
ਬਠਿੰਡਾ, 23 ਮਾਰਚ (ਹਿੰ.ਸ.)। ਸ਼ਹੀਦ ਏ-ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ 95ਵੀਂ ਸ਼ਹੀਦੀ ਬਰਸੀ ਮੌਕੇ ਅੱਜ ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਸ਼ਹੀਦਾਂ ਦੀ ਦੇਸ਼ ਖ਼ਾਤਰ ਕੀਤੀ ਲਾਸਾਨੀ ਕੁਰਬਾਨੀ ਨੂੰ ਯਾਦ ਕਰਦੇ ਹੋਏ ਸ਼ਰਧਾਂਜਲੀ ਦਿੱਤੀ ਗਈ। ਆਗੂਆਂ ਨੇ ਮੰਗ ਕੀਤੀ ਕਿ ਸ਼ਹੀਦ ਭਗਤ ਸਿੰਘ ਦੀ ਫੋਟੋ ਪਾਰਲੀਮੈਂਟ ਵਿਚ ਸਥਾਪਤ ਕੀਤੀ ਜਾਵੇ ਅਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੀ ਗਰੰਟੀ ਦੇਣ ਲਈ ਭਗਤ ਸਿੰਘ ਕੌਮੀ ਇੰਪਲਾਏਮੈਟ ਗਰੰਟੀ ਐਕਟ (ਬੀਐਨਈਜੀਏ) ਪਾਸ ਕੀਤਾ ਜਾਵੇ।
ਸੀਨੀਅਰ ਕਮਿਊਨਿਸਟ ਆਗੂ ਜਗਜੀਤ ਸਿੰਘ ਜੋਗਾ ਨੇ ਕਿਹਾ ਕਿ ਭਗਤ ਸਿੰਘ ਦੇਸ਼ ਵਿਚ ਸਰਮਾਏਦਾਰੀ ਲੁੱਟ ਖਸੁੱਟ ਨੂੰ ਖਤਮ ਕਰਕੇ ਸਮਾਜਵਾਦੀ ਰਾਜ ਪ੍ਰਬੰਧ ਸਥਾਪਤ ਕਰਨ ਦਾ ਹਾਮੀ ਅਤੇ ਸਾਮਰਾਜੀ ਤਾਕਤਾਂ ਖ਼ਿਲਾਫ਼ ਲੋਕ ਸੰਘਰਸ਼ ਉਸਾਰਨ ਦਾ ਮੁਦਈ ਸੀ। ਉਨ੍ਹਾਂ ਕਿਹਾ ਕਿ ਅੱਜ ਦੁਨੀਆ ਵਿਚ ਅਮਰੀਕੀ ਸਾਮਰਾਜ ਦੀ ਅਗਵਾਈ ਵਿਚ ਤੀਜੀ ਵਿਸ਼ਵ ਜੰਗ ਦਾ ਮਹੌਲ ਬਣਾਇਆ ਜਾ ਰਿਹਾ ਹੈ ਤਾਂ ਕਿ ਵਿਕਾਸ ਸ਼ੀਲ ਦੇਸ਼ਾਂ ਵਿਚ ਰਾਜ ਪਲਟੇ ਕਰਕੇ ਉੱਥੇ ਕੱਠੁਤਲੀਆ ਸਰਕਾਰਾਂ ਬਣਾਕੇ ਉਹਨਾਂ ਦੇ ਕੁਦਰਤੀ ਸੋਮਿਆਂ ਅਤੇ ਅਰਥਚਾਰੇ ਉੱਤੇ ਸਾਮਰਾਜੀਆਂ ਦਾ ਕਬਜ਼ਾ ਕਰਵਾਇਆ ਜਾ ਸਕੇ ਜਿਸ ਕਰਕੇ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਸਾਮਰਾਜ ਵਿਰੋਧੀ ਦਿਹਾੜੇ ਵਜੋਂ ਯਾਦ ਕੀਤਾ ਜਾ ਰਿਹਾ ਹੈ।
ਕਾਮਰੇਡ ਜੋਗਾ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਸ਼ਹੀਦ ਭਗਤ ਸਿੰਘ ਦੀ ਸੋਚ ਦੇ ਉਲਟ ਦੇਸ਼ ਨੂੰ ਅਮਰੀਕਨ ਸਾਮਰਾਜ ਦੇ ਥੱਲੇ ਲਾ ਰਹੀ ਹੈ। ਇਸ ਮੌਕੇ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੀ ਕੌਮੀ ਕੌਂਸਲ ਦੇ ਮੈਂਬਰ ਸੁਰਜੀਤ ਸਿੰਘ ਸੋਹੀ, ਪੰਜਾਬ ਖੇਤ ਮਜ਼ਦੂਰ ਸਭਾ ਦੇ ਆਗੂ ਸੁਰਜੀਤ ਸਿੰਘ ਸਰਦਾਰਗੜ੍ਹ, ਸੁਖਨ ਲਾਲ ਝੁੰਬਾ, ਠਾਕੁਰ ਸਿੰਘ ਕੋਟਸ਼ਮੀਰ, ਰੂਪ ਸਿੰਘ ਭਾਈ ਬਖਤੌਰ, ਕਾਕਾ ਸਿੰਘ ਬਠਿੰਡਾ ਤੇ ਸੀ ਪੀ ਆਈ ਆਗੂਆਂ ਜਸਵੀਰ ਕੌਰ ਸਰਾਂ ਤੇ ਬਲਜਿੰਦਰ ਸਿੰਘ ਜੋਗਾ ਨੰਦ ਨੇ ਵੀ ਸੰਬੋਧਨ ਕੀਤਾ। ਆਗੂਆਂ ਨੇ ਨਰੇਗਾ ਕਾਨੂੰਨ ਨੂੰ ਬੇਅਸਰ ਕਰਕੇ ਮੋਦੀ ਸਰਕਾਰ ਵੱਲੋਂ ਗਰੀਬਾਂ ਦੀ ਥਾਲੀ ਵਿੱਚੋਂ ਰੋਟੀ ਖੋਹੇ ਜਾਣ ਦੀ ਨਿੰਦਾ ਕੀਤੀ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ