
ਮੂਣਕ/ਚੰਡੀਗੜ੍ਹ, 24 ਮਾਰਚ (ਹਿੰ.ਸ.)। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਖਿਆ ਕਿ ਉਹ ਵੇਅਰ ਹਾਊਸ ਦੇ ਜ਼ਿਲ੍ਹਾ ਮੈਨੇਜਰ ਡਾ. ਗਗਨਦੀਪ ਸਿੰਘ ਰੰਧਾਵਾ ਵੱਲੋਂ ਸਾਬਕਾ ਮੰਤਰੀ ਲਾਲਜੀਤ ਭੁੱਲਰ ਕਾਰਨ ਖੁਦਕੁਸ਼ੀ ਕਰਨ ਦੇ ਮਾਮਲੇ ਦੀ ਸੀ. ਬੀ. ਆਈ ਜਾਂਚ ਦੀ ਸਿਫਾਰਸ਼ ਵਾਸਤੇ ਬਹਾਨੇ ਨਾ ਬਣਾਉਣ ਅਤੇ ਕਿਹਾ ਕਿ ਜਦੋਂ ਉਹਨਾਂ ਨੂੰ ਪਤਾ ਸੀ ਕਿ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਫਰੀਦਕੋਟ ਦੇ ਵਪਾਰੀ ਤੋਂ ਫਿਰੌਤੀ ਵਸੂਲੀ ਤੇ ਖੁਦਕੁਸ਼ੀ ਕੇਸ ਨਾਲ ਜੁੜੇ ਸਨ ਤਾਂ ਉਹਨਾਂ ਨੇ ਉਹਨਾਂ ਵਿਰੁਧ ਕਾਰਵਾਈ ਕਿਉਂ ਨਹੀਂ ਕੀਤੀ।ਇਥੇ ਲਹਿਰਾਗਾਗਾ ਦੇ ਹਲਕਾ ਇੰਚਾਰਜ ਗਗਨਦੀਪ ਸਿੰਘ ਖੰਡੇਬਾਦ ਦੇ ਨਾਲ ਰਲ ਕੇ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਬਹੁਤ ਹੀ ਹਾਸੋਹੀਣੀ ਗੱਲ ਹੈ ਕਿ ਭਗਵੰਤ ਮਾਨ ਨੂੰ ਹੁਣ ਮਹਿਸੂਸ ਹੋਇਆ ਹੈ ਕਿ ਫਰੀਦਕੋਟ ਦੇ ਵਪਾਰੀ ਨੇ ਆਪਣੇ 2 ਬੱਚਿਆਂ ਦਾ ਕਤਲ ਕਰ ਕੇ ਇਸ ਕਰ ਕੇ ਖੁਦਕੁਸ਼ੀ ਕਰ ਲਈ ਕਿਉਂਕਿ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦਾ ਸਾਲਾ ਡਿੰਪੀ ਵਿਨਾਇਕ ਉਸ ਤੋਂ ਫਿਰੌਤੀ ਮੰਗ ਰਿਹਾ ਸੀ। ਉਹਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬੀਆਂ ਨੂੰ ਦੱਸਣ ਕਿ ਚਾਰ ਸਾਲਾਂ ਤੋਂ ਉਹ ਚੁੱਪ ਕਿਉਂ ਸਨ ਤੇ ਹੁਣ ਵੀ ਉਹਨਾਂ ਮਾਮਲੇ ਵਿਚ ਕਾਰਵਾਈ ਕਿਉਂ ਨਹੀਂ ਕੀਤੀ।ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਇਹ ਵੀ ਦੱਸਣ ਕਿ ਉਹਨਾਂ ਨੇ ਰਾਜਾ ਵੜਿੰਗ ਵੱਲੋਂ 2021-22 ਵਿਚ ਟਰਾਂਸਪੋਰਟ ਮੰਤਰੀ ਹੁੰਦਿਆਂ 814 ਸਰਕਾਰੀ ਬੱਸਾਂ ਦੀਆਂ ਬਾਡੀਆਂ ਪੰਜਾਬ ਵਿਚ ਸਸਤੀਆਂ ਲੱਗਣ ਦੇ ਬਾਵਜੂਦ ਵੀ ਰਾਜਸਥਾਨ ਤੋਂ ਲਗਵਾ ਕੇ 100 ਕਰੋੜ ਰੁਪਏ ਦਾ ਘੁਟਾਲਾ ਕਰਨ ਦੇ ਮਾਮਲੇ ਵਿਚ ਕਾਰਵਾਈ ਕਿਉਂ ਨਹੀਂ ਕੀਤੀ। ਉਹਨਾਂ ਕਿਹਾ ਕਿ ਸੱਚਾਈ ਇਹ ਹੈ ਕਿ ਮੁੱਖ ਮੰਤਰੀ ਤੇ ਰਾਜਾ ਵੜਿੰਗ ਆਪਸ ਵਿਚ ਰਲੇ ਹੋਏ ਹਨ ਤੇ ਆਪਸ ਵਿਚ ਦੋਸਤਾਨਾ ਮੈਚ ਖੇਡ ਰਹੇ ਹਨ। ਲਹਿਰਾਗਾਗਾ ਹਲਕੇ ਅਤੇ ਆਲੇ ਦੁਆਲੇ ਦੇ ਇਲਾਕਿਆਂ ਦੀ ਗੱਲ ਕਰਦਿਆਂ ਬਾਦਲ ਨੇ ਕਿਹਾ ਕਿ ਅਕਾਲੀ ਦਲ ਜਾਣਦਾ ਹੈ ਕਿ ਘੱਗਰ ਦਰਿਆ ਦੇ ਮਾਮਲੇ ਦਾ ਹੱਲ ਕਿਵੇਂ ਕੱਢਿਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਅਸੀਂ ਹਿਮਾਚਲ ਪ੍ਰਦੇਸ਼ ਤੋਂ ਲੈ ਕੇ ਹਰਿਆਣਾ ਨਾਲ ਲੱਗਦੀ ਪੰਜਾਬ ਦੀ ਸਰਹੱਦ ਤੱਕ ਘੱਗਰ ਦਰਿਆ ਨੂੰ ਚੈਨਲਾਈਜ਼ ਕਰਾਂਗੇ। ਇਸ ਗੱਲ ਦੀ ਉਹ ਗਰੰਟੀ ਦਿੰਦੇ ਹਨ।ਉਹਨਾਂ ਕਿਹਾ ਕਿ ਤੁਸੀਂ ਜਾਣਦੇ ਹੋ ਕਿ ਆਪ ਸਰਕਾਰ ਨੇ ਤੁਹਾਨੂੰ ਕੱਖ ਨਹੀਂ ਦਿੱਤਾ ਤੇ ਕੇਂਦਰ ਤੇ ਸੂਬਾ ਸਰਕਾਰ ਇਕ ਦੂਜੇ ਸਿਰ ਦੋਸ਼ ਮੜ੍ਹਦੇ ਰਹਿੰਦੇ ਹਨ। ਉਹਨਾਂ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਗਗਨਦੀਪ ਖੰਡੇਬਾਦ ਸਮੇਤ ਅਕਾਲੀ ਦਲ ਦੀ ਟੀਮ ਨੇ ਹੀ ਹੜ੍ਹਾਂ ਦੌਰਾਨ ਤੁਹਾਡੀ ਉਦੋਂ ਮਦਦ ਕੀਤੀ ਜਦੋਂ ਕੇਂਦਰ ਤੇ ਰਾਜ ਸਰਕਾਰਾਂ ਤੁਹਾਡਾ ਸਾਥ ਛੱਡ ਗਈਆਂ ਸਨ। ਇਸ ਮੌਕੇ ਅਰਵਿੰਦ ਖੰਨਾ, ਵਿਨਰਜੀਤ ਸਿੰਘ ਗੋਲਡੀ, ਤੇਜਿੰਦਰ ਸਿੰਘ ਸੰਘੇੜੀ, ਕੇ ਜੇ ਐਸ ਚੀਮਾ, ਰਣਜੀਤ ਸਿੰਘ ਕਾਤਰੋਂ, ਗੁਲਜ਼ਾਰੀ ਮੂਣਕ, ਸ਼੍ਰੋਮਣੀ ਕਮੇਟੀ ਮੈਂਬਰ ਗੁਰਲਾਲ ਸਿੰਘ ਫਤਿਹਗੜ੍ਹ ਅਤੇ ਪਰਮਜੀਤ ਕੌਰ ਵਿਰਕ ਨੇ ਵੀ ਸੰਬੋਧਨ ਕੀਤਾ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ