
ਖੰਨਾ, 24 ਮਾਰਚ (ਹਿੰ.ਸ.)। ਖੰਨਾ ਪੁਲਿਸ ਨੇ ਬੀਤੇ ਦਿਨੀਂ ਗੁਟਕਾ ਸਾਹਿਬ ਬੇਅਦਬੀ ਮਾਮਲੇ ’ਚ ਦੋ ਨਾਬਾਲਿਗਾਂ ਨੂੰ ਕਾਬੂ ਕਰ ਲਿਆ ਹੈ। ਪੁਲਿਸ ਵੱਲੋਂ ਇਨ੍ਹਾਂ ਨਾਬਾਲਗਾਂ ਨੂੰ ਜੁਵੈਨਾਇਲ ਬੋਰਡ ਅੱਗੇ ਪੇਸ਼ ਕੀਤਾ ਜਾਵੇਗਾ। ਬਾਕੀ ਜੋ ਜੁਵੈਨਾਇਲ ਜਸਟਿਸ ਬੋਰਡ ਦੇ ਨਿਰਦੇਸ਼ ਹੋਣਗੇ ਉਹ ਅਨੁਸਾਰ ਕਾਰਵਾਈ ਹੋਵੇਗੀ। ਇਹ ਜਾਣਕਾਰੀ ਐਸ.ਪੀ (ਐਚ) ਖੰਨਾ ਹਰਪਿੰਦਰ ਕੌਰ ਗਿੱਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ। ਉਨ੍ਹਾਂ ਕਿਹਾ ਕਿ ਬਹੁਤ ਵੱਡੀ ਮੰਦਭਾਗੀ ਘਟਨਾ ਆਨੰਦ ਨਗਰ ਖੰਨਾ, ਥਾਣਾ ਸਿਟੀ-2 ਖੰਨਾ ਦੇ ਏਰੀਏ ਵਿੱਚ ਵਾਪਰੀ ਹੈ ਜਿਸ ਵਿੱਚ ਬੱਚਿਆਂ ਵੱਲੋਂ ਗੁਟਕਾ ਸਾਹਿਬ ਦੇ ਅੰਗ ਪਾੜੇ ਗਏ ਹਨ। ਇਸ ਲਈ ਲੋਕਾਂ ਵਿੱਚ ਰੋਸ ਹੈ। ਸੋ ਇਸੇ ਤਹਿਤ ਇੱਕ ਪੁਲਿਸ ਟੀਮ ਗਠਿਤ ਕੀਤੀ ਗਈ ਹੈ। ਸਾਡਾ ਮੁੱਖ ਉਦੇਸ਼ ਹੈ ਕਿ ਲੋਕਾਂ ਨੂੰ ਸਹੀ ਜਾਣਕਾਰੀ ਮਿਲੇ। ਇਸੇ ਕਾਰਵਾਈ ਤਹਿਤ ਐਫ.ਆਈ.ਆਰ ਨੰਬਰ 70/2026 U/s 299 and 61(2) BNS ਰਜਿਸਟਰ ਕੀਤੀਆਂ ਗਈਆਂ ਹਨ। ਦੋ ਵਿਅਕਤੀ ਦੀਆਂ ਗ੍ਰਿਫਤਾਰੀਆਂ ਅਸੀਂ ਪਾ ਚੁੱਕੇ ਹਾਂ। ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਬੱਚਾ ਗੁਟਕਾ ਸਾਹਿਬ ਦੇ ਅੰਗ ਪਾੜ ਕੇ ਖਿਲਾਰ ਰਿਹਾ ਹੈ। ਇਹਨਾਂ ਬੱਚਿਆਂ ਦੀ ਉਮਰ 18 ਸਾਲ ਤੋਂ ਘੱਟ ਹੈ।ਉਨ੍ਹਾਂ ਕਿਹਾ ਕਿ ਜੁਵੈਨਾਇਲ ਜਸਟਿਸ ਐਕਟ ਦੇ ਅਨੁਸਾਰ ਜੋ ਵੀ ਕਾਰਵਾਈ ਬਣਦੀ ਹੋਵੇਗੀ ਉਸੇ ਤਹਿਤ ਜੁਵੈਨਾਇਲ ਜਸਟਿਸ ਬੋਰਡ ਦੇ ਅੱਗੇ ਬੱਚਿਆਂ ਨੂੰ ਪੇਸ਼ ਕੀਤਾ ਜਾਵੇਗਾ। ਬੱਚਿਆਂ ਦੇ ਮਾਤਾ ਅਤੇ ਨਾਨਾ ਤੋਂ ਪੁੱਛਗਿੱਛ ਕੇ ਜਾਰੀ ਹੈ ਸਾਨੂੰ ਜੋ ਵੀ ਸਹੀ ਜਾਣਕਾਰੀ ਮਿਲੇਗੀ ਮੀਡੀਆ ਸਾਹਮਣੇ ਰੱਖੀ ਜਾਵੇਗੀ। ਉਹਨਾਂ ਕਿਹਾ ਕਿ ਸਾਡੇ ਧਿਆਨ ਵਿੱਚ ਆਇਆ ਹੈ ਕਿ ਝੁੱਗੀਆਂ-ਝੌਂਪੜੀਆਂ ਰਹਿੰਦੇ ਲੋਕਾਂ ਦੀ ਪੁਲਿਸ ਵੈਰੀਫਿਕੇਸ਼ਨ ਨਹੀਂ ਹੋਈ ਹੈ। ਇਹ ਗੈਰ ਕਾਨੂੰਨੀ ਤੌਰ 'ਤੇ ਇੱਥੇ ਰਹਿ ਰਹੇ ਸੀ। ਸੋ 188 ਅੰਡਰ ਸੈਕਸ਼ਨ ਪਰਚਾ ਦਰਜ ਕਰਕੇ ਮਾਲਕਾਂ ਉੱਤੇ ਕਾਰਵਾਈ ਕਰ ਰਹੇ ਹਾਂ।ਉਨ੍ਹਾਂ ਅੱਗੇ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਕੇਸ ਦੀ ਡੂੰਘਾਈ ਨਾਲ ਜਾਂਚ ਕਰਨ ਲਈ ਵੱਖ-ਵੱਖ ਪੁਲਿਸ ਪਾਰਟੀਆਂ ਬਣਾਈਆਂ ਗਈਆਂ ਹਨ ਜੋ ਵੱਖ-ਵੱਖ ਐਂਗਲਾਂ 'ਤੇ ਕੰਮ ਕਰ ਰਹੀਆਂ ਹਨ। ਕੁਝ ਲੋਕਾਂ ਦੇ ਨਾਮ ਸਾਡੇ ਕੋਲ ਆਏ ਹਨ, ਸ਼ਾਇਦ ਬੱਚਿਆਂ ਨੂੰ ਗੁਮਰਾਹ ਕੀਤਾ ਗਿਆ ਸੀ, ਉਹਨਾਂ ਵੱਲੋਂ ਗੁਟਕਾ ਸਾਹਿਬ ਬੱਚਿਆਂ ਨੂੰ ਦਿੱਤਾ ਗਿਆ ਸੀ। ਵੱਖ-ਵੱਖ ਐਂਗਲਾਂ ਤੋਂ ਜਾਂਚ ਜਾਰੀ ਹੈ ਜੋ ਵੀ ਤੱਥ ਸਾਡੇ ਸਾਹਮਣੇ ਆਉਣਗੇ ਉਹ ਮੀਡੀਆ ਸਾਹਮਣੇ ਰੱਖਾਂਗੇ।ਉਨ੍ਹਾਂ ਕਿਹਾ ਕਿ ਮਾਹੌਲ ਸ਼ਾਂਤੀ ਪੂਰਨ ਹੈ। ਸਾਰਿਆਂ ਨੂੰ ਅਪੀਲ ਹੈ ਕਿ ਖੰਨਾ ਵਿੱਚ ਜੋ ਵੀ ਇਹ ਘਟਨਾ ਹੋਈ ਹੈ ਬਹੁਤ ਮੰਦਭਾਗੀ ਹੈ। ਛੋਟੇ ਬੱਚਿਆਂ ਕੋਲ ਆਪਣਾ ਇਸ ਤਰਾਂ ਦਾ ਗਲਤ ਮਾਈਂਡ ਨਹੀਂ ਹੁੰਦਾ। ਜੇਕਰ ਉਹਨਾਂ ਨੂੰ ਗੁਮਰਾਹ ਕਰਕੇ ਇਹ ਗਲਤ ਕੰਮ ਕੀਤਾ ਗਿਆ ਹੈ ਤਾਂ ਸਬੰਧਤ ਵਿਅਕਤੀ ਨੂੰ ਬਿਲਕੁਲ ਵੀ ਬਖਸ਼ਿਆ ਨਹੀਂ ਜਾਵੇਗਾ। ਐਸ.ਐਸ.ਪੀ ਖੰਨਾ ਡਾ. ਦਰਪਣ ਆਹਲੂਵਾਲੀਆ ਦੇ ਸਖਤ ਨਿਰਦੇਸ਼ ਹਨ ਅਤੇ ਖੰਨਾ ਪੁਲਿਸ ਅਮਨ ਤੇ ਕਾਨੂੰਨ ਬਰਕਰਾਰ ਰੱਖਣ ਲਈ ਤਤਪਰ ਹੈ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ