
ਮਾਨਸਾ/ਚੰਡੀਗੜ੍ਹ, 24 ਮਾਰਚ (ਹਿੰ.ਸ.)। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਕਿਸਾਨਾਂ ਨੂੰ ਔਖੇ ਵੇਲੇ ਖੁਦਕੁਸ਼ੀਆਂ ਵਾਸਤੇ ਮਜਬੂਰ ਕਰ ਰਹੀ ਹੈ ਤੇ ਉਹਨਾਂ ਨੂੰ 22 ਫਸਲਾਂ ’ਤੇ ਐਮ ਐਸ ਪੀ ਦੇਣ ਦੇ ਕੀਤੇ ਵਾਅਦੇ ਦੇ ਬਾਵਜੂਦ ਔਕੜਾਂ ਵਿਚ ਕੋਈ ਵੀ ਰਾਹਤ ਪ੍ਰਦਾਨ ਨਹੀਂ ਕਰ ਰਹੀ ਤੇ ਨਾ ਹੀ ਦਾਲਾਂ ਖਰੀਦ ਰਹੀ ਹੈ ਹਾਲਾਂਕਿ ਇਸ ਮਾਮਲੇ ਵਿਚ ਵਾਰ ਵਾਰ ਸਰਕਾਰੀ ਐਲਾਨ ਕੀਤੇ ਜਾ ਚੁੱਕੇ ਹਨ ਅਤੇ ਕਿਸਾਨਾਂ ਨੂੰ ਪਿਛਲੇ ਸਾਲ ਆਏ ਹੜ੍ਹਾਂ ਵਿਚ ਹੋਏ ਵੱਡੇ ਨੁਕਸਾਨ ਦੇ ਬਾਵਜੂਦ ਮੁਆਵਜ਼ਾ ਨਹੀਂ ਦਿੱਤਾ ਗਿਆ।
ਫਰੀਦਕੋਟ ਵਿਚ ਦੋ ਕਿਸਾਨ ਭਰਾਵਾਂ ਜਸਵਿੰਦਰ ਤੇ ਜਸਕਰਨ ਵੱਲੋਂ ਕਰਜ਼ਈ ਹੋਣ ਕਾਰਨ ਖੁਦਕੁਸ਼ੀ ਕਰਨ ’ਤੇ ਗੰਭੀਰ ਚਿੰਤਾ ਤੇ ਅਫਸੋਸ ਜ਼ਾਹਰ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਆਪ ਸਰਕਾਰ ਨੇ ਵੱਡੇ ਵੱਡੇ ਵਾਅਦੇ ਕੀਤੇ ਪਰ ਕਿਸਾਨਾਂ ਦੀ ਕੋਈ ਮਦਦ ਨਹੀਂ ਕੀਤੀ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੇ ਐਲਾਨ ਮੁਤਾਬਕ ’ਮੂੰਗੀ’ ਦੀ ਫਸਲ ਦੀ ਖਰੀਦ ਵੀ ਐਮ ਐਸ ਪੀ ’ਤੇ ਨਹੀਂ ਹੋਈ ਤੇ ਨਾ ਹੀ ਕਪਾਹ, ਮੱਕੀ ਤੇ ਆਲੂਆਂ ਦੀ ਖਰੀਦ ਹੋਈ ਸਗੋਂ ਸਰਕਾਰ ਮੰਦੇ ਭਾਅ ਇਹਨਾਂ ਦੀ ਵਿਕਰੀ ਰੋਕਣ ਵਿਚ ਵੀ ਨਾਕਾਮ ਰਹੀ। ਉਹਨਾਂ ਕਿਹਾ ਕਿ ਸਰਕਾਰ ਫਸਲਾਂ ਦੇ ਹੋਏ ਨੁਕਸਾਨ ਵਾਸਤੇ ਕੀਤੇ ਐਲਾਨ ਮੁਤਾਬਕ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਵਿਚ ਵੀ ਨਾਕਾਮ ਰਹੀ ਹੈ ਤੇ ਇਸਨੇ ਪਿਛਲੇ ਸਾਲ ਆਏ ਹੜ੍ਹਾਂ ਵਿਚ 4 ਲੱਖ ਏਕੜ ਵਿਚ ਹੋਏ ਫਸਲੀ ਨੁਕਸਾਨ ਦਾ ਮੁਆਵਜ਼ਾ ਵੀ ਨਹੀਂ ਦਿੱਤਾ।
ਪੰਜਾਬ ਬਚਾਓ ਮੁਹਿੰਮ ਦੇ ਤਹਿਤ ਇਥੇ ਸੀਨੀਅਰ ਆਗੂ ਪ੍ਰੇਮ ਅਰੋੜਾ ਦੇ ਨਾਲ ਮਿਲ ਕੇ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸਰਕਾਰ ਕੋਲ ਇਸ਼ਤਿਹਾਰਬਾਜ਼ੀ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਹੈ। ਉਹਨਾਂ ਕਿਹਾ ਕਿ ਆਪ ਸਰਕਾਰ ਨੇ ਤਾਜ਼ਾ ਇਸ਼ਤਿਹਾਰਬਾਜ਼ੀ ’ਤੇ 4400 ਕਰੋੜ ਰੁਪਏ ਖਰਚ ਕੀਤੇ ਹਨ ਤੇ ਦਾਅਵਾ ਕੀਤਾ ਹੈ ਕਿ ਪੰਜਾਬ ਸਕੂਲ ਸਿੱਖਿਆ ਵਿਚ ਨੰਬਰ ਇਕ ਹੈ। ਉਹਨਾਂ ਕਿਹਾ ਕਿ ਅਜਿਹਾ ਉਦੋਂ ਕੀਤਾ ਜਾ ਰਿਹਾ ਹੈ ਜਦੋਂ ਕੌਮੀ ਅੰਕੜੇ ਦੱਸਦੇ ਹਨ ਕਿ ਪੰਜਾਬ ਸਕੂਲ ਸਿੱਖਿਆ ਵਿਚ ਹੋਰ ਰਾਜਾਂ ਦੇ ਮੁਕਾਬਲੇ 18ਵੇਂ ਨੰਬਰ ’ਤੇ ਹੈ। ਉਹਨਾਂ ਨਾਲ ਹੀ ਕਿਹਾ ਕਿ ਅਜਿਹਾ ਉਦੋਂ ਹੋ ਰਿਹਾ ਹੈ ਜਦੋਂ ਮੁੱਖ ਮੰਤਰੀ ਨੂੰ ਆਪਣੀ ਧੀ ਨੂੰ ਸਰਕਾਰੀ ਸਕੂਲ ਵਿਚ ਪੜ੍ਹਾਉਣ ’ਤੇ ਵਿਸ਼ਵਾਸ ਨਹੀਂ ਹੈ ਤੇ ਉਹ ਸਭ ਤੋਂ ਮਹਿੰਗੇ ਸਕੂਲ ਵਿਚ ਆਪਣੀ ਧੀ ਨੂੰ ਪੜ੍ਹਾ ਰਹੇ ਹਨ।
ਸੁਖਬੀਰ ਸਿੰਘ ਬਾਦਲ ਨੇ ਇਹ ਵੀ ਐਲਾਨ ਕੀਤਾ ਕਿ ਅਗਲੀ ਅਕਾਲੀ ਦਲ ਦੀ ਸਰਕਾਰ ਖਿੱਤੇ ਵਿਚ ਵਿਸ਼ਵ ਸਕਿੱਲ ਸਿੱਖਲਾਈ ਯੂਨੀਵਰਸਿਟੀ ਸਥਾਪਿਤ ਕਰੇਗੀ। ਉਹਨਾਂ ਕਿਹਾ ਕਿ ਇਹ ਯੂਨੀਵਰਸਿਟੀ ਹਰ ਸਾਲ ਇਕ ਲੱਖ ਵਿਦਿਆਰਥੀਆਂ ਨੂੰ ਸਿੱਖਲਾਈ ਦੇਵੇਗੀ ਅਤੇ ਹਰ ਜ਼ਿਲ੍ਹੇ ਵਿਚ ਕੇਂਦਰ ਸਥਾਪਿਤ ਕਰੇਗੀ ਤਾ ਜੋ ਕਾਰਪੋਰੇਟ ਘਰਾਣਿਆਂ ਦੇ ਨਾਲ ਮਿਲ ਕੇ ਨੌਜਵਾਨਾਂ ਨੂੰ ਹੁਨਰ ਸਿੱਖਲਾਈ ਦਿੱਤੀ ਜਾ ਸਕੇ। ਉਹਨਾਂ ਕਿਹਾ ਕਿ ਇਸ ਨਾਲ ਨੌਜਵਾਨਾਂ ਨੂੰ ਰੋਜ਼ਗਾਰ ਮਿਲੇਗਾ ਤੇ ਚੰਗੀਆਂ ਤਨਖਾਹਾਂ ਮਿਲਣਗੀਆਂ।
ਉਹਨਾਂ ਇਹ ਵੀ ਐਲਾਨ ਕੀਤਾ ਕਿ ਮਾਨਸਾ ਹਲਕੇ ਵਿਚ ਕਿਸਾਨਾਂ ਨੂੰ ਸਿੰਜਾਈ ਸਹੂਲਤਾਂ ਪ੍ਰਦਾਨ ਕਰਨ ਵਾਸਤੇ ਜ਼ਮੀਨਦੋਜ਼ ਪਾਈਪਾਂ ਵਿਛਾਈਆਂ ਜਾਣਗੀਆਂ। ਪੰਜਾਬ ਲਈ ਆਪਣੀ ਸੋਚ ਦੀ ਗੱਲ ਕਰਦਿਆਂ ਬਾਦਲ ਨੇ ਕਿਹਾ ਕਿ ਅਕਾਲੀ ਦਲ ਰਾਜਸਥਾਨ ਨਹਿਰ ਵਿਚੋਂ ਪਾਣੀ ਨਹੀਂ ਜਾਣ ਦੇਵੇਗਾ। ਉਹਨਾਂ ਕਿਹਾ ਕਿ ਰਾਜਸਥਾਨ ਨਹਿਰ ਦਾ ਸਾਰਾ ਪਾਣੀ ਪੰਜਾਬ ਦੇ ਖੇਤਾਂ ਵੱਲ ਮੋੜਿਆ ਜਾਵੇਗਾ। ਉਹਨਾਂ ਇਹ ਵੀ ਐਲਾਨ ਕੀਤਾ ਕਿ ਉਦਯੋਗਿਕ ਤੇ ਸੀਵਰੇਜ ਦਾ ਇਕ ਬੂੰਦ ਪਾਣੀ ਵੀ ਸਤਲੁਜ ਤੇ ਬਿਆਸ ਦਰਿਆਵਾਂ ਵਿਚ ਨਹੀਂ ਜਾਣ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ। ਉਹਨਾਂ ਕਿਹਾ ਕਿ ਮਾਲਵਾ ਪੱਟੀ ਵਿਚ ਕੈਂਸਰ ਨਾਲ ਨਜਿੱਠਣ ਵਾਸਤੇ ਅਜਿਹਾ ਕਰਨਾ ਬਹੁਤ ਜ਼ਰੂਰੀ ਹੈ।
ਇਸ ਮੌਕੇ ਸੀਨੀਅਰ ਆਗੂ ਤੇ ਬਠਿੰਡਾ ਦੇ ਐਮ ਪੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪਿਛਲੀ ਅਕਾਲੀ ਦਲ ਦੀ ਸਰਕਾਰ ਨੇ ਮਾਲਸਾ ਵਿਚ ਸੀਵਰੇਜ ਲਾਈਨਾਂ ਵਿਛਾਉਣ, ਛੇ ਵਾਟਰ ਵਰਕਸ ਬਣਾਉਣ, ਹਰ ਪਿੰਡ ਵਿਚ ਆਰ ਓ ਸਿਸਟਮ ਲਗਵਾਉਣ ਅਤੇ ਪੇਂਡੂ ਤੇ ਸ਼ਹਿਰੀ ਬੁਨਿਆਦੀ ਢਾਂਚਾ ਵਿਕਸਤ ਕਰਨ ਦੇ ਕੰਮਾਂ ’ਤੇ 650 ਕਰੋੜ ਰੁਪਏ ਖਰਚ ਕੀਤੇ ਹਨ। ਉਹਨਾਂ ਕਿਹਾ ਕਿ ਪਿਛਲੀ ਕਾਂਗਰਸ ਤੇ ਮੌਜੂਦਾ ਆਪ ਸਰਕਾਰ ਨੇ ਮਾਨਸਾ ਸ਼ਹਿਰ ਵਿਚ ਸੀਵਰੇਜ ਲਾਈਨਾਂ ਦੀ ਸਫਾਈ ਤੱਕ ਨਹੀਂ ਕਰਵਾਈ। ਮਾਨਸਾ ਦੇ ਹਲਕਾ ਇੰਚਾਰਜ ਪ੍ਰੇਮ ਅਰੋੜਾ ਨੇ ਮਾਨਸਾ ਵਿਚ ਸੀਵਰੇਜ ਪ੍ਰਣਾਲੀ ਦੇ ਓਵਰਹਾਲ ਦੀ ਬੇਨਤੀ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੂੰ ਅਪੀਲ ਕੀਤੀ ਕਿ ਮਾਨਸਾ ਵਿਚ ਇਕ ਮੈਡੀਕਲ ਕਾਲਜ ਸਥਾਪਿਤ ਕੀਤਾ ਜਾਵੇ। ਇਸ ਮੌਕੇ ਬਲਵਿੰਦਰ ਸਿੰਘ ਭੂੰਦੜ ਨੇ ਵੀ ਸੰਬੋਧਨ ਕੀਤਾ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ