
ਅੰਮ੍ਰਿਤਸਰ, 24 ਮਾਰਚ (ਹਿੰ.ਸ.)। ਅੰਮ੍ਰਿਤਸਰ ਮਿਊਂਸੀਪਲ ਕਾਰਪੋਰੇਸ਼ਨ ਦੇ ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਦੇ ਵਾਈਸ ਚੇਅਰਮੈਨ ਜਸਕਰਨ ਸਿੰਘ ਬੰਦੇਸ਼ਾ ਨੇ ਰਣਜੀਤ ਐਵੇਨਿਊ ਬੀ ਬਲਾਕ ਵਿਖੇ ਰਣਜੀਤ ਪਾਰਕ ਦੇ ਸੁੰਦਰੀਕਰਨ ਅਤੇ ਵਿਕਾਸ ਲਈ ਸਥਾਨਕ ਨਿਵਾਸੀਆਂ ਨਾਲ ਮੀਟਿੰਗ ਕੀਤੀ। ਇਸ ਪਬਲਿਕ ਮੀਟਿੰਗ ਦੌਰਾਨ ਬੋਲਦਿਆਂ ਮੇਅਰ ਭਾਟੀਆ ਨੇ ਕਿਹਾ ਕਿ ਇਸ ਸ਼ਹਿਰ-ਪੱਧਰੀ ਪ੍ਰੋਜੈਕਟ ਦੇ ਤਹਿਤ ਨਗਰ ਨਿਗਮ ਵੱਲੋਂ ਸਾਰੇ ਸਰਕਾਰੀ ਪਾਰਕਾਂ ਦੀ ਮੁਰੰਮਤ, ਨਵੀਨੀਕਰਨ ਅਤੇ ਸੰਭਾਲ ਕੀਤੀ ਜਾਵੇਗੀ ਤਾਂ ਜੋ ਇਨ੍ਹਾਂ ਨੂੰ ਸਾਫ਼-ਸੁਥਰੇ, ਹਰਿਆਲੇ ਅਤੇ ਨਾਗਰਿਕਾਂ ਲਈ ਵਧੇਰੇ ਸੁਵਿਧਾਜਨਕ ਮਨੋਰੰਜਨ ਸਥਾਨ ਬਣਾਇਆ ਜਾ ਸਕੇ। ਇਸ ਯੋਜਨਾ ਵਿੱਚ ਆਧੁਨਿਕ ਲਾਈਟਿੰਗ ਪ੍ਰਣਾਲੀ, ਵਾਕਿੰਗ ਟਰੈਕ, ਬੱਚਿਆਂ ਲਈ ਖੇਡ ਸਾਮਾਨ, ਉੱਨਤ ਸਿੰਚਾਈ ਪ੍ਰਣਾਲੀ ਅਤੇ ਸੁਰੱਖਿਆ ਦੇ ਬਿਹਤਰ ਇੰਤਜ਼ਾਮ ਸ਼ਾਮਲ ਹੋਣਗੇ।
ਮੇਅਰ ਨੇ ਕਿਹਾ ਕਿ ਪਾਰਕ ਸ਼ਹਿਰ ਵਾਸੀਆਂ ਦੀ ਸਿਹਤ, ਮਾਨਸਿਕ ਸੁਖ-ਸੁਵਿਧਾ ਅਤੇ ਸਮਾਜਿਕ ਜੀਵਨ ਲਈ ਬਹੁਤ ਮਹੱਤਵਪੂਰਨ ਹਨ। ਇਹ ਸੁੰਦਰਤਾ ਅਭਿਆਨ ਸ਼ਹਿਰ ਦੇ ਵਾਤਾਵਰਣ ਨੂੰ ਸੁਧਾਰਨ ਦੇ ਨਾਲ-ਨਾਲ ਪਰਟਨ ਨੂੰ ਵੀ ਪ੍ਰੋਤਸਾਹਿਤ ਕਰੇਗਾ। ਇਸ ਯੋਜਨਾ ਵਿੱਚ ਪਰਿਆਵਰਣ-ਮਿਤਰ ਕਦਮਾਂ ’ਤੇ ਖ਼ਾਸ ਧਿਆਨ ਦਿੱਤਾ ਜਾਵੇਗਾ, ਜਿਵੇਂ ਕਿ ਵੱਧ ਤੋਂ ਵੱਧ ਰੁੱਖ ਲਗਾਉਣਾ, ਪਾਣੀ ਸੰਰੱਖਣ ਪ੍ਰਣਾਲੀਆਂ ਅਤੇ ਟਿਕਾਊ ਸਮੱਗਰੀ ਦੀ ਵਰਤੋਂ। ਨਗਰ ਨਿਗਮ ਵੱਲੋਂ ਸ਼ਹਿਰੀ ਯੋਜਕਾਂ, ਪਰਿਆਵਰਣ ਵਿਦਵਾਨਾਂ ਅਤੇ ਸਥਾਨਕ ਵਸਨੀਕਾਂ ਨਾਲ ਮਿਲ ਕੇ ਪਾਰਕਾਂ ਦੀ ਲੰਬੇ ਸਮੇਂ ਲਈ ਸੰਭਾਲ ਯਕੀਨੀ ਬਣਾਈ ਜਾਵੇਗੀ। ਇਹ ਪ੍ਰੋਜੈਕਟ ਪੜਾਅਵਾਰ ਢੰਗ ਨਾਲ ਲਾਗੂ ਕੀਤਾ ਜਾਵੇਗਾ ਅਤੇ ਨਗਰ ਨਿਗਮ ਦੀ ਹੱਦ ਵਿੱਚ ਆਉਂਦੇ ਸਾਰੇ ਵੱਡੇ ਅਤੇ ਮੁਹੱਲਾ ਪਾਰਕਾਂ ਨੂੰ ਇਸ ਵਿੱਚ ਸ਼ਾਮਲ ਕੀਤਾ ਜਾਵੇਗਾ। ਮੇਅਰ ਨੇ ਸ਼ਹਿਰ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਵਿੱਚ ਸਹਿਯੋਗ ਦੇਣ ਅਤੇ ਸਰਕਾਰੀ ਸਥਾਨਾਂ ਦੀ ਸਫ਼ਾਈ ਅਤੇ ਸੰਭਾਲ ਵਿੱਚ ਆਪਣਾ ਯੋਗਦਾਨ ਪਾਉਣ।
ਇਸ ਮੀਟਿੰਗ ਵਿੱਚ ਬੋਲਦਿਆਂ ਜਸਕਰਨ ਸਿੰਘ ਬੰਦੇਸ਼ਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅੰਮ੍ਰਿਤਸਰ ਨੂੰ ਇੱਕ ਮਾਡਲ ਸ਼ਹਿਰ ਵਜੋਂ ਵਿਕਸਤ ਕਰਨ ਦਾ ਟੀਚਾ ਹੈ ਅਤੇ ਸਰਕਾਰ ਸ਼ਹਿਰ ਦੇ ਸਰਬਪੱਖੀ ਵਿਕਾਸ ਅਤੇ ਉਨਤੀ ਦੇ ਲਈ ਯਤਨਸ਼ੀਲ ਹੈ ਜਿਸ ਤਹਿਤ ਸ਼ਹਿਰ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਸੁੰਦਰੀਕਰਨ ਲਈ ਫੰਡਾਂ ਦੀ ਕਮੀ ਨਹੀਂ ਆਉਣ ਦੇਵੇਗੀ। ਬੰਦੇਸ਼ਾ ਨੇ ਕਿਹਾ ਕਿ ਸ਼ਹਿਰ ਵਿਚੋਂ ਕੂੜੇ ਦੇ ਪਹਾੜ ਨੂੰ ਖ਼ਤਮ ਕਰਨ ਲਈ ਮੇਅਰ ਅਤੇ ਕਾਰਪੋਰੇਸ਼ਨ ਸਫਲਤਾ ਦੀ ਤਾਰੀਫ਼ ਕੀਤੀ ਜਾਣੀ ਚਾਹੀਦੀ ਹੈ ।
ਇਸ ਮੀਟਿੰਗ ਵਿਚ ਮੁਨੀਸ਼ ਸ਼ਰਮਾ, ਐਡ. ਅਰਵਿੰਦਰ ਸਿੰਘ ਭੱਟੀ, ਸ਼ਰਨਪਾਲ ਸਿੰਘ, ਐੱਚ. ਐੱਸ ਦੂਆ, ਪਰਮ ਸ਼ਰਮਾ, ਨਿਤਾਸ਼ਾ, ਸਵਿਨ ਪੁਰੀ ਸਮੇਤ ਵੱਡੀ ਗਿਣਤੀ ਵਿੱਚ ਰਣਜੀਤ ਐਵੀਨਿਊ ਬੀ ਬਲੋਕ ਵਸਨੀਕਾਂ ਨੇ ਭਾਗ ਲਿਆ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ