
ਸ੍ਰੀ ਮੁਕਤਸਰ ਸਾਹਿਬ/ਗਿੱਦੜਬਾਹਾ,22 ਮਾਰਚ (ਹਿੰ.ਸ.)। ਪੰਜਾਬ ਸਟੇਟ ਟਰੇਡਰਸ ਕਮਿਸ਼ਨ ਦੇ ਬੈਨਰ ਹੇਠ ਗਿੱਦੜਬਾਹਾ ਵਿਖੇ ਵਪਾਰੀਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਅਸੈਂਬਲੀ ਟਰੇਡ ਕਮਿਸ਼ਨ ਗਿੱਦੜਬਾਹਾ ਦੇ ਚੇਅਰਮੈਨ ਅਸ਼ੋਕ ਬੁੱਟਰ ਦੀ ਅਗਵਾਈ ਵਿੱਚ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਵਪਾਰੀਆਂ ਵੱਲੋਂ ਪੇਸ਼ ਆ ਰਹੀਆਂ ਮੁਸ਼ਕਿਲਾਂ ਅਤੇ ਮਸਲਿਆਂ ਨੂੰ ਸੁਣਿਆ ਗਿਆ ਅਤੇ ਉਹਨਾਂ ਦੇ ਤੁਰੰਤ ਹੱਲ ਲਈ ਮੌਕੇ ਤੇ ਮੌਜੂਦ ਸੰਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਗਏ।
ਮੀਟਿੰਗ ਦੌਰਾਨ ਪੀਡੀਏ ਐਸੋਸੀਏਸ਼ਨ ਦੇ ਪ੍ਰਧਾਨ ਰਜੇਸ਼ ਬਾਂਸਲ ਨੇ ਬਾਜ਼ਾਰ ਵਿੱਚ ਵਿਕ ਰਹੇ ਨਕਲੀ ਦੇਸੀ ਘਿਓ ਬਾਰੇ ਜਾਣੂੰ ਕਰਾਵਇਆ ਅਤੇ ਇਸ ਤੇ ਠੱਲ ਪਾਉਣ ਦੀ ਅਪੀਲ ਕੀਤੀ ਤਾਂ ਜੋ ਲੋਕਾਂ ਦੀ ਸਿਹਤ ਨੂੰ ਪਹੁੰਚਣ ਵਾਲੇ ਨੁਕਸਾਨ ਤੋਂ ਬਚਾਇਆ ਜਾ ਸਕੇ। ਇਸ ਮੀਟਿੰਗ ਦੌਰਾਨ ਸ਼ਹਿਰ ਵਾਸੀਆਂ ਨੇ ਮੰਗ ਕੀਤੀ ਕਿ ਗੈਸ ਸਿਲੰਡਰਾਂ ਦੀ ਸਪਲਾਈ ਦੌਰਾਨ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਸਦੇ ਤੁਰੰਤ ਹੱਲ ਕੱਢੇ ਜਾਣ।
ਧੀਰ ਮਾਰਕੀਟ ਦੇ ਦੁਕਾਨਦਾਰਾਂ ਨੇ ਮਾਰਕੀਟ ਵਿੱਚ ਸਟਰੀਟ ਲਾਈਟਾਂ ਲਗਾਉਣ ਦੀ ਮੰਗ ਕੀਤੀ। ਇਸ ਤੋਂ ਇਲਾਵਾ ਥਾਣੇ ਦੀ ਹਾਲਤ ਸੁਧਾਰਣ, ਸ਼ਹਿਰ ਵਿੱਚ ਬੰਦ ਪਏ ਕੈਮਰੇ, ਸੀਵਰੇਜ ਸਿਸਟਮ, ਅਵਾਰਾ ਪਸ਼ੂਆਂ ਦੇ ਸ਼ਹਿਰ ਵਿੱਚ ਵਧਣ ਦੀ ਸਮੱਸਿਆ ਬਾਰੇ ਵੀ ਇਸ ਮੀਟਿੰਗ ਵਿੱਚ ਜ਼ਿਕਰ ਕੀਤਾ ਗਿਆ। ਇਨਾਂ ਸਾਰੀਆਂ ਸਮੱਸਿਆਵਾਂ ਨੂੰ ਸੁਣਨ ਤੋਂ ਬਾਅਦ ਆਪਣੇ ਸੰਬੋਧਨ ਵਿੱਚ ਚੇਅਰਮੈਨ ਅਸ਼ੋਕ ਬੁੱਟਰ ਨੇ ਸਾਰੇ ਵਪਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਇਹਨਾਂ ਸਾਰੀਆਂ ਸਮੱਸਿਆਵਾਂ ਦਾ ਇੱਕ ਹਫਤੇ ਦੇ ਅੰਦਰ ਅੰਦਰ ਹੱਲ ਕਰਵਾ ਦਿੱਤਾ ਜਾਵੇਗਾ ਤਾਂ ਜੋ ਦੁਕਾਨਦਾਰਾਂ ਦਾ ਸਰਕਾਰ ਦੇ ਉੱਪਰ ਬਣਿਆ ਭਰੋਸਾ ਟੁੱਟਣ ਨਾ ਦਿੱਤਾ ਜਾਵੇ। ਉਨ੍ਹਾਂ ਦੱਸਿਆ ਕਿ ਕਮਿਸ਼ਨ ਦਾ ਮੁੱਖ ਉਦੇਸ਼ ਹੀ ਵਪਾਰੀਆਂ ਦੀਆਂ ਸਮੱਸਿਆਵਾਂ ਦਾ ਸਮੇਂ ਸਿਰ ਨਿਪਟਾਰਾ ਕਰਨਾ ਅਤੇ ਸਿਸਟਮ ਨੂੰ ਹੋਰ ਪਾਰਦਰਸ਼ੀ ਅਤੇ ਪ੍ਰਗਤੀਸ਼ੀਲ ਬਣਾਉਣਾ ਹੈ। ਉਹਨਾਂ ਇਹ ਵੀ ਦੱਸਿਆ ਕਿ ਭਵਿੱਖ ਵਿੱਚ ਵੀ ਅਜਿਹੀਆਂ ਮੀਟਿੰਗਾਂ ਜਾਰੀ ਰਹਿਣਗੀਆਂ ਤਾਂ ਜੋ ਸਮੱਸਿਆਵਾਂ ਦਾ ਜਲਦੀ ਹੱਲ ਕੀਤਾ ਜਾਵੇ।
ਇਸ ਮੌਕੇ ਜ਼ਿਲ੍ਹਾ ਟਰੇਡਰ ਕਮਿਸ਼ਨ ਦੇ ਚੇਅਰਮੈਨ ਵਨੀਤ ਜਿੰਦਲ ਮੋਂਟੀ, ਤਹਿਸੀਲਦਾਰ ਮੰਗੂ ਬੰਸਲ, ਐਸਐਚਓ ਹਰਗੋਬਿੰਦ ਸਿੰਘ, ਈਟੀਓ ਗੁਰਿੰਦਰ ਸਿੰਘ, ਐਸਡੀਓ ਪੀਐਸਪੀਸੀਐਲ ਗੁਰਵਿੰਦਰ ਸਿੰਘ, ਜੀਐਸਟੀ ਇੰਸਪੈਕਟਰ ਰਵਿੰਦਰ, ਜੀਐਸਟੀ ਇੰਸਪੈਕਟਰ ਅੰਮ੍ਰਿਤ ਪਾਲ, ਫੂਡ ਸੇਫਟੀ ਅਫਸਰ ਲਾਲ ਚੰਦ, ਲੇਬਰ ਇੰਸਪੈਕਟਰ ਪ੍ਰਿੰਸ ਕੰਬੋਜ, ਸਕੱਤਰ ਮਾਰਕੀਟ ਕਮੇਟੀ ਅਨਿਲ ਖੁੰਗਰ, ਬਲਾਕ ਖੇਤੀਬਾੜੀ ਅਫਸਰ ਜਗਮੋਹਨ ਸਿੰਘ, ਜੇ ਈ ਪੀਐਸਪੀਸੀਐਲ ਭੁਪਿੰਦਰ ਸਿੰਘ, ਬਲਾਕ ਲੈਵਲ ਐਕਸਟੈਂਸ਼ਨ ਅਫਸਰ ਮਨਪ੍ਰੀਤ ਸਿੰਘ, ਵਿਧਾਨ ਸਭਾ ਟਰੇਡਰ ਕਮਿਸ਼ਨ ਦੇ ਮੈਂਬਰ ਸ਼ਿਵਮ ਬੁੱਟਰ, ਵਪਾਰ ਮੰਡਲ ਦੀ ਸੱਤ ਮੈਂਬਰੀ ਕਮੇਟੀ ਦੇ ਮੈਂਬਰ ਓਪੀ ਕਾਕਾ, ਨਵੀ ਬਾਂਸਲ, ਸ਼ਮੀ ਬੁੱਟਰ, ਰਜੇਸ਼ ਬਾਂਸਲ, ਸ਼ਾਮ ਸੁੰਦਰ ਛਿੰਦੀ, ਵਿੱਕੀ ਗਰਗ ਤੋਂ ਇਲਾਵਾ ਵਪਾਰ ਮੰਡਲ ਦੇ ਸਾਬਕਾ ਪ੍ਰਧਾਨ ਵਰਿੰਦਰ ਅਗਰਵਾਲ ਸਮੇਤ ਹੋਰ ਵੀ ਹਾਜ਼ਰ ਸਨ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ