
ਸ੍ਰੀ ਅਨੰਦਪੁਰ ਸਾਹਿਬ, 23 ਮਾਰਚ (ਹਿੰ.ਸ.)। ਸੰਯੁਕਤ ਕਿਸਾਨ ਮੋਰਚਾ, ਵੱਖ-ਵੱਖ ਟਰੇਡ ਯੂਨੀਅਨਾਂ ਦੇ ਸਾਂਝੇ ਸੱਦੇ ’ਤੇ ਸਥਾਨਕ ਬੱਸ ਸਟੈਂਡ ਵਿਖੇ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦਾ ਸ਼ਹੀਦੀ ਦਿਨ ਸਾਮਰਾਜਵਾਦ ਵਿਰੋਧ ਦੇ ਤੌਰ ’ਤੇ ਮਨਾਇਆ ਗਿਆ। ਇਸ ਮੌਕੇ ’ਤੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ, ਮੁਲਾਜ਼ਮ, ਮਜ਼ਦੂਰ ਆਗੂਆਂ ਸੁਰਜੀਤ ਸਿੰਘ ਢੇਰ, ਗੁਰਨਾਮ ਸਿੰਘ ਔਲਖ, ਜੈਮਲ ਸਿੰਘ ਭੜੀ, ਤਰਸੇਮ ਲਾਲ ਬੜਵਾ, ਦਵਿੰਦਰ ਨੰਗਲੀ, ਜਸਵਿੰਦਰ ਸਿੰਘ ਭੰਗਲ, ਰਕੇਸ਼ ਬਾਲੀ ਕਲਸੇੜਾ, ਭਾਗ ਸਿੰਘ, ਤਿਲਕ ਰਾਜ, ਮਦਨ ਗੋਪਾਲ, ਸੰਤੋਖ ਸਿੰਘ ਰੋਲੀ, ਚਰਨ ਦਾਸ, ਨਰਿੰਦਰ ਸਿੰਘ ਮਾਵੀ, ਸਮਸ਼ੇਰ ਸਿੰਘ ਸ਼ੇਰਾ, ਮਾਸਟਰ ਵੀਰ ਸਿੰਘ, ਕਰਨੈਲ ਸਿੰਘ ਰੱਕੜ ਨੇ ਕਿਹਾ ਕਿ ਅੱਜ ਦੇਸ਼ ਪੱਧਰ ’ਤੇ ਸ਼ਹੀਦਾਂ ਦਾ ਸ਼ਹੀਦੀ ਦਿਨ ਸਾਮਰਾਜਵਾਦ ਦੇ ਵਿਰੋਧ ਵਿੱਚ ਮਨਾਇਆ ਜਾ ਰਿਹਾ ਹੈ। ਜੋ ਸੁਪਨੇ ਸ਼ਹੀਦਾਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਤੋਂ ਪਹਿਲਾਂ ਲਏ ਸਨ ਅੱਜ ਕੇਂਦਰ ਦੀ ਮੋਦੀ ਸਰਕਾਰ ਉਨ੍ਹਾਂ ਸੁਪਨਿਆਂ ਨੂੰ ਨਕਾਰ ਕੇ ਅਮਰੀਕਾ ਸਾਮਰਾਜਵਾਦ ਨਾਲ ਭਾਈਵਾਲੀ ਪਾ ਰਹੀ ਹੈ।ਆਗੂਆਂ ਨੇ ਕਿਹਾ ਕਿ ਅਮਰੀਕਾ ਦਾ ਮੁਖੀ ਟਰੰਪ ਛੋਟੇ ਮੁਲਕਾਂ ਸਮੇਤ ਦੇਸ਼ ਭਰ ਦੇ ਮੁਲਕਾਂ ਨੂੰ ਆਪਣੀ ਮੁੱਠੀ ਵਿੱਚ ਬੰਦ ਕਰਕੇ ਉਨ੍ਹਾਂ ਦੇ ਕੁਦਰਤੀ ਸਾਧਨਾਂ ’ਤੇ ਵੱਡਾ ਹਮਲਾ ਕਰ ਰਿਹਾ ਹੈ।ਜਿਸਦੀ ਮਿਸਾਲ ਪਹਿਲਾਂ ਸਮਾਜਵਾਦੀ ਦੇਸ਼ ਵੈਨਜ਼ੂਏਲਾ ਦੇ ਰਾਸ਼ਟਰਪਤੀ ਅਤੇ ਉਨ੍ਹਾਂ ਦੀ ਪਤਨੀ ਨੂੰ ਟਰੰਪ ਆਪਣੇ ਦੇਸ਼ ਲੈ ਗਿਆ, ਇਜ਼ਰਾਇਲ ਨਾਲ ਮਿਲ ਕੇ ਫਲਸਤੀਨ ਵਿੱਚ ਗਾਜ਼ਾ ਲੋਕਾਂ ਦਾ ਵੱਡੇ ਪੱਧਰ ’ਤੇ ਘਾਣ ਕੀਤਾ ਤੇ ਹੁਣ ਇਰਾਨ ’ਤੇ ਜੰਗ ਥੋਪ ਦਿੱਤੀ ਹੈ। ਵੱਡੇ ਪੱਧਰ ’ਤੇ ਇਰਾਨ ਦੇ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਹੈ।ਆਗੂਆਂ ਨੇ ਕਿ ਅਮਰੀਕਾ ਸਾਮਰਾਜ ਆਪਣੀਆਂ ਚਾਲਾਂ ਤੋਂ ਬਾਜ ਆਵੇ। ਕੇਂਦਰ ਦੀ ਮੋਦੀ ਸਰਕਾਰ ਖੇਤੀ ਵਪਾਰ ਸਮਝੌਤਾ ਕਰਕੇ ਦੇਸ਼ ਦੇ ਕਿਸਾਨਾਂ ਨੂੰ ਬਰਬਾਦ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਬਿਜਲੀ ਸੋਧ ਬਿੱਲ ਰੱਦ ਕੀਤਾ ਜਾਵੇ, ਬੀਜ ਬਿੱਲ ਰੱਦ ਕੀਤਾ ਜਾਵੇ, ਚਾਰ ਲੇਬਰ ਕੋਡ ਰੱਦ ਕੀਤੇ ਜਾਣ, ਮਗਨਰੇਗਾ ਕਾਨੂੰਨ ਨੂੰ ਬਹਾਲ ਕੀਤਾ ਜਾਵੇ ਅਤੇ ਵੀਬੀ ਜੀ ਰਾਮ ਜੀ ਨੂੰ ਰੱਦ ਕੀਤਾ ਜਾਵੇ, ਐਮਐਸਪੀ ਤੇ ਕਾਨੂੰਨ ਬਣਾਇਆ ਜਾਵੇ।ਆਗੂਆਂ ਨੇ ਕਿਹਾ ਕਿ ਜੋ ਅਮਰੀਕਾ ਨਾਲੋਂ ਮੁਕਤ ਵਪਾਰ ਸਮਝੌਤਾ ਕੀਤਾ ਗਿਆ ਹੈ ਇਹ ਦੇਸ਼ ਦੇ ਕਿਸਾਨੀ ਲਈ ਮੌਤ ਦੇ ਵਰੰਟ ਸਾਬਤ ਹੋਣਗੇ। ਦੇਸ਼ ਦੇ ਛੋਟੇ ਦੁਕਾਨਦਾਰ, ਕਾਰਖਾਨੇਦਾਰ ਆਉਣ ਵਾਲੇ ਸਮੇਂ ਵਿੱਚ ਬਰਬਾਦ ਹੋ ਜਾਣਗੇ। ਇਕੱਠ ਵਿੱਚ ਡਾ. ਗਗਨਦੀਪ ਸਿੰਘ ਰੰਧਾਵਾ ਦੀ ਮੌਤ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਤੇ ਉਨ੍ਹਾਂ ਨੂੰ ਮਰਨ ਲਈ ਮਜ਼ਬੂਰ ਕਰਨ ਵਾਲਿਆਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਗਈ। ਬੱਸ ਸਟੈਂਡ ਤੋਂ ਪੈਦਲ ਮਾਰਚ ਕਰਦੇ ਹੋਏ ਕਿਸਾਨ ਮਜ਼ਦੂਰ ਮੁਲਾਜ਼ਮ ਕਲਗੀਧਰ ਮਾਰਕੀਟ, ਗੋਲ ਮਾਰਕੀਟ, ਰਵਿਦਾਸ ਚੌਂਕ ਤੋਂ ਮਾਰਚ ਕਰਦੇ ਕਚਹਿਰੀ ਰੋਡ ਦੇ ਟੀ ਪੁਆਇੰਟ ’ਤੇ ਟਰੰਪ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ