
ਚੰਡੀਗੜ੍ਹ, 24 ਮਾਰਚ (ਹਿੰ.ਸ.)। ਮੋਹਾਲੀ ਪੁਲਿਸ ਨੇ ਪਿਛਲੇ ਸਾਲ ਦਸੰਬਰ ਵਿਚ ਹੋਏ ਕਬੱਡੀ ਪ੍ਰਮੋਟਰ ਰਾਣਾ ਬਲਾਚੌਰੀਆ ਦੇ ਕਤਲ ਮਾਮਲੇ ਵਿਚ ਚਾਰਜਸ਼ੀਟ ਦਾਇਰ ਕੀਤੀ ਹੈ। ਪੁਲਿਸ ਵੱਲੋਂ ਪੇਸ਼ ਕੀਤੀ ਗਈ ਇਹ ਚਾਰਜਸ਼ੀਟ ਲਗਭਗ 350 ਸਫ਼ਿਆਂ ਦੀ ਹੈ, ਜਿਸ ਵਿੱਚ ਅੱਠ ਮੁੱਖ ਸ਼ੂਟਰਾਂ ਦੇ ਨਾਮ ਸ਼ਾਮਲ ਕੀਤੇ ਗਏ ਹਨ। ਗੈਂਗਸਟਰ ਬਲਜਿੰਦਰ ਡੋਨੀ ਬਲ, ਅਰਵਿੰਦਰ ਸਿੰਘ, ਜਸ਼ਦੀਪ ਅਤੇ ਅਰਵਿੰਦਰਜੀਤ ਉਰਫ਼ ਮਨੀ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਗਏ ਹਨ।
ਪੁਲਿਸ ਨੇ ਮੋਹਾਲੀ ਅਦਾਲਤ ਵਿਚ 350 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਹੈ। ਅੱਠ ਮੁਲਜ਼ਮਾਂ ਵਿਚ ਜੁਗਰਾਜ ਸਿੰਘ, ਅਰਸ਼ਦੀਪ, ਮਨਦੀਪ ਸਿੰਘ ਮੋਨਾ, ਗਗਨਦੀਪ ਸਿੰਘ, ਆਕਾਸ਼ਦੀਪ, ਤਰਨਦੀਪ, ਦਵਿੰਦਰ ਉਰਫ਼ ਟਿੱਕਾ, ਇਕ ਟੈਕਸੀ ਡਰਾਈਵਰ ਅਤੇ ਸ਼ੂਟਰ ਕਰਨ ਪਾਠਕ ਸ਼ਾਮਿਲ ਹਨ। ਚਾਰਜਸ਼ੀਟ ਵਿਚ ਲਗਭਗ 55 ਗਵਾਹਾਂ ਦੇ ਨਾਮ ਲਏ ਗਏ ਹਨ। ਪੁਲਿਸ ਨੇ ਸ਼ੂਟਰ ਆਦਿੱਤਿਆ ਕਪੂਰ, ਗੈਂਗਸਟਰ ਬਲਜਿੰਦਰ ਡੋਨੀ ਬਲ, ਅਰਵਿੰਦਰ ਸਿੰਘ, ਜਸ਼ਦੀਪ ਅਤੇ ਅਰਵਿੰਦਰਜੀਤ ਉਰਫ਼ ਮਨੀ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਹਨ।
ਚਾਰਜਸ਼ੀਟ ਵਿੱਚ ਦੱਸਿਆ ਗਿਆ ਹੈ ਕਿ ਕੁਝ ਹੋਰ ਸ਼ੂਟਰਾਂ ਅਤੇ ਗੈਂਗਸਟਰਾਂ ਦੀ ਭਾਲ ਅਜੇ ਵੀ ਜਾਰੀ ਹੈ। ਦੂਜੇ ਪਾਸੇ ਮੋਹਾਲੀ ਅਦਾਲਤ ਨੇ ਸੁਣਵਾਈ ਦੌਰਾਨ ਉਸ ਸਮੇਂ ਦੇ ਸੁਰੱਖਿਆ ਪ੍ਰਬੰਧਾਂ 'ਤੇ ਗੰਭੀਰ ਸਵਾਲ ਚੁੱਕੇ ਹਨ। ਅਦਾਲਤ ਨੇ ਟਿੱਪਣੀ ਕੀਤੀ ਕਿ ਕਬੱਡੀ ਮੈਚ ਦੌਰਾਨ ਜਦੋਂ ਸ਼ਾਮ ਦੇ 5:55 ਵਜੇ ਇਹ ਕਤਲ ਹੋਇਆ, ਉਸ ਸਮੇਂ ਉੱਥੇ ਕਰੀਬ 900 ਤੋਂ 1000 ਲੋਕ ਮੌਜੂਦ ਸਨ। ਇੰਨੀ ਵੱਡੀ ਗਿਣਤੀ ਵਿੱਚ ਲੋਕਾਂ ਦੀ ਮੌਜੂਦਗੀ ਦੇ ਬਾਵਜੂਦ ਅਜਿਹੀ ਵਾਰਦਾਤ ਨੂੰ ਅੰਜਾਮ ਦੇਣਾ ਸੂਬੇ ਦੀ ਕਾਨੂੰਨ-ਵਿਵਸਥਾ 'ਤੇ ਇੱਕ ਵੱਡਾ ਸਵਾਲੀਆ ਨਿਸ਼ਾਨ ਖੜ੍ਹਾ ਕਰਦਾ ਹੈ। ਜ਼ਿਕਰਯੋਗ ਹੈ ਕਿ 15 ਦਸੰਬਰ ਨੂੰ ਮੋਹਾਲੀ ਦੇ ਸੋਹਾਣਾ ਵਿਚ ਇਕ ਕਬੱਡੀ ਕੱਪ ਹੋ ਰਿਹਾ ਸੀ। ਦੋ ਨੌਜਵਾਨਾਂ ਨੇ ਸੈਲਫੀ ਲੈਣ ਦਾ ਬਹਾਨਾ ਬਣਾਉਂਦੇ ਹੋਏ ਪਹਿਲਾਂ ਰਾਣਾ ਬਲਾਚੌਰੀਆ ਦੇ ਮੂੰਹ 'ਤੇ ਕੱਪੜਾ ਪਾ ਕੇ ਗੋਲੀ ਮਾਰ ਦਿੱਤੀ ਸੀ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ