
ਜਲੰਧਰ, 22 ਮਾਰਚ (ਹਿੰ.ਸ.)। ਸਿੱਖਿਆ ਵਿਭਾਗ ਸੰਘਰਸ਼ ਕਮੇਟੀ ਪੰਜਾਬ ਦੇ ਬੈਨਰ ਹੇਠ ਦੇਸ਼ ਭਗਤ ਯਾਦਗਾਰੀ ਹਾਲ ਜਲੰਧਰ ਵਿਖੇ ਹਜ਼ਾਰਾਂ ਦੀ ਗਿਣਤੀ ਇਕੱਤਰ ਅਧਿਆਪਕਾਂ/ਮੁਲਾਜਮਾਂ ਨੇ ਇਕੱਠੇ ਹੋ ਕੇ ਆਪਣੀਆਂ ਮੰਗਾਂ ਦੀ ਪੂਰਤੀ ਕਰਵਾਉਣ ਅਤੇ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨੂੰ ਨਜ਼ਰ ਅੰਦਾਜ਼ ਕਰਨ ਦੇ ਰੋਸ ਵਜੋਂ ਲਈ ਇੱਕ ਕੰਨਵੈਨਸ਼ਨ ਕਰਨ ਉਪਰੰਤ ਕੈਬਨਿਟ ਮੰਤਰੀ ਮੋਹਿੰਦਰ ਭਗਤ ਦੇ ਘਰ ਵੱਲ ਵਿਸ਼ਾਲ ਰੋਸ ਮਾਰਚ ਕੱਢਿਆ ਗਿਆ,ਜਿਸ ਦੌਰਾਨ ਹਜ਼ਾਰਾਂ ਅਧਿਆਪਕਾਂ ਨੇ ਸਰਕਾਰ ਵਿਰੁੱਧ ਜਬਰਦਸਤ ਰੋਸ ਪ੍ਰਦਰਸ਼ਨ ਕੀਤਾ।
ਸੂਬਾਈ ਆਗੂ ਹਰਜਿੰਦਰ ਪਾਲ ਸਿੰਘ ਪੰਨੂ ਸੂਬਾ ਪ੍ਰਧਾਨ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ, ਬਲਜਿੰਦਰ ਸਿੰਘ ਧਾਲੀਵਾਲ ਸੂਬਾ ਪ੍ਰਧਾਨ ਮਾਸਟਰ ਕੇਡਰ ਯੂਨੀਅਨ ਪੰਜਾਬ, ਗੁਰਪ੍ਰੀਤ ਸਿੰਘ ਖੱਟੜਾ ਸੂਬਾ ਪ੍ਰਧਾਨ ਸਿੱਖਿਆ ਵਿਭਾਗ ਮਨਿਸਟਰੀਆਲ ਸਟਾਫ਼ ਐਸੋਸੀਏਸ਼ਨ ਪੰਜਾਬ, ਧਰਮਜੀਤ ਸਿੰਘ ਢਿੱਲੋਂ ਸੂਬਾ ਪ੍ਰਧਾਨ ਲੈਕਚਰਾਰ ਕੇਡਰ ਯੂਨੀਅਨ ਪੰਜਾਬ ਦੀ ਸਾਂਝੀ ਅਗਵਾਈ 'ਚ ਅਧਿਆਪਕਾਂ/ਮੁਲਾਜ਼ਮਾਂ ਦੀਆ ਮੰਗਾਂ ਨੂੰ ਲੈ ਕੇ ਸਰਕਾਰ ਦਾ ਜੋਰਦਾਰ ਵਿਰੋਧ ਕਰਦਿਆਂ ਹੱਥਾਂ 'ਚ ਤਖਤੀਆਂ ਤੇ ਕਾਲੇ ਝੰਡਿਆਂ ਨਾਲ ਸਰਕਾਰ ਦੇ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਸਰਕਾਰ ਦਾ ਪਿੱਟ ਸਿਆਪਾ ਕਰਦਿਆਂ ਜ਼ਬਰੀ ਥੋਪੇ ਗਏ ਟੈੱਟ ਟੈਸਟ ਦੀ ਸ਼ਰਤ ਨੂੰ ਤੁਰੰਤ ਖਤਮ ਕਰਨ, ਪੁਰਾਣੀ ਪੈਨਸ਼ਨ ਬਹਾਲੀ ਨੋਟੀਫੀਕੇਸ਼ਨ ਲਾਗੂ ਕਰਨ, 16 ਫ਼ੀਸਦ ਡੀ.ਏ. ਕਿਸ਼ਤਾਂ ਜਾਰੀ ਕਰਨ, ਬੰਦ ਕੀਤੇ ਪੇਂਡੂ, ਬਾਰਡਰ ਅਤੇ ਹੋਰ ਭੱਤੇ ਲਾਗੂ ਕਰਨ ,ਛੇਵੇਂ ਪੇ-ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕਰਨ 200 ਰੁਪਏ ਜੰਜੂਆ ਟੈਕਸ ਖਤਮ ਕਰਨ, ਸਤਵਾਂ ਪੇ ਕਮਿਸ਼ਨ ਤੁਰੰਤ ਦੇਣ ,ਏ.ਸੀ.ਪੀ. ਲਾਗੂ ਕਰਕੇ ਅਗਲੇ ਗ੍ਰੇਡ ਦੇਣ, ਪੰਜਾਬ ਸਕੇਲ ਲਾਗੂ ਕਰਨ, ਕੱਚੇ ਮੁਲਾਜ਼ਮ ਪੂਰੇ ਲਾਭਾਂ ਸਮੇਤ ਪੱਕੇ ਕਰਨ, ਬੀ.ਪੀ.ਈ.ਓ. ਦਫਤਰਾਂ 'ਚ ਕੰਮ ਕਰਦੇ ਕਰਮਚਾਰੀਆਂ ਨੂੰ ਬਿਨ੍ਹਾਂ ਤਨਖਾਹ ਕਟੌਤੀ ਕੀਤਿਆਂ ਰੈਗੂਲਰ ਕਰਨ, 245 ਕਮਰਸ ਲੈਕਚਰਾਰ ਦੀ ਰੀਵਰਸ਼ਨ ਬੰਦ ਕਰਨ, ਕਲਰਕ ਟਾਈਪ ਟੈਸਟ ਛੋਟ ਦੇਣ, ਗੈਰਵਿੱਦਿਅਕ/ਆਨਲਾਈਨ ਕੰਮ ਬੀ.ਐਲ ਓਜ ਡਿਊਟੀਆਂ ਬੰਦ ਕਰਨ, ਵਿਭਾਗੀ ਟੈਸਟ ਖਤਮ ਕਰਕੇ ਹਰੇਕ ਤਰ੍ਹਾਂ ਦੀਆਂ ਪ੍ਰਮੋਸ਼ਨਾਂ ਆਦਿ ਮੰਗਾਂ ਦੇ ਹੱਲ ਲਈ ਸਰਕਾਰ ਦਾ ਭਾਰੀ ਵਿਰੋਧ ਕਰਦਿਆਂ ਕਿਹਾ ਕਿ ਸਰਕਾਰ ਡੰਡੇ ਦੇ ਜ਼ੋਰ ਨਾਲ ਸੰਘਰਸ਼ਾ ਨੂੰ ਦੱਬਣ ਦੀ ਕੋਸ਼ਿਸ਼ ਕਰ ਰਹੀ ਹੈ।
ਭਾਰੀ ਪੁਲਿਸ ਫੋਰਸ ਲਗਾਈ ਜਾਣ ਤੇ ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਆਗੂਆਂ ਨੂੰ ਡਰਾਉਣ ਧਮਕਾਉਣ ਅਤੇ ਪੱਗਾਂ ਲਾਹੁਣ ਦੇ ਰਵੱਈਏ ਨੂੰ ਤੁਰੰਤ ਬੰਦ ਕਰੇ ਨਹੀ ਤਾਂ ਇਸਦੇ ਗੰਭੀਰ ਸਿੱਟੇ ਨਿਕਲਣਗੇ। ਆਗੂਆਂ ਨੇ ਇਹ ਵੀ ਕਿਹਾ ਕਿ ਰੋਸ ਪ੍ਰਦਰਸ਼ਨ ਅਤੇ ਕਨਵੈਨਸ਼ਨ ਜਿਥੇ ਸਰਕਾਰ ਦੇ ਵਿਰੋਧ ਦੇ ਅਧਾਰਿਤ ਹੈ ਉਥੇ ਜਾਬਰ ਪੰਜਾਬ ਸਰਕਾਰ ਨੂੰ ਝੁਕਾਉਣ ਲਈ ਸਮੁੱਚੀਆਂ ਅਧਿਆਪਕ ਤੇ ਮੁਲਾਜ਼ਮ ਜਥੇਬੰਦੀਆਂ ਨੂੰ ਵੀ ਇੱਕ ਸਾਂਝੇ ਪਲੇਟਫਾਰਮ ਤੇ ਇੱਕ ਝੰਡੇ ਹੇਠ ਸਾਂਝੇ ਸੰਘਰਸ਼ ਲਈ ਇੱਕ ਅਪੀਲ ਵੀ ਹੈ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ