
ਬਠਿੰਡਾ, 24 ਮਾਰਚ (ਹਿੰ.ਸ.)। ਵੇਅਰ ਹਾਊਸ ਦੇ ਡੀਐਮ ਡਾ. ਗਗਨਦੀਪ ਸਿੰਘ ਰੰਧਾਵਾ ਖੁਦਕੁਸ਼ੀ ਮਾਮਲੇ ਤੇ ਇਨਸਾਫ ਲਈ ਬਠਿੰਡਾ ਵਿਚ ਵੀ ਕਾਂਗਰਸ ਸੜਕਾਂ ’ਤੇ ਉਤਰਦੀ ਹੋਈ ਨਜ਼ਰ ਆਈ। ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਦੀ ਅਗਵਾਈ ਵਿੱਚ ਜ਼ਿਲਾ ਸ਼ਹਿਰੀ ਕਾਂਗਰਸ ਲੀਡਰਸ਼ਿਪ ਵੱਲੋਂ ਕੈਂਡਲ ਮਾਰਚ ਕੱਢਿਆ ਗਿਆ। ਫਾਇਰ ਬਿਗੇਡ ਚੌਂਕ ਤੋਂ ਲੈ ਕੇ ਵੱਖ-ਵੱਖ ਬਾਜ਼ਾਰਾਂ ਵਿੱਚ ਇਹ ਕੈਂਡਲ ਮਾਰਚ ਕੱਢ ਕੇ ਜਿੱਥੇ ਡਾਕਟਰ ਰੰਧਾਵਾ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ, ਉੱਥੇ ਹੀ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਇਕੱਤਰ ਕਾਂਗਰਸ ਲੀਡਰਸ਼ਿਪ, ਵੱਖ ਵੱਖ ਵਿੰਗਾਂ ਦੇ ਅਹੁਦੇਦਾਰ ਅਤੇ ਵਰਕਰਾਂ ਨੇ ਇੱਕ ਆਵਾਜ਼ ਵਿੱਚ ਇਸ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਗਈ, ਉੱਥੇ ਹੀ ਮੁੱਖ ਮੰਤਰੀ ਤੇ ਆਪਣੇ ਖਾਸਮ ਖਾਸ ਰਹੇ ਸਾਬਕਾ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਅਤੇ ਉਨ੍ਹਾਂ ਦੇ ਪਿਤਾ ਸੁਖਦੇਵ ਸਿੰਘ ਭੁੱਲਰ ਤੇ ਪੀਏ ਦਿਲਬਾਗ ਸਿੰਘ ਨੂੰ ਬਚਾਉਣ ਦੇ ਇਲਜ਼ਾਮ ਵੀ ਲਾਏ।
ਰਾਜਨ ਗਰਗ ਨੇ ਦੋਸ਼ ਲਾਏ ਕੇ ਪੰਜਾਬ ਸਰਕਾਰ ਜੋ ਇਮਾਨਦਾਰੀ ਦਾ ਢੋਲ ਵਜਾਉਂਦੀ ਹੈ, ਦੇ ਭ੍ਰਿਸ਼ਟਾਚਾਰ ਕਰਕੇ ਡਾ. ਗਗਨਦੀਪ ਸਿੰਘ ਰੰਧਾਵਾ ਨੂੰ ਜਾਨ ਗਵਾਉਣੀ ਪਈ ਕਿਉਂਕਿ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਆਪਣੇ ਅਹੁਦੇ ਦੀ ਦੁਰਵਰਤੋਂ ਕਰਕੇ ਉਹਨਾਂ ਤੇ ਆਪਣੇ ਪਿਤਾ ਦੇ ਨਾਮ ਤੇ ਵੇਅਰ ਹਾਊਸ ਦੇ ਟੈਂਡਰ ਜਾਰੀ ਕਰਨ ਦਾ ਦਬਾਅ ਪਾ ਰਹੇ ਸਨ।ਮੰਤਰੀ ਦੇ ਖੌਫ ਅੱਗੇ ਡਾਕਟਰ ਰੰਧਾਵਾ ਨੇ ਖੁਦਕੁਸ਼ੀ ਕਰ ਲਈ ਪਰ ਹੈਰਾਨਗੀ ਦੀ ਗੱਲ ਹੈ ਕਿ ਮੁੱਖ ਮੰਤਰੀ ਆਪਣੇ ਖਾਸਮ ਖਾਸ ਮੰਤਰੀ ਨੂੰ ਬਚਾਉਣ ਲਈ 24 ਘੰਟੇ ਤੱਕ ਐਫਆਈਆਰ ਨਹੀਂ ਦਰਜ ਕੀਤੀ ਗਈ, ਜਿਸ ਤੋਂ ਸਰਕਾਰ ਦਾ ਦੋਗਲਾ ਚਿਹਰਾ ਸਾਹਮਣੇ ਆਇਆ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਦੇ ਹਾਲਾਤ ਵਿਗਾੜ ਕੇ ਰੱਖ ਦਿੱਤੇ ਹਨ। ਵਿਧਾਇਕ ਤੇ ਮੰਤਰੀ ਅਫਸਰਸ਼ਾਹੀ ਤੇ ਦਬਾਅ ਪਾ ਕੇ ਗਲਤ ਕੰਮ ਕਰਵਾ ਰਹੇ ਹਨ ਜਿਸ ਕਰਕੇ ਅਫਸਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਸਰਕਾਰ ਦੀਆਂ ਧੱਕੇਸ਼ਾਹੀਆਂ ਖਿਲਾਫ ਆਵਾਜ਼ ਉਠਾਉਣ ਅਤੇ ਡਾਕਟਰ ਰੰਧਾਵਾ ਦੀ ਖੁਦਕੁਸ਼ੀ ਨੂੰ ਸਬਕ ਲੈ ਕੇ ਇਨਸਾਫ ਲਈ ਅੱਗੇ ਆਉਣ।ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਪੀੜ੍ਹਤ ਪਰਿਵਾਰ ਨਾਲ ਚੱਟਾਨ ਵਾਂਗ ਖੜ੍ਹੀ ਹੈ ਅਤੇ ਦੋਸ਼ੀਆਂ ਨੂੰ ਸਜ਼ਾ ਦਵਾਉਣ ਲਈ ਹਰ ਸੰਘਰਸ਼ ਵਿੱਚ ਸਾਥ ਦੇਵੇਗੀ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ