
ਚੰਡੀਗੜ੍ਹ, 22 ਮਾਰਚ (ਹਿੰ.ਸ.)। ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸੂਬਾ ਪ੍ਰਧਾਨ ਤੇ ਸਾਬਕਾ ਰਾਜ ਸਭਾ ਮੈਂਬਰ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਪੰਜਾਬ ਵੇਅਰ ਹਾਊਸ ਕਾਰਪੋਰੇਸ਼ਨ ਦੇ ਜ਼ਿਲ੍ਹਾ ਅੰਮ੍ਰਿਤਸਰ ਦੇ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਵੱਲੋਂ ਕੀਤੀ ਗਈ ਖੁਦਕੁਸ਼ੀ ’ਤੇ ਡੂੰਘੇ ਦੁੱਖ ਤੇ ਰੋਸ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਇਸ ਮੰਦਭਾਗੀ ਘਟਨਾ ਲਈ ਪੰਜਾਬ ਸਰਕਾਰ ਦੇ ਇੱਕ ਮੌਜ਼ੂਦਾ ਮੰਤਰੀ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਇਸਨੂੰ ਸਰਕਾਰ ਦੇ ਮੱਥੇ ’ਤੇ ਵੱਡਾ ਕਲੰਕ ਕਰਾਰ ਦਿੱਤਾ ਹੈ।
ਡਾ. ਕਰੀਮਪੁਰੀ ਨੇ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਜਿੱਥੇ ਪੰਜਾਬ ਸਰਕਾਰ ਸੂਬਾ ਵਾਸੀਆਂ ਦੇ ਜਾਨ-ਮਾਲ ਦੀ ਰਾਖੀ ਕਰਨ ਵਿੱਚ ਬੁਰੀ ਤਰ੍ਹਾਂ ਫੇਲ੍ਹ ਹੋਈ ਹੈ, ਉੱਥੇ ਹੀ ਕੈਬਨਿਟ ਵਿੱਚ ਬੈਠੇ ਲੋਕ ਅਧਿਕਾਰੀਆਂ ਨੂੰ ਮੌਤ ਦੇ ਮੂੰਹ ਵਿੱਚ ਧੱਕ ਰਹੇ ਹਨ। ਬਸਪਾ ਨੇ ਮੰਗ ਕੀਤੀ ਹੈ ਕਿ ਗਗਨਦੀਪ ਸਿੰਘ ਰੰਧਾਵਾ ਦਾ ਪੋਸਟਮਾਰਟਮ ਡਾਕਟਰਾਂ ਦੇ ਵਿਸ਼ੇਸ਼ ਬੋਰਡ ਵੱਲੋਂ ਕਰਵਾਇਆ ਜਾਵੇ, ਜਿਸ ਵਿੱਚ ਪੀਜੀਆਈ ਚੰਡੀਗੜ੍ਹ ਦੇ ਡਾਕਟਰ ਜ਼ਰੂਰ ਸ਼ਾਮਲ ਹੋਣ, ਤਾਂ ਜੋ ਸੱਚਾਈ ਸਾਹਮਣੇ ਆ ਸਕੇ।
ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਇਹ ਵੀ ਕਿਹਾ ਕਿ ਇੱਕ ਦਲਿਤ ਮਹਿਲਾ ਨਾਲ ਛੇੜਛਾੜ ਦੇ ਮਾਮਲੇ ਵਿੱਚ ‘ਆਪ’ ਵਿਧਾਇਕ ਨੂੰ 4 ਸਾਲ ਦੀ ਸਜ਼ਾ ਹੋਣ ਦੇ ਬਾਵਜੂਦ ਸਪੀਕਰ ਵੱਲੋਂ ਡਿਸ-ਕੁਆਲੀਫਾਈ ਨਾ ਕਰਨਾ ਸਰਕਾਰ ਦੀ “ਨੈਤਿਕ ਮੌਤ” ਦਾ ਪ੍ਰਤੀਕ ਹੈ। ਬਸਪਾ ਸੂਬਾ ਪ੍ਰਧਾਨ ਨੇ ਕਿਹਾ ਕਿ ਚੰਦਭਾਨ ਅਤੇ ਬਠੋਈ ਕਲਾਂ ਵਿੱਚ ਗਰੀਬਾਂ ਤੇ ਦਲਿਤਾਂ ‘ਤੇ ਜ਼ੁਲਮ ਕਰਨ ਵਾਲੇ ਦੋਸ਼ੀਆਂ ਦੀਆਂ ਜ਼ਮਾਨਤਾਂ ਰੱਦ ਹੋਣ ਦੇ ਬਾਵਜੂਦ ਪੰਜਾਬ ਪੁਲਿਸ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਵਿੱਚ ਅਸਫਲ ਰਹੀ ਹੈ। ਆਪ ਸਰਕਾਰ ਲੋਕਤੰਤਰ ਦੀਆਂ ਕਦਰਾਂ-ਕੀਮਤਾਂ ਨੂੰ ਛਿੱਕੇ ਟੰਗ ਕੇ ਤਾਨਾਸ਼ਾਹ ਨਜ਼ਰੀਏ ਨਾਲ ਚੱਲ ਰਹੀ ਹੈ। ਜਨਤਾ ਦੇ ਹਿੱਤਾਂ ਪ੍ਰਤੀ ਇਸ ਸਰਕਾਰ ਵਿੱਚ ਕੋਈ ਸੰਵੇਦਨਾ ਨਹੀਂ ਬਚੀ।
ਡਾ. ਕਰੀਮਪੁਰੀ ਨੇ ਪੰਜਾਬੀਆਂ ਨੂੰ ਸੱਦਾ ਦਿੱਤਾ ਕਿ ਸੂਬੇ ਨੂੰ ਇਸ ਗੰਭੀਰ ਸੰਕਟ ਵਿੱਚੋਂ ਕੱਢਣ ਲਈ ਬਸਪਾ ਵੱਲੋਂ ਵਿੱਢੀ ‘ਸੰਭਾਲੋ’ ਮੁਹਿੰਮ ਦਾ ਸਾਥ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ 2027 ਦੀਆਂ ਚੋਣਾਂ ਵਿੱਚ ਇਸ ਗੈਰ-ਜ਼ਿੰਮੇਵਾਰ ਸਰਕਾਰ ਨੂੰ ਚਲਦਾ ਕਰਨਾ ਸਮੇਂ ਦੀ ਮੁੱਖ ਲੋੜ ਹੈ। ਇਸ ਮੌਕੇ ਪਾਰਟੀ ਦੇ ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ ਤੇ ਸੂਬਾ ਦਫਤਰ ਸਕੱਤਰ ਇੰਜ. ਜਸਵੰਤ ਰਾਏ ਵੀ ਹਾਜ਼ਰ ਸਨ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ