
ਫਾਜ਼ਿਲਕਾ, 23 ਮਾਰਚ (ਹਿੰ.ਸ.)। ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਮੀਟਿਿੰਗ ਮਾਰਕੀਟ ਕਮੇਟੀ ਫਾਜ਼ਿਲਕਾ ਵਿਖੇ ਜ਼ਿਲ੍ਹਾ ਪ੍ਰਧਾਨ ਪ੍ਰਲਾਦ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਸੰਪੰਨ ਹੋਈ। ਇਸ ਬੈਠਕ ਵਿੱਚ ਜ਼ਿਲ੍ਹੇ ਭਰ ਦੇ ਕਿਸਾਨ ਆਗੂਆਂ ਨੇ ਸ਼ਮੂਲੀਅਤ ਕੀਤੀ ਤੇ ਕਿਸਾਨੀ ਨਾਲ ਜੁੜੀਆਂ ਵੱਖ-ਵੱਖ ਗੰਭੀਰ ਸਮੱਸਿਆਵਾਂ ’ਤੇ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ ਕਿਸਾਨ ਆਗੂਆਂ ਨੇ ਸਰਕਾਰ ਅੱਗੇ ਮੁੱਖ ਮੰਗਾਂ ਰੱਖਦਿਆਂ ਕਿਹਾ ਕਿ ਜਿਨ੍ਹਾਂ ਕਿਸਾਨਾਂ ਨੇ ਝੋਨੇ ਦੀ ਸਿੱਧੀ ਬਿਜਾਈ ਕੀਤੀ ਸੀ ਤੇ ਹੋਰ ਫਸਲਾਂ ਦੀ ਜੋ ਬਕਾਇਆ ਰਾਸ਼ੀ ਸਰਕਾਰ ਵੱਲ ਪੈਂਡਿੰਗ ਹੈ, ਉਸਨੂੰ ਬਿਨਾਂ ਕਿਸੇ ਦੇਰੀ ਦੇ ਤੁਰੰਤ ਜਾਰੀ ਕੀਤਾ ਜਾਵੇ।
ਆਗੂਆਂ ਨੇ ਨਰਮੇ ਦੀ ਫਸਲ ਦੇ ਸਬੰਧ ਵਿੱਚ ਬੀਜਾਂ ’ਤੇ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਸਬਸਿਡੀ ਦਾ ਮੁੱਦਾ ਵੀ ਪ੍ਰਮੁੱਖਤਾ ਨਾਲ ਚੁੱਕਿਆ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਬੀਜਾਂ 'ਤੇ ਜੋ ਸਬਸਿਡੀ ਦੇਣ ਦਾ ਵਾਅਦਾ ਕੀਤਾ ਗਿਆ ਸੀ, ਉਹ ਅਜੇ ਤੱਕ ਕਿਸਾਨਾਂ ਨੂੰ ਨਹੀਂ ਮਿਲੀ ਹੈ, ਜਿਸ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕੀਤਾ ਜਾਵੇ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਜ਼ਿਲ੍ਹਾ ਜਨਰਲ ਸਕੱਤਰ ਗੁਰਿੰਦਰ ਪਾਲ, ਜ਼ਿਲ੍ਹਾ ਮੀਤ ਪ੍ਰਧਾਨ ਸੁਖਜੀਤ ਸਿੰਘ ਔਲਖ, ਬਲਾਕ ਪ੍ਰਧਾਨ ਅਜਮੇਰ ਕੁਮਾਰ ਪੱਪੀ, ਜਲਾਲਾਬਾਦ ਦੇ ਬਲਾਕ ਪ੍ਰਧਾਨ ਬੁੱਧ ਸਿੰਘ, ਰਾਜਕਰਨੀ ਦਫ਼ਤਰ ਪ੍ਰਧਾਨ ਫਾਜ਼ਿਲਕਾ ਹਰਵਿੰਦਰ ਸਿੰਘ ਤੇ ਹੋਰ ਬਲਾਕ ਤੇ ਜ਼ਿਲ੍ਹਾ ਪੱਧਰੀ ਅਹੁਦੇਦਾਰ ਹਾਜ਼ਰ ਸਨ। ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਕਿਸਾਨਾਂ ਦੀਆਂ ਇਨ੍ਹਾਂ ਹੱਕੀ ਮੰਗਾਂ ਵੱਲ ਤੁਰੰਤ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਸਮੇਂ ਵਿੱਚ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ