
ਬਠਿੰਡਾ, 22 ਮਾਰਚ (ਹਿੰ.ਸ.)। ਵਿਰਾਸਤੀ ਮੇਲਾ ਸਿਰਫ ਮਨੋਰੰਜਨ ਦਾ ਸਾਧਨ ਨਹੀਂ, ਸਗੋਂ ਲੋਕ-ਕਲਾਕਾਰਾਂ ਅਤੇ ਹੱਥਕਲਾ ਕਾਰਿਗਰਾਂ ਲਈ ਆਪਣੀ ਕਲਾ ਪ੍ਰਦਰਸ਼ਿਤ ਕਰਨ ਦਾ ਵੱਡਾ ਮੌਕਾ ਹੈ। ਇਹ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਥਾਨਕ ਸ਼ਹੀਦ ਭਗਤ ਸਿੰਘ ਬਹੁਮੰਤਵੀ ਖੇਡ ਸਟੇਡੀਅਮ ਚ ਸਥਿਤ ਵਿਰਾਸਤੀ ਪਿੰਡ ਜੈਪਾਲਗੜ੍ਹ ਵਿਖੇ 19ਵੇਂ ਵਿਰਾਸਤੀ ਮੇਲੇ ਦੇ ਦੂਜੇ ਦਿਨ ਆਮ ਲੋਕਾਂ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਦੌਰਾਨ ਉਨ੍ਹਾਂ ਦੇ ਨਾਲ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ।ਇਸ ਮੌਕੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਇਹ ਮੇਲਾ ਪੰਜਾਬ ਦੀਆਂ ਰਿਵਾਇਤਾਂ, ਲੋਕ-ਕਲਾਵਾਂ ਅਤੇ ਸੱਭਿਆਚਾਰਕ ਧਰੋਹਰ ਨੂੰ ਸੰਭਾਲਣ ਦਾ ਮਹੱਤਵਪੂਰਨ ਮੰਚ ਹੈ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਦੇ ਮੇਲੇ ਨਵੀਂ ਪੀੜ੍ਹੀ ਨੂੰ ਆਪਣੇ ਅਸਲ ਨਾਲ ਜੋੜਦੇ ਹਨ ਅਤੇ ਪੰਜਾਬੀਅਤ ਦੀ ਪਛਾਣ ਨੂੰ ਮਜ਼ਬੂਤ ਕਰਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਸ ਮੇਲੇ ਨੂੰ ਹਰ ਸਾਲ ਹੋਰ ਵੀ ਵਿਸਤਾਰ ਦੇਣ ਲਈ ਯਤਨ ਕੀਤੇ ਜਾਣਗੇ। ਇਹ ਮੇਲਾ ਸਾਂਝੀ ਵਿਰਾਸਤ ਦਾ ਪ੍ਰਤੀਕ ਬਣਕੇ ਲੋਕਾਂ ਨੂੰ ਇਕਜੁੱਟ ਕਰਦਾ ਹੈ।ਇਸ ਮੌਕੇ ਸੰਧਵਾਂ ਕਿਹਾ ਕਿ ਉਨ੍ਹਾਂ ਦੱਸਿਆ ਕਿ ਮੇਲੇ ਵਿੱਚ ਪੰਜਾਬ ਦੀਆਂ ਰਵਾਇਤੀ ਕਲਾਵਾਂ, ਖਾਣ-ਪੀਣ ਅਤੇ ਲੋਕ ਗੀਤਾਂ ਦੀ ਵਿਸ਼ੇਸ਼ ਝਲਕ ਵੇਖਣ ਨੂੰ ਮਿਲਦੀ ਹੈ। ਇਸ ਨਾਲ ਨਾ ਸਿਰਫ ਕਲਾਕਾਰਾਂ ਨੂੰ ਮਾਣ ਮਿਲਦਾ ਹੈ ਸਗੋਂ ਉਨ੍ਹਾਂ ਦੀ ਆਰਥਿਕ ਹਾਲਤ ਵੀ ਮਜ਼ਬੂਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਐਸੇ ਉਪਰਾਲਿਆਂ ਨੂੰ ਲਗਾਤਾਰ ਸਹਿਯੋਗ ਦਿੱਤਾ ਜਾਵੇਗਾ। ਇਹ ਉਪਰਾਲਾ ਪੰਜਾਬ ਦੀ ਸੰਸਕ੍ਰਿਤੀ ਨੂੰ ਵਿਸ਼ਵ ਪੱਧਰ 'ਤੇ ਲਿਜਾਣ ਵਿੱਚ ਸਹਾਇਕ ਹੈ।ਇਸ ਮੌਕੇ ਪੰਜਾਬੀ ਫਿਲਮ ਸਟਾਰ ਬੀਨੂ ਢਿੱਲੋਂ ਨੇ ਵਿਸ਼ੇਸ਼ ਤੌਰ ' ਸ਼ਿਰਕਤ ਕੀਤੀ ਇਸ ਦੌਰਾਨ ਜ਼ਿਲਾ ਪ੍ਰਸ਼ਾਸਨ ਵੱਲੋਂ ਉਨਾਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ। ਇਸ ਤੋਂ ਪਹਿਲਾਂ ਗਾਇਕ ਨਿਰਮਲ ਨਿੰਮਾ ਨੇ ਵੀ ਆਪਣੀ ਗਾਇਕੀ ਨਾਲ ਲੋਕਾਂ ਦਾ ਮਨੋਰੰਜਨ ਕੀਤਾ। ਇਸ ਮੌਕੇ ਸੂਫੀ ਗਾਇਕ ਕਨਵਰ ਗਰੇਵਾਲ ਨੇ ਆਪਣੀ ਸੂਫੀਆਨਾ ਗਾਇਕੀ ਦੇ ਨਾਲ ਦਰਸ਼ਕਾਂ ਨੂੰ ਕੀਲਿਆ। ਇਸ ਤੋਂ ਪਹਿਲਾਂ ਇੱਥੇ ਬੱਚਿਆਂ ਲਈ ਖੇਡਾਂ, ਰਵਾਇਤੀ ਖੇਡਾਂ ਰੱਸਾ ਕੱਸੀ ਤੇ ਕੁਸ਼ਤੀ ਤੋਂ ਇਲਾਵਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਿਆਲਪੁਰਾ ਮਿਰਜ਼ਾ ਨੇ ਮਲਵਈ ਗਿੱਧਾ, ਲਿਟਲ ਫਲਾਵਰ ਸਕੂਲ ਨੇ ਕੋਰੀਓਗ੍ਰਾਫੀ, ਐਸਐਸਡੀ ਸਕੂਲ ਲੜਕੇ ਅਤੇ ਸਰਕਾਰੀ ਰਜਿੰਦਰਾ ਕਾਲਜ ਵੱਲੋਂ ਭੰਗੜਾ, ਡੀਏਵੀ ਕਾਲਜ ਨੇ ਵਿਆਹ ਦਾ ਦ੍ਰਿਸ਼ ਨਾਨਕਾ ਦਾਦਕਾ ਮੇਲ, ਆੜੀ ਆੜੀ ਫਾਉਂਡੇਸ਼ਨ ਨੇ ਲੁੱਡੀ, ਮਸਤਾਨੇ ਗਰੁੱਪ ਰਾਮਪੁਰਾ ਫੂਲ ਨੇ ਨਾਟਕ ਇੱਕ ਸੀ ਰੰਗ ਸਫੈਦ, ਅਤੇ ਗੁਰੂ ਕਾਸ਼ੀ ਯੂਨੀਵਰਸਟੀ ਵੱਲੋਂ ਗਿੱਧੇ ਦੀ ਪੇਸ਼ਕਾਰੀ ਕੀਤੀ ਗਈ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ