-ਪੀਣ, ਮੈਡੀਕਲ ਅਤੇ ਕਾਊਂਸਲਿੰਗ ਦੀ ਸੁਵਿਧਾ ਦਾ ਪ੍ਰਬੰਧ ਕੀਤਾ ਜਾਂਦਾ ਹੈ ਇਸ ਲਈ ਜੇਕਰ ਕਿਸੇ ਨੂੰ ਕੋਈ ਬੱਚਾ ਲੋੜਵੰਦ ਦਿੱਸਦਾ ਹੈ ਤਾਂ ਉਸਦੀ ਜਾਣਕਾਰੀ ਜ਼ਿਲ੍ਹਾ ਬਾਲ ਸੁਰੱਖਿਆ ਦਫਤਰ, ਫਾਜ਼ਿਲਕਾ ਵਿਖੇ ਦਿੱਤੀ ਜਾ ਸਕਦੀ ਹੈ।ਇਸ ਤੋ ਇਲਾਵਾ ਬੱਚਿਆਂ ਦੇ ਅਧਿਕਾਰਾਂ ਦੀ ਸੁਰੱਖਿਆ ਲਈ ਅਤੇ ਬੱਚਿਆਂ ਨਾਲ ਹੋ ਰਹੇ ਸੋਸ਼ਣ ਸਬੰਧੀ ਸੂਚਨਾ ਦੇਣ ਲਈ ਚਾਈਲਡ ਹੈਲਪ ਲਾਇਨ ਨੰ.1098 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਵੱਲੋਂ ਅਪੀਲ ਕੀਤੀ ਗਈ ਕਿ ਪੰਜਾਬ ਵਿਚ ਆਪਣੇ ਬੱਚਿਆਂ ਦੇ ਉੱਜਵਲ ਭਵਿੱਖ ਨੂੰ ਸਿਰਜਣ ਲਈ ਆਓ ਸਾਰੇ ਮਿਲਕੇ ਰੱਖਿਆ ਕਰੀਏ, ਉਨ੍ਹਾਂ ਨੇ ਕਿਹਾ ਕਿ ਬੱਚਿਆਂ ਦੇ ਹੱਥ ਵਿਚ ਭੀਖ ਦਾ ਕਟੋਰਾ ਨਹੀਂ ਕਿਤਾਬ ਫੜਾਓ।ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਰੀਤੂ ਬਾਲਾ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ, ਫਾਜ਼ਿਲਕਾ ਵੱਲੋਂ ਦੱਸਿਆ ਕਿ ਡਿਪਟੀ ਕਮਿਸ਼ਨਰ, ਫਾਜ਼ਿਲਕਾ ਦੀ ਪ੍ਰਧਾਨਗੀ ਹੇਠ ਸਪਾਂਸਰਸ਼ਿਪ ਅਤੇ ਫੋਸਟਰ ਕੇਅਰ ਅਪਰੂਵਲ ਕਮੇਟੀ ਵੱਲੋਂ ਜ਼ਿਲ੍ਹੇ ਵਿਚ 18 ਸਾਲ ਤੱਕ ਦੇ ਅਜਿਹੇ ਬੱਚੇ ਜਿਨ੍ਹਾਂ ਦੀ ਮਾਤਾ ਵਿਧਵਾ/ਤਲਾਕਸ਼ੁਦਾ ਜਾਂ ਬੱਚੇ ਪਰਿਵਾਰ ਵੱਲੋਂ ਲਵਾਰਿਸ ਛੱਡ ਦਿੱਤੇ ਗਏ ਹੋਣ, ਜਿਨ੍ਹਾਂ ਬੱਚਿਆਂ ਦੇ ਮਾਤਾ ਪਿਤਾ ਖਤਰਨਾਕ ਬਿਮਾਰੀ ਦਾ ਸ਼ਿਕਾਰ ਹਨ/ਮਾਤਾ ਪਿਤਾ ਵਿੱਤੀ ਅਤੇ ਸਰੀਰਕ ਤੌਰ ਤੇ ਬੱਚਿਆਂ ਦੀ ਦੇਖਭਾਲ ਕਰਨ ਵਿੱਚ ਅਸਮਰੱਥ ਹਨ, ਜੇ.ਜੇ.ਐਕਟ 2015 ਦੇ ਅਨੁਸਾਰ ਦੇਖਭਾਲ ਅਤੇ ਸੁਰੱਖਿਆ ਦੀ ਲੋੜ ਵਾਲੇ ਬੱਚੇ ਜਿਵੇਂ ਕਿ ਬੇ-ਘਰ, ਕੁਦਰਤੀ ਆਫਤ ਦਾ ਸ਼ਿਕਾਰ, ਐੱਚ.ਆਈ.ਵੀ/ਏਡਜ਼ ਨਾਲ ਪ੍ਰਭਾਵਿਤ ਬੱਚੇ ਇਸ ਸਕੀਮ ਦਾ ਲਾਭ ਲੈ ਸਕਦੇ ਹਨ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ