
ਬਠਿੰਡਾ, 25 ਮਾਰਚ (ਹਿੰ.ਸ.)। ਬਠਿੰਡਾ ਪੁਲਿਸ ਨੇ ਮਰਹੂਮ ਕਬੱਡੀ ਪ੍ਰਮੋਟਰ ਰਾਣਾ ਬਲਾਚੋਰੀਆ ਦੇ ਗੁੰਮ ਹੋਏ ਪਿਸਤੌਲ ਸਮੇਤ ਇੱਕ ਨੌਜਵਾਨ ਨੂੰ ਕਾਬੂ ਕੀਤਾ ਹੈ। ਮੁਲਜ਼ਮ ਵੱਲੋਂ ਇਸ ਪਿਸਤੌਲ ਦੀ ਨੋਕ 'ਤੇ ਇਲਾਕੇ ਵਿਚ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ।
ਇਸ ਸਬੰਧੀ ਜਾਣਕਾਰੀ ਦਿੰਦਆਂ ਡੀ. ਐੱਸ. ਪੀ ਮਨਜੀਤ ਸਿੰਘ ਨੇ ਦੱਸਿਆ ਕਿ ਇਸ ਸਬੰਧ ਵਿਚ ਥਾਣਾ ਨਹਿਆਵਾਲਾ ਵਿਖੇ ਗੁਰਮੇਲ ਸਿੰਘ ਵਾਸੀ ਰਮੀਰਗੜ੍ਹ ਥਾਣਾ ਭਗਤਾ ਭਾਈ ਨਾਂ ਦੇ ਵਿਅਕਤੀ ਵਿਰੁੱਧ ਪਰਚਾ ਦਰਜ਼ ਕੀਤਾ ਗਿਆ। ਮੁਲਜ਼ਮ ਗੁਰਮੇਲ ਨੇ 23 ਮਾਰਚ ਦੀ ਸ਼ਾਮ ਨੂੰ ਮੋਟਰਸਾਈਕਲ 'ਤੇ ਜਾ ਰਹੇ ਹਰਪ੍ਰੀਤ ਸਿੰਘ ਵਾਸੀ ਰੋਮਾਣਾ ਅਜੀਤ ਸਿੰਘ ਨਾਂ ਦੇ ਵਿਅਕਤੀ ਕੋਲੋਂ ਇਸੇ ਪਿਸਤੌਲ ਦੀ ਨੌਕ 'ਤੇ ਮੋਟਰਸਾਈਕਲ ਅਤੇ ਮੋਬਾਇਲ ਫੋਨ ਖੋਹ ਲਿਆ ਸੀ, ਪਰ ਪੁਲਿਸ ਨੇ ਮੁਸਤੈਦੀ ਦਿਖਾਉਂਦਿਆਂ ਉਸਨੂੰ ਗ੍ਰਿਫਤਾਰ ਕਰ ਲਿਆ ਅਤੇ ਨਾਲ ਹੀ ਉਸਦੇ ਕਬਜ਼ੇ ਵਿੱਚੋਂ ਵਾਰਦਾਤ ਵਿੱਚ ਵਰਤੀ ਗਈ .45 ਬੋਰ ਪਿਸਤੌਲ, 02 ਜਿੰਦਾ ਕਾਰਤੂਸ ਅਤੇ ਖੋਹ ਕੀਤਾ ਬੁਲੇਟ ਮੋਟਰਸਾਈਕਲ ਬਰਾਮਦ ਕੀਤਾ।
ਡੀ. ਐੱਸ. ਪੀ ਨੇ ਦੱਸਿਆ ਕਿ ਪੜ੍ਹਤਾਲ ਕਰਨ ’ਤੇ ਇਹ ਸਾਹਮਣੇ ਆਇਆ ਕਿ ਮੁਲਜ਼ਮ ਕੋਲੋਂ ਬਰਾਮਦ ਪਿਸਤੌਲ ਕਬੱਡੀ ਪ੍ਰਮੋਟਰ ਰਾਣਾ ਬਲਾਚੌਰੀਆ ਦਾ ਸੀ। ਪੁਲਿਸ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਗੁਰਮੇਲ ਖੁਦ ਵੀ ਕਬੱਡੀ ਖੇਡਦਾ ਰਿਹਾ ਹੈ। 15 ਦਸੰਬਰ 2025 ਨੂੰ ਜਿਸ ਦਿਨ ਮੁਹਾਲੀ ਦੇ ਸੋਹਾਣਾ ਇਲਾਕੇ ਵਿਚ ਰਾਣਾ ਬਲਾਚੌਰੀਆ ਦਾ ਕਤਲ ਹੋਇਆ ਸੀ, ਇਹ ਵੀ ਉਥੇ ਮੌਜੂਦ ਸੀ। ਇਸ ਦੌਰਾਨ ਉਥੇ ਹੀ ਇਸਨੂੰ ਪਿਸਤੌਲ ਮਿਲਿਆ ਸੀ। ਪੁਲਿਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਪੜ੍ਹਤਾਲ ਕੀਤੀ ਜਾ ਰਹੀ ਹੈ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ