
ਲੁਧਿਆਣਾ, 24 ਮਾਰਚ (ਹਿੰ.ਸ.)। ਕੈਬਨਿਟ ਮੰਤਰੀ ਸੰਜੀਵ ਅਰੋੜਾ ਵੱਲੋਂ ਹਾਲ ਹੀ ’ਚ ਲਗਭਗ 1.74 ਕਰੋੜ ਰੁਪਏ ਦੀ ਲਾਗਤ ਨਾਲ ਸ਼ਹਿਰ ਵਿਚ ਚੱਲ ਰਹੇ ਵਿਕਾਸ ਕਾਰਜਾਂ ਦੇ ਪ੍ਰੋਜੈਕਟਾਂ ਨੂੰ ਹਰੀ ਝੰਡੀ ਵਿਖਾਈ ਗਈ ਜਿਨ੍ਹਾਂ ਵਿਚ ਚਿਲਡਰਨ ਡੇਅ ਬਹੁ ਮੰਤਵੀ ਖੇਡ ਪਾਰਕ, ਸਿਵਰ ਲਾਈਨਾਂ ਦੇ ਜਾਲ ਵਿਛਾਉਣ ਅਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਨਾਮ 'ਤੇ ਲਾਇਬ੍ਰੇਰੀ ਸਥਾਪਿਤ ਕਰਨਾ ਸ਼ਾਮਲ ਹਨ, ਦੇ ਨੀਹ ਪੱਥਰ ਰੱਖੇ ਗਏ। ਇਸੇ ਸੰਦਰਭ ਵਿਚ ਹਲਕਾ ਆਤਮ ਨਗਰ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ, ਕੌਂਸਲਰ ਪਰਮਿੰਦਰ ਸੋਮਾ ਅਤੇ ਜਨਰਲ ਸਕੱਤਰ ਰੇਸ਼ਮ ਸਿੰਘ ਸੱਗੂ ਵੱਲੋਂ ਮੰਤਰੀ ਅਰੋੜਾ ਨੂੰ ਸ਼ਹੀਦ ਭਗਤ ਸਿੰਘ ਯਾਦਗਾਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਸਮੇਂ ਚਰਨਜੀਤ ਸਿੰਘ ਵਿਸ਼ਵਕਰਮਾ, ਇੰਦਰਜੀਤ ਸਿੰਘ ਨਵਯੁੱਗ, ਰਣਜੀਤ ਸਿੰਘ ਮਠਾੜੂ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।
ਵਿਧਾਇਕ ਸਿੱਧੂ ਅਤੇ ਰੇਸ਼ਮ ਸਿੰਘ ਸੱਗੂ ਨੇ ਸੂਬਾ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਗਵੰਤ ਸਿੰਘ ਮਾਨ ਵੱਲੋਂ ਜਿੱਥੇ ਸ਼ਹਿਰ ਦੇ ਬਹੁਪੱਖੀ ਵਿਕਾਸ ਕਾਰਜਾਂ ਨੂੰ ਤਰਜੀਹ ਦਿੱਤੀ ਗਈ ਉੱਥੇ ਲਾਇਬ੍ਰੇਰੀ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਮ 'ਤੇ ਰੱਖਣਾ ਉਨ੍ਹਾਂ ਦੀ ਸਹੀਦਾਂ ਪ੍ਰਤੀ ਉੱਚੀ ਸੁੱਚੀ ਸੋਚ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਪਬਲਿਕ ਲਾਇਬ੍ਰੇਰੀਆਂ ਸਮਾਜ਼ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਉਂਦੀਆਂ ਹਨ। ਇਹ ਸਿਰਫ਼ ਗਿਆਨ ਤੱਕ ਪਹੁੰਚ ਆਸਾਨ ਨਹੀਂ ਬਣਾਉਂਦੀ, ਬਲਕਿ ਲੋਕਾਂ ਵਿੱਚ ਪੜ੍ਹਨ ਦੀ ਲਾਲਸਾ ਅਤੇ ਬੋਧ ਸ਼ਕਤੀ ਨੂੰ ਵੀ ਉਤਸ਼ਾਹਿਤ ਕਰਦੀਆਂ ਹਨ। ਲੋਕਾਂ ਨੂੰ ਇੱਥੇ ਮੁਫਤ ਕਿਤਾਬਾਂ, ਰਿਸਰਚ ਸਮਗਰੀ ਅਤੇ ਡਿਜਿਟਲ ਸਰੋਤ ਮਿਲਦੇ ਹਨ, ਜਿਸ ਨਾਲ ਹਰ ਉਮਰ ਦੇ ਲੋਕ ਆਪਣੀ ਜਾਣਕਾਰੀ ਵਧਾ ਸਕਦੇ ਹਨ, ਆਪਣੇ ਕਰੀਅਰ ਲਈ ਤਿਆਰੀ ਕਰ ਸਕਦੇ ਹਨ, ਅਤੇ ਆਪਣੇ ਸੁਪਨਿਆਂ ਨੂੰ ਸਾਕਾਰ ਕਰ ਸਕਦੇ ਹਨ।
ਇਸ ਮੌਕੇ ਸੱਗੂ ਨੇ ਕਿਹਾ ਕਿ ਇਸ ਯੋਗ ਉਪਰਾਲੇ ਨਾਲ ਨਾ ਸਿਰਫ਼ ਪੜ੍ਹਨ ਲਈ ਮੌਕੇ ਮਿਲਦੇ ਹਨ, ਬਲਕਿ ਸਮਾਜਿਕ ਜੁੜਾਵ, ਲਗਾਤਾਰ ਸਿੱਖਣ, ਅਤੇ ਆਤਮ-ਵਿਕਾਸ ਲਈ ਵੀ ਇਹ ਇੱਕ ਮਜ਼ਬੂਤ ਆਧਾਰ ਪ੍ਰਦਾਨ ਕਰਦੀਆਂ ਹਨ। ਇਸ ਮੌਕੇ ਯੁਵਰਾਜ ਸਿੰਘ ਸਿੱਧੂ, ਕੌਂਸਲਰ ਜਸਮੀਤ ਸਿੰਘ ਨੋਨੀ, ਸੁਰਿੰਦਰ ਕਲਿਆਣ, ਸੋਹਣ ਸਿੰਘ ਗੋਗਾ, ਜਗਦੀਪ ਰਿੰਕੂ, ਕਮਲ ਕਪੂਰ ਮੈਂਬਰ ਖੱਤਰੀ ਬੋਰਡ ਪੰਜਾਬ ਸਰਕਾਰ ਆਦਿ ਇਲਾਕਾ ਨਿਵਾਸੀ ਹਾਜ਼ਰ ਸਨ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ