
ਚੰਡੀਗੜ੍ਹ, 23 ਮਾਰਚ (ਹਿੰ.ਸ.)। ਪੰਜਾਬ ਪੁਲਿਸ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਵੱਲੋਂ ਵੱਡੀ ਸਫਲਤਾ ਹਾਸਿਲ ਕਰਦੇ ਹੋਏ, ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਇੱਕ ਮਾਡਿਊਲ ਦਾ ਪਰਦਾਫਾਸ਼ ਕਰਕੇ ਦੋ ਮੁਲਜ਼ਮਾਂ ਨੂੰ 5 ਕਿਲੋਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਜਾਣਕਾਰੀ ਡੀ.ਜੀ.ਪੀ ਪੰਜਾਬ ਗੌਰਵ ਯਾਦਵ ਨੇ ਦਿੱਤੀ।
ਡੀ.ਜੀ.ਪੀ. ਨੇ ਦੱਸਿਆ ਕਿ ਪੁਲਿਸ ਦੀ ਮੁੱਢਲੀ ਜਾਂਚ ਵਿੱਚ ਇੱਕ ਪਾਕਿਸਤਾਨ-ਅਧਾਰਤ ਤਸਕਰ ਅਤੇ ਵਿਦੇਸ਼-ਅਧਾਰਤ ਹੈਂਡਲਰ ਨਾਲ ਸੰਬੰਧ ਸਾਹਮਣੇ ਆਏ ਹਨ ਜੋ ਸਰਹੱਦ ਪਾਰ ਖੇਪਾਂ ਭੇਜਦੇ ਸਨ। ਇਸ ਸਬੰਧੀ ਪੁਲਿਸ ਸਟੇਸ਼ਨ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ, (ਐਸਐਸਓਸੀ) ਅੰਮ੍ਰਿਤਸਰ ਵਿੱਚ ਐੱਫ.ਆਈ.ਆਰ ਦਰਜ਼ ਕੀਤੀ ਗਈ ਹੈ ਅਤੇ ਇਸ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕਰਨ ਲਈ ਅਗਲੇਰੀ ਜਾਂਚ ਜਾਰੀ ਹੈ। ਹੋਰ ਵੀ ਗ੍ਰਿਫ਼ਤਾਰੀਆਂ ਹੋਣ ਦੀ ਸੰਭਾਵਨਾ ਹੈ। ਪੰਜਾਬ ਪੁਲਿਸ ਨਸ਼ੀਲੇ ਪਦਾਰਥਾਂ ਦੇ ਨੈੱਟਵਰਕ ਨੂੰ ਖਤਮ ਕਰਨ ਅਤੇ ਨਸ਼ਾ ਮੁਕਤ ਪੰਜਾਬ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ