ਪੰਜਾਬ ’ਚ ਜੰਗਲ ਰਾਜ, ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ : ਗੁਰਕੀਰਤ
ਡੀ.ਐਮ ਸੁਸਾਈਡ ਮਾਮਲੇ ਨੂੰ ਲੈ ਕੇ ਕਾਂਗਰਸ ਪਾਰਟੀ ਨੇ ਰੋਸ ਵਜੋਂ ਕੱਢਿਆ ਕੈਂਡਲ ਮਾਰਚ
ਕੈਂਡਲ ਮਾਰਚ ਕਰਦੇ ਸਾਬਕਾ ਮੰਤਰੀ ਗੁਰਕੀਰਤ ਸਿੰਘ, ਜ਼ਿਲ੍ਹਾ ਪ੍ਰਧਾਨ ਲਖਵੀਰ ਲੱਖਾ ਪਾਇਲ ਅਤੇ ਹੋਰ।


ਖੰਨਾ, 24 ਮਾਰਚ (ਹਿੰ.ਸ.)। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਖੰਨਾ ਵਿਖੇ ਕਾਂਗਰਸ ਵਲੋਂ ਸਾਬਕਾ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਅਤੇ ਜ਼ਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਲਖਵੀਰ ਸਿੰਘ ਲੱਖਾ ਪਾਇਲ ਦੀ ਅਗਵਾਈ ਵਿਚ ਡਾ. ਗਗਨਦੀਪ ਸਿੰਘ ਰੰਧਾਵਾ ਦੇ ਸੁਸਾਈਡ ਮਾਮਲੇ ਦੇ ਰੋਸ ਵਜੋਂ ਕੈਂਡਲ ਮਾਰਚ ਕੱਢਿਆ ਗਿਆ। ਇਸ ਮੌਕੇ ਡਾ. ਰੰਧਾਵਾ ਨੂੰ ਸ਼ਰਧਾਂਜਲੀ ਦੇਣ ਦੇ ਨਾਲ-ਨਾਲ ਪੰਜਾਬ ਸਰਕਾਰ ਤੋਂ ਇਨਸਾਫ ਦੀ ਮੰਗ ਕੀਤੀ ਗਈ।

ਇਸ ਦੌਰਾਨ ਕਾਂਗਰਸੀਆਂ ਵਲੋਂ ਹੱਥਾਂ ਵਿਚ ਮੋਮਬੱਤੀਆਂ ਅਤੇ ਤਖਤੀਆਂ ਫੜ੍ਹਕੇ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜੀ ਵੀ ਕੀਤੀ ਗਈ। ਇਹ ਕੈਂਡਲ ਮਾਰਚ ਅਮਲੋਹ ਰੋਡ ਤੋਂ ਸ਼ੁਰੂ ਹੋ ਕੇ ਜੀ.ਟੀ ਰੋਡ, ਗੁਰੂ ਅਮਰਦਾਸ ਮਾਰਕੀਟ ਤੋਂ ਸੁਭਾਸ਼ ਬਾਜ਼ਾਰ, ਮੇਨ ਬਾਜ਼ਾਰ ਹੁੰਦੇ ਹੋਏ ਲਲਹੇੜੀ ਰੋਡ ਚੌਂਕ ਵਿਖੇ ਸਮਾਪਤ ਹੋਇਆ, ਜਿਸ ਵਿਚ ਕਾਂਗਰਸੀਆਂ ਦੇ ਨਾਲ-ਨਾਲ ਵੱਡੀ ਗਿਣਤੀ ’ਚ ਸ਼ਹਿਰ ਵਾਸੀਆਂ ਵਲੋਂ ਵੀ ਸ਼ਮੂਲੀਅਤ ਕੀਤੀ ਗਈ।

ਸਾਬਕਾ ਮੰਤਰੀ ਗੁਰਕੀਰਤ ਸਿੰਘ ਨੇ ਕਿਹਾ ਕਿ ਪੰਜਾਬ ਵਿਚ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਹੈ, ਪੂਰੀ ਤਰ੍ਹਾਂ ਨਾਲ ਜੰਗਲ ਦਾ ਰਾਜ ਹੈ। ਆਪ ਆਗੂਆਂ ਦੀਆਂ ਮਨਮਰਜੀਆਂ ਅਤੇ ਧੱਕੇਸ਼ਾਹੀਆਂ ਚਰਮ ਸੀਮਾ ’ਤੇ ਹਨ। ਇਨ੍ਹਾਂ ਵਲੋਂ ਜਿੱਥੇ ਵਿਰੋਧੀਆਂ ’ਤੇ ਝੂਠੇ ਪਰਚੇ ਸ਼ਰੇਆਮ ਦਰਜ ਕੀਤੇ ਜਾ ਰਹੇ ਹਨ, ਹੁਣ ਇੱਥੇ ਹੀ ਬਸ ਨਹੀਂ ਇਨ੍ਹਾਂ ਵਲੋਂ ਸਰਕਾਰੀ ਅਧਿਕਾਰੀਆਂ ਨੂੰ ਵੀ ਧਮਕਾਇਆ, ਡਰਾਇਆ ਤੇ ਜ਼ਲੀਲ ਕੀਤਾ ਜਾ ਰਿਹਾ ਹੈ, ਜਿਸਦੀ ਕਾਂਗਰਸ ਪਾਰਟੀ ਜੰਮਕੇ ਨਿੰਦਾ ਕਰਦੀ ਹੈ। ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਵਲੋਂ ਸੀਨੀਅਰ ਅਧਿਕਾਰੀ ਡਾ. ਗਗਨਦੀਪ ਸਿੰਘ ਰੰਧਾਵਾ ਨੂੰ ਕਿਸ ਪੱਧਰ ’ਤੇ ਜ਼ਲੀਲ ਕੀਤਾ ਗਿਆ ਹੋਵੇਗਾ ਕਿ ਉਨ੍ਹਾਂ ਨੂੰ ਆਤਮ ਹੱਤਿਆ ਕਰਨ ਲਈ ਮਜ਼ਬੂਰ ਹੋਣਾ ਪਿਆ, ਇਸ ਤੋਂ ਮਾੜੀ ਗੱਲ ਆਪ ਆਗੂਆਂ ਲਈ ਹੋਰ ਨਹੀਂ ਹੋ ਸਕਦੀ। ਗੁਰਕੀਰਤ ਨੇ ਕਿਹਾ ਕਿ ਕਾਂਗਰਸ ਪਾਰਟੀ ਇਸ ਮਾਮਲੇ ਨੂੰ ਲੈ ਕੇ ਚੁੱਪ ਨਹੀਂ ਬੈਠੇਗੀ ਅਤੇ ਡਾ. ਗਗਨਦੀਪ ਸਿੰਘ ਨੂੰ ਇਨਸਾਫ ਲੈ ਕੇ ਦੇਵੇਗੀ। ਗੁਰਕੀਰਤ ਨੇ ਕਿਹਾ ਕਿ ਹੁਣ ਝਾੜੂ ਪਾਰਟੀ ਦਾ ਅੰਤ ਨੇੜੇ ਆ ਗਿਆ ਹੈ। ਲੋਕ ਇਸਨੂੰ ਸੱਤਾ ਤੋਂ ਲਾਂਭੇ ਕਰਨ ਲਈ ਉਤਾਵਲੇ ਹੋਏ ਬੈਠੇ ਹਨ।

ਕਾਂਗਰਸੀਆਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕੇ ਜੇਕਰ ਡਾ. ਗਗਨਦੀਪ ਸਿੰਘ ਦੇ ਪਰਿਵਾਰ ਨੂੰ ਇਨਸਾਫ ਨਾ ਮਿਲਿਆ ਤਾਂ ਸਮੁੱਚੀ ਕਾਂਗਰਸ ਇਸ ਸੰਘਰਸ਼ ਨੂੰ ਜਨ ਜਨ ਤੱਕ ਲੈ ਕੇ ਜਾਵੇਗੀ ਅਤੇ ਆਖਰੀ ਸਾਹ ਤੱਕ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਇਕਜੁੱਟਤਾ ਨਾਲ ਖੜੀ ਰਹੇਗੀ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਕਮਲਜੀਤ ਸਿੰਘ ਲੱਧੜ, ਸਾਬਕਾ ਪ੍ਰਧਾਨ ਵਿਕਾਸ ਮਹਿਤਾ, ਸੀਨੀਅਰ ਕਾਂਗਰਸੀ ਆਗੂ ਅਮਿਤ ਤਿਵਾੜੀ, ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜੀਵ ਮਹਿਤਾ, ਦਿਹਾਤੀ ਪ੍ਰਧਾਨ ਹਰਜਿੰਦਰ ਸਿੰਘ ਇਕਲਾਹਾ, ਕੌਂਸਲਰ ਅਮਰੀਸ਼ ਕਾਲੀਆ, ਕੌਂਸਲਰ ਗੁਰਮੀਤ ਨਾਗਪਾਲ, ਕੌਂਸਲਰ ਸੰਦੀਪ ਘਈ, ਕੌਂਸਲਰ ਪਤੀ ਨਰਿੰਦਰ ਬੌਬੀ ਸਮੇਤ ਵੱਡੀ ਗਿਣਤੀ ’ਚ ਵਰਕਰ ਸ਼ਾਮਲ ਸਨ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande