
ਪਟਿਆਲਾ, 22 ਮਾਰਚ (ਹਿੰ.ਸ.)। ਪੰਜਾਬੀ ਵਿਕੀਮੀਡੀਅਨਜ਼ ਯੂਜ਼ਰ ਗਰੁੱਪ ਵੱਲੋਂ ਵਰਲਡ ਪੰਜਾਬੀ ਸੈਂਟਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਹਿਯੋਗ ਨਾਲ ਆਯੋਜਿਤ ਵਿਕੀਪੀਡੀਆ ਸਿਖਲਾਈ ਵਰਕਸ਼ਾਪ ਦੌਰਾਨ ਮਹੱਤਵਪੂਰਨ ਮੰਗ ਪੱਤਰ ਮੁੱਖ ਮਹਿਮਾਨ ਤੇਜਿੰਦਰ ਮਹਿਤਾ, ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਪਟਿਆਲਾ ਨੂੰ ਸੌਂਪਿਆ ਗਿਆ। ਵਰਕਸ਼ਾਪ ਦੇ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਪੰਜਾਬੀ ਵਰਲਡ ਸੈਂਟਰ ਦੇ ਡਾਇਰੈਕਟਰ ਡਾ. ਭੀਮ ਇੰਦਰ ਸਿੰਘ ਨੇ ਕੀਤੀ, ਜਦਕਿ ਉੱਘੇ ਅਨੁਵਾਦਕ ਚਰਨ ਗਿੱਲ, ਉੱਤਰੀ ਖੇਤਰੀ ਭਾਸ਼ਾਵਾਂ ਕੇਂਦਰ ਦੇ ਪ੍ਰਿੰਸੀਪਲ ਡਾ. ਪਵਨ ਟਿੱਬਾ ਅਤੇ ਸਾਹਿਤਕਾਰ ਬਲਰਾਮ ਬੋਧੀ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਲ ਹੋਏ।
ਗਰੁੱਪ ਦੇ ਵਲੰਟੀਅਰ ਮੀਡੀਆ ਐਡਵਾਈਜ਼ਰ ਅਮਨ ਅਰੋੜਾ ਨੇ ਦੱਸਿਆ ਕਿ ਸੀਨੀਅਰ ਵਿਕੀਮੀਡੀਅਨਜ਼ ਸਤਦੀਪ ਗਿਲ, ਨਿਤੇਸ਼ ਗਿਲ ਅਤੇ ਗਰੁੱਪ ਕੋਆਰਡੀਨੇਟਰ ਕੁਲਦੀਪ ਬੁਰਜ ਭਲਾਈਕੇ ਵੱਲੋਂ ਦਿੱਤੇ ਮੰਗ ਪੱਤਰ ਵਿੱਚ ਪੰਜਾਬ ਸਰਕਾਰ ਕੋਲੋਂ ਜਨਤਕ ਧਨ ਨਾਲ ਛਪਣ ਵਾਲੀ ਸਾਰੀ ਸਮੱਗਰੀ ਨੂੰ ਕਾਪੀਰਾਈਟ ਤੋਂ ਮੁਕਤ ਕਰਨ ਦੀ ਅਪੀਲ ਕੀਤੀ ਗਈ ਹੈ। ਗਰੁੱਪ ਦਾ ਮੰਨਣਾ ਹੈ ਕਿ ਏਆਈ ਦੇ ਦੌਰ ਵਿੱਚ ਪੰਜਾਬੀ ਦੇ ਪ੍ਰਚਾਰ-ਪ੍ਰਸਾਰ ਅਤੇ ਵਿਕਾਸ ਲਈ ਇੰਟਰਨੈੱਟ ਅਤੇ ਡਿਜੀਟਲ ਪਲੇਟਫਾਰਮ ‘ਤੇ ਗਿਆਨ-ਵਿਗਿਆਨ ਦੇ ਵੱਖ-ਵੱਖ ਵਿਸ਼ਿਆਂ ਬਾਰੇ ਪੰਜਾਬੀ ਵਿੱਚ ਵੱਧ ਤੋਂ ਵੱਧ ਸਮੱਗਰੀ ਉਪਲਬਧ ਹੋਣੀ ਚਾਹੀਦੀ ਹੈ। ਕਿਉਂਕਿ ਗਿਆਨ ਸਮਾਜ ਦੀ ਸਾਂਝੀ ਧਰੋਹਰ ਹੈ, ਇਸ ਲਈ ਲੋਕਾਂ ਦੇ ਟੈਕਸ ਨਾਲ ਤਿਆਰ ਹੋਣ ਵਾਲੀ ਹਰ ਕਿਸਮ ਦੀ ਸਮੱਗਰੀ ਜਿਵੇਂ ਕਿ ਕਿਤਾਬਾਂ, ਖੋਜ ਪੱਤਰ, ਰਿਪੋਰਟਾਂ ਅਤੇ ਸਰਕਾਰੀ ਦਸਤਾਵੇਜ਼ ਆਦਿ ਸਭ ਲਈ ਮੁਫ਼ਤ ਉਪਲਬਧ ਹੋਣੇ ਚਾਹੀਦੇ ਹਨ। ਇਸ ਨਾਲ ਵਿਦਿਆਰਥੀ, ਖੋਜਕਰਤਾ, ਅਧਿਆਪਕ, ਪੰਜਾਬੀ ਭਾਸ਼ਾ ਸੇਵੀ ਅਤੇ ਆਮ ਨਾਗਰਿਕ ਲੰਬੇ ਸਮੇਂ ਤੱਕ ਇਸਦਾ ਲਾਭ ਲੈ ਸਕਣਗੇ। ਮੰਗ ਪੱਤਰ ਵਿੱਚ ਇਹ ਵੀ ਦਰਸਾਇਆ ਗਿਆ ਕਿ ਤਾਮਿਲਨਾਡੂ ਅਤੇ ਓਡੀਸ਼ਾ ਵਰਗੇ ਰਾਜਾਂ ਵੱਲੋਂ ਇਸ ਤਰ੍ਹਾਂ ਦੇ ਕਦਮ ਪਹਿਲਾਂ ਹੀ ਚੁੱਕੇ ਜਾ ਚੁੱਕੇ ਹਨ ਅਤੇ ਭਾਰਤ ਸਰਕਾਰ ਦੀ ਗਵਰਮੈਂਟ ਓਪਨ ਡਾਟਾ ਲਾਇਸੈਂਸ ਪਾਲਿਸੀ ਵੀ ਇਸ ਦੇ ਹੱਕ ਵਿੱਚ ਹੈ।
ਗਰੁੱਪ ਨੇ ਇਹ ਭਰੋਸਾ ਵੀ ਦਿੱਤਾ ਹੈ ਕਿ ਜੇਕਰ ਪੰਜਾਬ ਸਰਕਾਰ ਇਹ ਮੰਗ ਕਬੂਲ ਕਰਦੀ ਹੈ ਤਾਂ ਪੰਜਾਬੀ ਵਿਕੀਮੀਡੀਅਨਜ਼ ਯੂਜ਼ਰ ਗਰੁੱਪ ਇਸ ਸਮੱਗਰੀ ਨੂੰ ਵਿਕੀਮੀਡੀਆ ਫਾਊਂਡੇਸ਼ਨ ਦੇ ਪ੍ਰੋਜੈਕਟਾਂ ਰਾਹੀਂ ਇੰਟਰਨੈੱਟ ‘ਤੇ ਮੁਫ਼ਤ ਉਪਲਬਧ ਕਰਵਾਉਣ ਵਿੱਚ ਆਪਣਾ ਯੋਗਦਾਨ ਪਾਵੇਗਾ।
ਮੁੱਖ ਮਹਿਮਾਨ ਤੇਜਿੰਦਰ ਮਹਿਤਾ ਨੇ ਗਰੁੱਪ ਵਲੋਂ ਕੀਤੀ ਮੰਗ ਬਾਰੇ ਸਕਾਰਾਤਮਕ ਪ੍ਰਤੀਕਿਰਿਆ ਦਿੰਦੇ ਹੋਏ ਭਰੋਸਾ ਦਿਵਾਇਆ ਕਿ ਉਹ ਇਸ ਮੰਗ ਦੇ ਪੈਰੋਕਾਰ ਅਤੇ ਵਕੀਲ ਵਜੋਂ ਭੂਮਿਕਾ ਨਿਭਾਉਂਦੇ ਹੋਏ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਹਰੇਕ ਸਬੰਧਤ ਅਥਾਰਟੀ ਤੱਕ ਇਸ ਮੰਗ ਨੂੰ ਮੰਜੂਰ ਕਰਵਾਉਣ ਲਈ ਪਹੁੰਚ ਕਰਨਗੇ। ਪ੍ਰਧਾਨਗੀ ਭਾਸ਼ਣ ਦੌਰਾਨ ਡਾ. ਭੀਮ ਇੰਦਰ ਸਿੰਘ ਨੇ ਵੀ ਇਸ ਮੰਗ ਨੂੰ ਜਾਇਜ਼ ਕਰਾਰ ਦਿੱਤਾ ਅਤੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਗਿਆਨ ਨੂੰ ਬੰਦ ਕਰਨ ਦੀ ਬਜਾਏ ਖੁੱਲ੍ਹਾ ਰੱਖਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਦੇ ਡਿਜੀਟਲ ਵਿਕਾਸ ਲਈ ਸਰਕਾਰੀ ਅਤੇ ਵਿਦਿਅਕ ਸੰਸਥਾਵਾਂ ਨੂੰ ਖੁੱਲ੍ਹੇ ਲਾਇਸੈਂਸਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਪੰਜਾਬੀ ਵਿਕੀਮੀਡੀਅਨਜ਼ ਯੂਜ਼ਰ ਗਰੁੱਪ ਨੂੰ ਵਰਲਡ ਪੰਜਾਬੀ ਸੈਂਟਰ ਵੱਲੋਂ ਭਵਿੱਖ ਵਿੱਚ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ।
ਚਰਨ ਗਿੱਲ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਡਿਜੀਟਲ ਯੁੱਗ ਨਾਲ ਜੋੜਨਾ ਸਮੇਂ ਦੀ ਲੋੜ ਹੈ ਅਤੇ ਵਿਕੀਮੀਡੀਆ ਪ੍ਰੋਜੈਕਟ ਇਸ ਕੰਮ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਵਲੰਟੀਅਰਾਂ ਦੀ ਨਿਰੰਤਰ ਮਿਹਨਤ ਨਾਲ ਪੰਜਾਬੀ ਵਿੱਚ ਗਿਆਨ ਦਾ ਖਜ਼ਾਨਾ ਵਧ ਰਿਹਾ ਹੈ ਅਤੇ ਇਸ ਤਰ੍ਹਾਂ ਦੇ ਉਪਰਾਲਿਆਂ ਨੂੰ ਹੋਰ ਵਧਾਉਣ ਦੀ ਲੋੜ ਹੈ। ਅਮਨ ਅਰੋੜਾ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ। ਵਰਕਸ਼ਾਪ ਦੇ ਤਕਨੀਕੀ ਸੈਸ਼ਨਾਂ ਦੌਰਾਨ ਨਿਤੇਸ਼ ਗਿਲ, ਸਤਦੀਪ ਗਿਲ ਅਤੇ ਕੁਲਦੀਪ ਬੁਰਜ ਭਲਾਈਕੇ ਨੇ ਮੁੱਖ ਟ੍ਰੇਨਰਾਂ ਵਜੋਂ ਭਾਗੀਦਾਰਾਂ ਨੂੰ ਵਿਕੀਪੀਡੀਆ ਸੰਪਾਦਨ, ਰੈਫਰੰਸ ਜੋੜਨ ਅਤੇ ਨਵੀਂ ਸਮੱਗਰੀ ਜੋੜਣ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਵਰਕਸ਼ਾਪ ਵਿੱਚ ਸੋਨੀਆ ਅਟਵਾਲ, ਤਮਨਪ੍ਰੀਤ ਕੌਰ, ਗੁਰਤੇਜ ਚੌਹਾਨ, ਗੁਰਮੇਲ ਕੌਰ ਗਿਲ, ਅਸ਼ਵਿੰਦਰ ਕੌਰ, ਰਾਜਦੀਪ ਕੌਰ, ਹਰਪ੍ਰੀਤ ਦੁਗਾਲ, ਤਰਨ ਗੋਸਵਾਮੀ, ਹਰਮਨਜੀਤ ਸਿੰਘ ਅਤੇ ਹੋਰ ਵਿਦਿਆਰਥੀਆਂ, ਖੋਜ ਸਕਾਲਰਾਂ ਅਤੇ ਵਿਕੀਪੀਡੀਆ ਵਿੱਚ ਰੁਚੀ ਰੱਖਣ ਵਾਲੇ ਲੋਕਾਂ ਨੇ ਭਾਗ ਲਿਆ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ