
ਸ੍ਰੀ ਮੁਕਤਸਰਸਾਹਿਬ, 23 ਮਾਰਚ (ਹਿੰ.ਸ.)। ਸੀਨੀਅਰ ਪੁਲਿਸ ਕਪਤਾਨ ਮੁਕਤਸਰ ਅਭਿਮਨਿਉ ਰਾਣਾ ਦੀ ਅਗਵਾਈ ਅਤੇ ਡੀਐਸਪੀ ਡੀ ਰਸ਼ਪਾਲ ਸਿੰਘ ਦੀ ਨਿਗਰਾਨੀ ਹੇਠ ਕਾਰਵਾਈ ਕਰਦਿਆਂ ਸੀਆਈਏ ਸਟਾਫ ਮੁਕਤਸਰ ਦੇ ਇੰਚਾਰਜ ਇੰਸਪੈਕਟਰ ਗੁਰਵਿੰਦਰ ਸਿੰਘ ਨੇ 2 ਅਜਿਹੇ ਵਿਅਕਤੀਆਂ ਨੂੰ ਕਾਬੂ ਕੀਤਾ ਹੈ ਜੋ ਪਾਕਿਸਤਾਨੀ ਏਜੰਟਾਂ ਨਾਲ ਸੰਪਰਕ ਕਰਕੇ ਭਾਰਤ ਦੀ ਸੰਵੇਦਨਸ਼ੀਲ ਜਾਣਕਾਰੀ ਲੀਕ ਕਰ ਰਹੇ ਸਨ। ਪੁਲਿਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਸੀ.ਆਈ.ਏ ਸਟਾਫ ਵੱਲੋਂ ਬਠਿੰਡਾ ਬਾਈਪਾਸ, ਸ੍ਰੀ ਮੁਕਤਸਰ ਸਾਹਿਬ ਵਿਖੇ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਇੱਕ ਮੁਖਬਰ ਵੱਲੋਂ ਗੁਪਤ ਇਤਲਾਹ ਪ੍ਰਾਪਤ ਹੋਈ, ਜਿਸ ਨੂੰ ਗੰਭੀਰਤਾ ਨਾਲ ਲੈਂਦਿਆਂ ਪੁਲਿਸ ਨੇ ਮੁਕੱਦਮਾ ਦਰਜ ਕਰਕੇ ਇਹਨਾਂ ਦੋਵਾਂ ਨੂੰ ਫੜਿਆ ਹੈ।
ਮੁਲਜ਼ਮਾਂ ਦੀ ਪਛਾਣ ਅਕਾਸ਼ਦੀਪ ਸਿੰਘ ਉਰਫ ਮਿੰਟੂ ਵਾਸੀ ਮਹਾਬੱਧਰ (ਮੌਜੂਦਾ ਮੰਡੇਰ ਕਲੋਨੀ, ਸ੍ਰੀ ਮੁਕਤਸਰ ਸਾਹਿਬ), ਅਤੇ ਬਲਰਾਜ ਸਿੰਘ ਵਾਸੀ ਚਿਬੜਾਂਵਾਲੀ ਵਜੋਂ ਹੋਈ ਹੈ। ਇਹਨਾਂ ਦਾ ਤੀਸਰਾ ਸਾਥੀ ਪ੍ਰੀਤਪਾਲ ਸਿੰਘ ਉਰਫ ਯੋਗਰਾਜ ਸਿੰਘ ਉਰਫ ਜੱਗਾ ਪਹਿਲਾਂ ਹੀ ਸ੍ਰੀ ਮੁਕਤਸਰ ਸਾਹਿਬ ਜੇਲ੍ਹ ਵਿਚ ਬੰਦ ਹੈ। ਪੜ੍ਹਤਾਲ ਦੌਰਾਨ ਸਾਹਮਣੇ ਆਇਆ ਕਿ ਇਹ ਵਿਅਕਤੀ ਪਾਕਿਸਤਾਨੀ ਵਟਸਐਪ ਨੰਬਰਾਂ ਨਾਲ ਲੰਮੇ ਸਮੇਂ ਤੋਂ ਸੰਪਰਕ ਵਿੱਚ ਸਨ ਅਤੇ ਪੈਸਿਆਂ ਦੀ ਲਾਲਚ ਵਿੱਚ ਦੇਸ਼ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹੋ ਕੇ ਆਰਮੀ ਦੇ ਗੁਪਤ ਪ੍ਰੋਗਰਾਮਾਂ ਅਤੇ ਗਤੀਵਿਧੀਆਂ ਨਾਲ ਸੰਬੰਧਿਤ ਜਾਣਕਾਰੀ ਪਾਕਿਸਤਾਨੀ ਆਈ.ਐਸ.ਆਈ. ਏਜੰਟਾਂ ਨੂੰ ਭੇਜ ਰਹੇ ਸਨ।
ਪੁੱਛਗਿੱਛ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਇਨ੍ਹਾਂ ਵੱਲੋਂ ਵਿਸਾਖਾਪਟਨਮ ਵਿਖੇ ਹੋਏ “ਸਵਰੱਖਸ਼ਾ ਮਹਾਉਤਸਵ 2025” ਦੌਰਾਨ ਫੋਟੋਆਂ ਅਤੇ ਵੀਡੀਓ ਤਿਆਰ ਕਰਕੇ ਅੱਗੇ ਭੇਜੀਆਂ ਗਈਆਂ। ਇਸ ਤੋਂ ਇਲਾਵਾ ਇਹ ਵਿਅਕਤੀ ਹੋਰ ਸੰਵੇਦਨਸ਼ੀਲ ਸੈਨਿਕ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਵੀ ਕਰ ਰਹੇ ਸਨ।ਪੁਲਿਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਮੁਲਜ਼ਮਾਂ ਨੂੰ ਪੇਸ਼ ਕਰਕੇ ਮਾਨਯੋਗ ਅਦਾਲਤ ਪਾਸੋਂ ਚਾਰ ਦਿਨ ਦਾ ਰਿਮਾਂਡ ਹਾਸਲ ਕੀਤਾ ਜਾ ਚੁੱਕਿਆ ਹੈ ਜਿਸ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ