

ਚੰਡੀਗੜ੍ਹ, 22 ਮਾਰਚ (ਹਿੰ.ਸ.)। ਪੰਜਾਬ ਸਰਕਾਰ ਦੇ ਅਸਤੀਫਾ ਦੇ ਚੁੱਕੇ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਪੰਜਾਬ ਵੇਅਰ ਹਾਊਸ ਦੇ ਜ਼ਿਲ੍ਹਾ ਮੈਨੇਜਰ ਗਗਨਦੀਪ ਰੰਧਾਵਾ ਨੂੰ ਟੈਂਡਰ ਲਈ ਤਸ਼ੱਦਦ ਕਰਕੇ ਕਥਿਤ ਤੌਰ ’ਤੇ ਖੁਦਕੁਸ਼ੀ ਲਈ ਮਜਬੂਰ ਕਰਨ ਤੋਂ ਬਾਅਦ ਮੰਤਰੀ ਦੀ ਗ੍ਰਿਫਤਾਰੀ ਲਈ ਅੱਜ ਸਾਰੀਆਂ ਵਿਰੋਧੀ ਧਿਰਾਂ ਸ਼੍ਰੋਮਣੀ ਅਕਾਲੀ ਦਲ, ਭਾਜਪਾ ਤੇ ਕਾਂਗਰਸ ਦੇ ਆਗੂਆਂ ਵੱਲੋਂ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਦਫਤਰ ਦਾ ਘੇਰਾਓ ’ਤੇ ਪ੍ਰਦਰਸ਼ਨ ਕੀਤਾ ਗਿਆl ਇਸ ਮੌਕੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਕਾਂਗਰਸ ਤੋਂ ਪ੍ਰਤਾਪ ਸਿੰਘ ਬਾਜਵਾ ਮੁੱਖ ਤੌਰ ਤੇ ਮੌਜੂਦ ਸਨ।
ਵਿਰੋਧ ਪ੍ਰਦਰਸ਼ਨ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਿਕਰਮ ਮਜੀਠੀਆ ਨੇ ਕਿਹਾ ਕਿ ‘ਆਪ’ ਦੇ ਮੰਤਰੀ ਦੀ ਗੁੰਡਾਗਰਦੀ ਭ੍ਰਿਸ਼ਟਾਚਾਰ ਅਤੇ ਗੈਂਗਸਟਰਾਂ ਦੀਆਂ ਧਮਕੀਆਂ ਦੇ ਕੇ ਜਿਸ ਕਦਰ ਕਾਬਲ ਅਫਸਰ ਨੂੰ ਮੌਤ ਦੇ ਮੂੰਹ ਵਿੱਚ ਧੱਕ ਦਿੱਤਾ ਗਿਆ, ਉਸ ਗੰਭੀਰ ਮਾਮਲੇ ਵਿੱਚ ਵੀ ਪਰਚਾ ਦਰਜ ਕਰਾਉਣ ਲਈ ਸਾਰੀਆਂ ਵਿਰੋਧੀ ਧਿਰਾਂ ਸ਼੍ਰੋਮਣੀ ਅਕਾਲੀ ਦਲ, ਭਾਜਪਾ ਤੇ ਕਾਂਗਰਸ ਨੂੰ ਇੱਕਜੁੱਟ ਹੋ ਕੇ ਬੀਤੇ ਕੱਲ੍ਹ ਤੋਂ ਹੀ ਇਨਸਾਫ ਲਈ ਆਵਾਜ਼ ਉਠਾਉਣੀ ਪਈ ਉਸਦੇ ਬਾਵਜੂਦ ਪਰਚਾ ਦਰਜ ਕੱਲ੍ਹ ਸਵੇਰੇ 21 ਮਾਰਚ ਨੂੰ ਦਰਜ ਹੋਣਾ ਸੀ ਉਹ 22 ਮਾਰਚ ਨੂੰ ਰਾਤ 1 ਬਜੇ ਦਰਜ ਕੀਤਾ ਗਿਆ ਅਤੇ ਪਰਚਾ ਦਰਜ ਕਰਨ 'ਚ ਦੇਰੀ ਸਰਕਾਰ ਦੀ ਗੰਭੀਰਤਾ ਨੂੰ ਦੱਸ ਰਹੀ ਹੈl
ਉਨ੍ਹਾਂ ਕਿਹਾ ਕਿ ਆਪ ਸਰਕਾਰ ਦੇ ਇਸ ਭ੍ਰਿਸ਼ਟ ਮੰਤਰੀ ਖਿਲਾਫ ਪਰਚਾ ਦਰਜ ਕਰਾਉਣ ਲਈ ਵਿਰੋਧੀ ਧਿਰਾਂ ਥਾਣੇ ਬੈਠੀਆਂ ਸੀ ਤਾਂ ਸਰਕਾਰ ਅਤੇ ਮੰਤਰੀ ਨੇ ਐਸੇ ਮਾਹੌਲ ਵਿਚ ਵੀ ਆਪਣੀ ਤਾਕਤ ਦਾ ਇਸਤੇਮਾਲ ਕਰਦੇ ਹੋਏ ਥਾਣੇ ਦੀ ਬੱਤੀ ਕਟਵਾ ਦਿੱਤੀ ਅਤੇ ਸੋਸ਼ਲ ਮੀਡੀਆ ਉੱਤੇ ਲਿਖ ਰਿਹਾ ਕਿ ਮੈਨੂੰ ਹਟਾਇਆ ਨਹੀਂ ਗਿਆ ਸਗੋਂ ਮੈਂ ਖੁਦ ਅਸਤੀਫਾ ਦਿੱਤਾl ਉਹਨਾਂ ਕਿਹਾ ਕਿ ਐਨੀ ਘਟੀਆ ਅਤੇ ਘਿਣੌਨੀ ਹਰਕਤ ਕਰਨ ਦੇ ਬਾਵਜੂਦ ਵੀ ਲਾਲਜੀਤ ਭੁੱਲਰ ਨੈਤਿਕਤਾ ਦਿਖਾਣ ਦੀ ਕੋਸ਼ਿਸ਼ ਕਰ ਰਿਹਾ ਹੈl ਉਨ੍ਹਾਂ ਕਿਹਾ ਵਿਰੋਧੀ ਧਿਰਾਂ ਵੱਲੋਂ ਥਾਣੇ ਅਤੇ ਪੀੜਿਤ ਪਰਿਵਾਰ ਦੇ ਘਰ ਮੋਰਚਾ ਲਾਉਣ ਅਤੇ ਸਰਕਾਰ ਤੇ ਦਬਾਅ ਬਣਾਉਣ ਮਗਰੋਂ ਭਾਵੇਂ ਦੇ ਰਾਤ ਪਰਚਾ ਦਰਜ ਕਰ ਦਿੱਤਾ ਗਿਆ ਪਰ ਸਰਕਾਰ ਵੱਲੋਂ ਅਜੇ ਤੱਕ ਮੰਤਰੀ ਨੂੰ ਗ੍ਰਿਫਤਾਰ ਨਹੀਂ ਹੋਣ ਦਿੱਤਾ ਜਾ ਰਿਹਾ। ਜਦਕਿ ਪੁਲਿਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਪਰਿਵਾਰ ਉੱਤੇ ਦਬਾਅ ਬਣਾ ਰਿਹਾ ਹੈ ਕਿ ਸਮਝੌਤਾ ਕਰਕੇ ਸੰਸਕਾਰ ਕਰਵਾ ਲਿਓl
ਉਨ੍ਹਾਂ ਕਿਹਾ ਕਿ ਬੇਹਦ ਸ਼ਰਮ ਦੀ ਗੱਲ ਹੈ ਕਿ ਕੱਚੇ ਡੀਜੀਪੀ ਗੌਰਵ ਯਾਦਵ ਦੀ ਅਗਵਾਈ ਵਿੱਚ ਪੁਲਿਸ ਪਰਿਵਾਰ ਨੂੰ ਇਨਸਾਫ ਦਵਾਉਣ ਦੀ ਜਗ੍ਹਾ ਉਨ੍ਹਾਂ ਨੂੰ ਸਮਝੌਤੇ ਲਈ ਧਮਕਾਉਣ ਉੱਤੇ ਲੱਗੀ ਹੋਈ ਹੈI ਮ੍ਰਿਤਕ ਦੀ ਖੁਦਕੁਸ਼ੀ ਤੋਂ ਪਹਿਲਾਂ ਦੀ ਹਲਫ਼ੀਆ ਬਿਆਨ ਦੀ ਵੀਡਿਓ ਵਿਚ ਸਭ ਸਾਫ਼ ਹੈ ਪਰ ਅਜੇ ਵੀ ਇਨਸਾਫ਼ ਲਈ ਵਿਰੋਧੀ ਧਿਰਾਂ ਨੂੰ ਪਰਿਵਾਰ ਦੇ ਨਾਲ ਧਰਨੇ ਪ੍ਰਦਰਸ਼ਨ ਕਰਨੇ ਪੈ ਰਹੇ ਹਨ ਤਾਂ ਸਰਕਾਰ ਕਿਸ ਨੈਤਿਕਤਾ ਇਮਾਨਦਾਰੀ ਅਤੇ ਆਮ ਘਰਾਂ ਦੇ ਹੋਣ ਦਾ ਦਾਅਵਾ ਕਰਦੀ ਹੈl ਉਨ੍ਹਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਇਸ ਭ੍ਰਿਸ਼ਟ ਅਤੇ ਗੁੰਡੇ ਮੰਤਰੀ ਦੀ ਪੁਸ਼ਤ ਪਨਾਹ ਹੀ ਨਹੀਂ ਕਰ ਰਹੇ ਤਾਂ ਲਾਲਜੀਤ ਭੁੱਲਰ, ਸੁਖਦੇਵ ਸਿੰਘ ਭੁੱਲਰ ਅਤੇ ਉਸਦਾ ਪੀ ਏ ਨੂੰ ਤੁਰਤ ਗ੍ਰਿਤਰ ਕਰਵਾਉਣ ਅਤੇ ਇਸ ਮਾਮਲੇ ਦੀ ਸੀਬੀਆਈ ਨੂੰ ਜਾਂਚ ਸੌਂਪ ਦੇਣl
ਮ੍ਰਿਤਕ ਗਗਨ ਰੰਧਾਵਾ ਦੇ ਭਰਾ ਵਰਿੰਦਰ ਪਾਲ ਸਿੰਘ ਜੋਕਿ ਵਿਰੋਧੀ ਧਰੀਆਂ ਸ਼੍ਰੋਮਣੀ ਅਕਾਲੀ ਦਲ, ਬੀਜੇਪੀ ਅਤੇ ਕਾਂਗਰਸ ਆਗੂਆਂ ਦੇ ਪ੍ਰਦਰਸ਼ਨ ਦੌਰਾਨ ਇੱਥੇ ਮੌਜੂਦ ਸਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਨੇ ਇਸ ਮਾਮਲੇ ਚ ਭਾਵੇਂ ਪਰਚਾ ਦਰਜ ਕਰ ਦਿੱਤਾ ਹੈ ਪਰ ਜੇਕਰ ਉਹ ਸੱਚੇ ਅਤੇ ਇਮਾਨਦਾਰ ਮੁੱਖ ਮੰਤਰੀ ਹਨ ਤਾਂ ਉਸ ਮੰਤਰੀ ਅਤੇ ਹੋਰ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਾ ਕੇ ਅੰਦਰ ਦੇਣ ਤਾਂ ਕਿ ਅਸੀਂ ਆਪਣੇ ਭਰਾ ਦੀਆਂ ਅੰਤਿਮ ਰਸਮਾਂ ਪੂਰੀਆਂ ਕਰ ਸਕੀਏl ਉਹਨਾਂ ਕਿਹਾ ਕਿ ਸਾਡੇ ਭਰਾ ਨੇ ਉਸ ਭ੍ਰਿਸ਼ਟ ਮੰਤਰੀ ਖਿਲਾਫ ਲੜਾਈ ਲੜਦੇ ਹੋਏ ਜਾਨ ਦੇ ਦਿੱਤੀ ਪਰ ਹੁਣ ਅਗਲੀ ਲੜਾਈ ਅੰਜਾਮ ਤੱਕ ਪਹੁੰਚਾਉਣ ਲਈ ਅਸੀਂ ਲੜਾਂਗੇl ਉਨ੍ਹਾਂ ਕਿਹਾ ਕਿ ਪਰਿਵਾਰ ਨੇ ਇਸ ਗੱਲ ਤੇ ਸਹਿਮਤੀ ਜਤਾਈ ਹੈ ਕਿ ਜਦੋਂ ਤੱਕ ਉਸ ਭ੍ਰਿਸ਼ਟ ਅਤੇ ਸਾਡੇ ਭਰਾ ਨੂੰ ਮਰਨ ਲਈ ਮਜਬੂਰ ਕਰਨ ਵਾਲੇ ਮੰਤਰੀ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਅਸੀਂ ਗਗਨ ਰੰਧਾਵਾ ਦਾ ਸੰਸਕਾਰ ਨਹੀਂ ਕਰਾਂਗੇ l ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ, ਡਾ. ਦਲਜੀਤ ਸਿੰਘ ਚੀਮਾ, ਸ਼ਰਨਜੀਤ ਸਿੰਘ ਢਿੱਲੋ, ਹੀਰਾ ਸਿੰਘ ਗਾਬੜੀਆ, ਐਨ.ਕੇ ਸ਼ਰਮਾ, ਸਰਬਜੀਤ ਸਿੰਘ ਝਿੰਜਰ, ਅਰਸ਼ਦੀਪ ਸਿੰਘ ਕਲੇਰ, ਨਛੱਤਰ ਸਿੰਘ ਗਿੱਲ ਅਤੇ ਹੋਰ ਹਾਜ਼ਰ ਸਨ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ