
ਸ੍ਰੀ ਮੁਕਤਸਰ ਸਾਹਿਬ, 23 ਮਾਰਚ (ਹਿੰ.ਸ.)। ਨੈਸ਼ਨਲ ਕਮਿਸ਼ਨ ਆਫ ਸਫ਼ਾਈ ਕਰਮਚਾਰੀ ਦੇ ਵਾਈਸ ਚੇਅਰਮੈਨ ਹਰਦੀਪ ਸਿੰਘ ਗਿੱਲ ਵੱਲੋਂ ਅੱਜ ਸ੍ਰੀ ਮੁਕਤਸਰ ਸਾਹਿਬ ਦਾ ਦੌਰਾ ਕੀਤਾ ਗਿਆ। ਉਨ੍ਹਾਂ ਆਪਣੇ ਦੌਰੇ ਦੌਰਾਨ ਪਹਿਲਾਂ ਸ਼ਹਿਰ ਦੇ ਗੋਨੇਆਣਾ ਰੋਡ ਵਿਖੇ ਲਗਾਏ ਜਾ ਰਹੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਖੂਨਦਾਨ ਕੈਂਪ ਦੌਰਾਨ ਸ਼ਿਰਕਤ ਕੀਤੀ ਅਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਉਪਰੰਤ ਉਨ੍ਹਾਂ ਵੱਲੋਂ ਡਿਪਟੀ ਕਮਿਸ਼ਨਰ ਕੰਪਲੈਕਸ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਮੀਟਿੰਗ ਦੀ ਸ਼ੁਰੂਆਤ ਤੋਂ ਪਹਿਲਾਂ ਬੀਤੇ ਦਿਨੀਂ ਅਕਾਲ ਚਲਾਨਾ ਕਰ ਗਏ ਸਫਾਈ ਸੇਵਕ ਦੀ ਯਾਦ ਵਿੱਚ ਇੱਕ ਮਿੰਟ ਦਾ ਮੌਨ ਧਾਰਿਆ ਗਿਆ।
ਵਾਈਸ ਚੇਅਰਮੈਨ ਹਰਦੀਪ ਸਿੰਘ ਗਿੱਲ ਵੱਲੋਂ ਬੀਤੇ ਦਿਨੀਂ ਸ੍ਰੀ ਮੁਕਤਸਰ ਸਾਹਿਬ ਵਿੱਚ ਸਫਾਈ ਸੇਵਕ ਦੀ ਹੋਈ ਮੌਤ ਨੂੰ ਲੈ ਕੇ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਵੱਲੋਂ ਬਣਾਈ ਗਈ ਸਿੱਟ ਟੀਮ ਨਾਲ ਮੀਟਿੰਗ ਕੀਤੀ ਅਤੇ ਰਿਪੋਰਟ ਸਬੰਧੀ ਵਿਚਾਰ ਚਰਚਾ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਜੋ ਵੀ ਸਫ਼ਾਈ ਸੇਵਕ ਸੀਵਰੇਜ ਵਿਭਾਗ ਜਾਂ ਨਗਰ ਕੌਂਸਲ ਵਿਭਾਗ ਵਿੱਚ ਕੰਮ ਕਰਦੇ ਹਨ, ਉਨ੍ਹਾਂ ਦੇ ਆਈ.ਕਾਰਡ. ਬਣਾਏ ਜਾਣ ਅਤੇ ਆਈ.ਕਾਰਡ ਦੇ ਉੱਪਰ ਉਨ੍ਹਾਂ ਦੀ ਨਿੱਜੀ ਜਾਣਕਾਰੀ ਦੇ ਨਾਲ ਬਲੱਡ ਗਰੁੱਪ ਜਰੂਰ ਲਿਖਿਆ ਜਾਵੇ। ਇਸਤੋਂ ਇਲਾਵਾ ਉਨ੍ਹਾਂ ਨੂੰ ਸੇਫਟੀ ਕਿੱਟਾਂ ਜਰੂਰ ਮੁਹੱਈਆ ਕਰਵਾਈਆ ਜਾਣ।
ਇਸ ਮੌਕੇ ਉਨ੍ਹਾਂ ਉਪ ਮੰਡਲ ਮੈਜਿਸਟ੍ਰੇਟ ਨੂੰ ਕਿਹਾ ਕਿ ਬੀਤੇ ਦਿਨੀਂ ਹੋਈ ਸਫਾਈ ਕਰਮਚਾਰੀ ਦੀ ਮੌਤ ਸਬੰਧੀ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਆਪਣੇ ਦਫ਼ਤਰ ਵਿਖੇ ਬੁਲਾ ਕੇ ਉਨ੍ਹਾਂ ਤੋਂ ਜਾਣਕਾਰੀ ਲਈ ਜਾਵੇ ਕਿ ਉਨ੍ਹਾਂ ਨੂੰ ਕਿੰਨੀ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਗਈ ਹੈ ਅਤੇ ਬਾਕੀ ਰਹਿੰਦੀ ਬਕਾਇਆ ਰਾਸ਼ੀ ਸੁਪਰੀਮ ਕੋਰਟ ਦੀਆਂ ਹਦਾਇਤਾਂ ਅਨੁਸਾਰ ਮੁਹੱਈਆ ਕਰਵਾਈ ਜਾਵੇ ਅਤੇ ਇਸ ਸੰਬੰਧੀ ਰਿਪੋਰਟ ਕਮਿਸ਼ਨ ਨੂੰ ਭੇਜੀ ਜਾਵੇ।
ਹਰਦੀਪ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ‘ਨਮਸਤੇ ਸਕੀਮ’ ਦੇ ਤਹਿਤ ਸੇਫਟੀ ਕਿੱਟ ਵਿੱਚ 44 ਤਰ੍ਹਾਂ ਸੁਰੱਖਿਆ ਉਪਕਰਨ ਮੌਜੂਦ ਹੁੰਦੇ ਹਨ ਜੋ ਕਿ ਸਫਾਈ ਕਰਮਚਾਰੀਆਂ ਨੂੰ ਮੁਹੱਈਆ ਕਰਵਾਉਣੇ ਜ਼ਰੂਰੀ ਹੁੰਦੇ ਹਨ ਅਤੇ ਅਤੇ ਸੁਰੱਖਿਆ ਪੱਖੋਂ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਐਕਸੀਅਨ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਨ੍ਹਾਂ ਹੇਠ ਕੰਮ ਕਰਨ ਵਾਲੇ ਸਫਾਈ ਕਰਮਚਾਰੀਆਂ ਨੂੰ ਟ੍ਰੇਨਿੰਗ ਮੁਹੱਈਆ ਕਰਵਾਈ ਜਾਵੇ ਅਤੇ ਉਨ੍ਹਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ, ਜੇਕਰ ਲੋੜ ਪੈਂਦੀ ਹੈ ਤਾਂ ਕੈਂਪ ਵੀ ਲਗਾਏ ਜਾਣ, ਤਾਂ ਜੋ ਕੰਮ ਕਰਦੇ ਸਮੇਂ ਉਨ੍ਹਾਂ ਦਾ ਜਾਨੀ ਮਾਲੀ ਨੁਕਸਾਨ ਨਾ ਹੋਵੇ।
ਵਾਈਸ ਚੇਅਰਮੈਨ ਵੱਲੋਂ ਪੁਲਿਸ ਵਿਭਾਗ ਨੂੰ ਹਦਾਇਤ ਕੀਤੀ ਗਈ ਕਿ ਸਫਾਈ ਕਰਮਚਾਰੀ ਦੀ ਮੌਤ ਸਬੰਧੀ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਅਤੇ ਇਸ ਸੰਬੰਧੀ ਰਿਪੋਰਟ ਰਾਹੀਂ ਕਮਿਸ਼ਨ ਨੂੰ ਸੂਚਿਤ ਕੀਤਾ ਜਾਵੇ। ਇਸ ਮੌਕੇ ਉਨ੍ਹਾਂ ਸਬੰਧਤ ਠੇਕੇਦਾਰਾਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਉਹ ਵੀ ਆਪਣੀਆਂ ਗੱਡੀਆਂ ਵਿੱਚ ਸੁਰੱਖਿਆ ਉਪਰਕਰਣਾਂ ਨੂੰ ਹਰ ਸਮੇਂ ਮੌਜੂਦ ਰੱਖਣ ਅਤੇ ਹੁਣ ਉਹ ਅੱਗੇ ਤੋਂ ਰਾਤ ਨੂੰ ਸੀਵਰੇਜ ਦੀ ਸਫਾਈ ਦਾ ਕੰਮ ਨਹੀਂ ਕਰਨਗੇ, ਸਿਰਫ਼ ਦਿਨ ਵੇਲੇ ਹੀ ਸੀਵਰੇਜ ਦੀ ਸਫਾਈ ਦਾ ਕੰਮ ਅਮਲ ਵਿੱਚ ਲਿਆਉਣਗੇ ਅਤੇ ਇਸ ਸਬੰਧੀ ਐਫੀਡੇਵਿਟ ਉਪ ਮੰਡਲ ਮੈਜਿਸਟ੍ਰੇਟ ਦੇ ਦਫ਼ਤਰ ਵਿਖੇ ਜਮ੍ਹਾਂ ਕਰਵਾਉਣ ਅਤੇ ਬਾਕੀ ਰਹਿੰਦੀ ਵਿੱਤੀ ਸਹਾਇਤਾ ਪੀੜ੍ਹਤ ਪਰਿਵਾਰ ਨੂੰ ਜਲਦੀ ਤੋਂ ਜਲਦੀ ਮੁਹੱਈਆ ਕਰਵਾਉਣ।
ਇਸ ਮੌਕੇ ਉਪ-ਮੰਡਲ ਮੈਜਿਸਟ੍ਰੇਟ ਸ੍ਰੀ ਮੁਕਤਸਰ ਸਾਹਿਬ ਗੁਰਕਿਰਨਦੀਪ ਸਿੰਘ ਸਿੱਧੂ, ਐਕਸੀਅਨ ਜਲ ਸਪਲਾਈ ਅਤੇ ਸੈਨੀਟੇਸ਼ਨ ਕੇਵਲ ਗਰਗ, ਕਾਰਜ ਸਾਧਕ ਅਫ਼ਸਰ ਮਲੋਟ ਮੰਗਤ ਰਾਮ, ਐਕਸੀਅਨ ਨਹਿਰੀ ਵਿਭਾਗ ਅਰਸ਼ਦੀਪ ਸਿੰਘ, ਡੀ.ਐਸ.ਪੀ. ਬਚਨ ਸਿੰਘ, ਐਸ.ਡੀ.ਓ, ਪੁਸ਼ਪਿੰਦਰ ਸਿੰਘ, ਸੁਪਰਡੰਟ ਰਜੀਨੀਸ਼ ਕੁਮਾਰ, ਜੇ.ਈ. ਵਿਜੈ ਕੁਮਾਰ, ਠੇਕਾਦਾਰ ਹਰਪਾਲ ਸਿੰਘ, ਹਰਜੀਤ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਕਰਮਚਾਰੀ ਹਾਜ਼ਰ ਸਨ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ