
ਚੰਡੀਗੜ੍ਹ, 23 ਮਾਰਚ (ਹਿੰ.ਸ.)। ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ਫੇਜ਼ II ਵਿੱਚ ਸੋਮਵਾਰ ਨੂੰ ਇੱਕ ਬਿਜਲੀ ਦੀ ਦੁਕਾਨ ਵਿੱਚ ਅੱਗ ਲੱਗ ਗਈ, ਜਿਸ ਨਾਲ ਅਸਮਾਨ ਵਿੱਚ ਧੂੰਏਂ ਦੇ ਗੁਬਾਰ ਉੱਠੇ ਅਤੇ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਘਟਨਾ ਸਥਾਨ ਤੋਂ ਮਿਲੀਆਂ ਤਸਵੀਰਾਂ ਵਿੱਚ ਦੁਕਾਨ ਵਿੱਚੋਂ ਭਾਰੀ ਧੂੰਆਂ ਉੱਠਦਾ ਦਿਖਾਈ ਦਿੱਤਾ ਮੌਕੇ ’ਤੇ ਵੱਡੀ ਗਿਣਤੀ ’ਚ ਲੋਕ ਨੇੜੇ ਇਕੱਠੇ ਹੋ ਗਏ ਅਤੇ ਅਧਿਕਾਰੀਆਂ ਨੂੰ ਸੁਚੇਤ ਕੀਤਾ। ਫਾਇਰ ਵਿਭਾਗ ਤੁਰੰਤ ਮੌਕੇ 'ਤੇ ਪਹੁੰਚਿਆ ਅਤੇ ਅੱਗ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ, ਹਾਲਾਂਕਿ, ਅੱਗ ਪਹਿਲਾਂ ਹੀ ਵੱਡੇ ਪੱਧਰ ‘ਤੇ ਫੈਲ ਚੁੱਕੀ ਹੈ।ਦੱਸਿਆ ਜਾ ਰਿਹਾ ਹੈ ਕਿ ਅੱਗ ਸਵੇਰੇ 10:35 ਵਜੇ ਦੇ ਕਰੀਬ ਇਲੈਕਟ੍ਰਾਨਿਕਸ ਸ਼ੋਅਰੂਮ ਵਿੱਚ ਲੱਗੀ ਹੈ, ਜਿਸ ਤੋਂ ਬਾਅਦ ਕੰਟਰੋਲ ਰੂਮ ਨੂੰ ਤੁਰੰਤ ਸੂਚਿਤ ਕੀਤਾ ਗਿਆ ਸੀ। ਸ਼ੋਅਰੂਮ ਇੰਡਸਟ੍ਰੀਅਲ ਏਰੀਆ ਦੇ ਅੰਦਰ ਪਲਾਟ ਨੰਬਰ 406 ‘ਤੇ ਸਥਿਤ ਹੈ। ਇਸ ਸਮੇਂ, ਸੈਕਟਰ 32, ਰਾਮ ਦਰਬਾਰ ਅਤੇ ਉਦਯੋਗਿਕ ਖੇਤਰ ਸਟੇਸ਼ਨਾਂ ਤੋਂ ਚਾਰ ਫਾਇਰ ਟੈਂਡਰ ਮੌਕੇ ‘ਤੇ ਮੌਜੂਦ ਹਨ। ਫਾਇਰ ਬ੍ਰਿਗੇਡ ਟੀਮ ਵੱਲੋਂ ਕੀਤੀ ਗਈ ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੋ ਸਕਦੀ ਹੈ। ਦੁਕਾਨ ਦੇ ਅੰਦਰ ਕਈ ਤਰ੍ਹਾਂ ਦੀਆਂ ਚੀਜ਼ਾਂ – ਬੈਟਰੀਆਂ, ਇਨਵਰਟਰ ਅਤੇ ਉਨ੍ਹਾਂ ਵਿੱਚ ਵਰਤੇ ਗਏ ਰਸਾਇਣਾਂ ਸਮੇਤ – ਦੀ ਮੌਜੂਦਗੀ ਕਾਰਨ ਇਹ ਸ਼ੁਰੂਆਤੀ ਚੰਗਿਆੜੀ ਤੇਜ਼ੀ ਨਾਲ ਵੱਡੀ ਅੱਗ ਵਿੱਚ ਬਦਲ ਗਈ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ